ਘੰਟਿਆਂਬੱਧੀ ਕੁਰਸੀ ’ਤੇ ਬੈਠਣਾ ਪੈ ਸਕਦਾ ਹੈ ਭਾਰੀ, ਖੜ੍ਹੇ ਹੋ ਕੇ ਕੰਮ ਕਰਨ ਨਾਲ ਘਟ ਸਕਦਾ ਹੈ ਸ਼ੂਗਰ ਦਾ ਖ਼ਤਰਾ
Saturday, May 09, 2026 - 11:05 PM (IST)
ਨਵੀਂ ਦਿੱਲੀ - ਦਫ਼ਤਰ ਵਿਚ ਲਗਾਤਾਰ ਘੰਟਿਆਂਬੱਧੀ ਕੁਰਸੀ ’ਤੇ ਬੈਠ ਕੇ ਕੰਮ ਕਰਨਾ ਹੁਣ ਸਿਰਫ਼ ਥਕਾਵਟ ਜਾਂ ਪਿੱਠ ਦਰਦ ਦਾ ਕਾਰਨ ਨਹੀਂ ਮੰਨਿਆ ਜਾ ਰਿਹਾ, ਸਗੋਂ ਇਹ ਸ਼ੂਗਰ ਵਰਗੀ ਗੰਭੀਰ ਬੀਮਾਰੀ ਦਾ ਵੱਡਾ ਕਾਰਨ ਵੀ ਬਣ ਸਕਦਾ ਹੈ। ਸਿਹਤ ਮਾਹਿਰਾਂ ਅਤੇ ਤਾਜ਼ਾ ਖੋਜਾਂ ਵਿਚ ਦਾਅਵਾ ਕੀਤਾ ਗਿਆ ਹੈ ਕਿ ਲੰਬੇ ਸਮੇਂ ਤੱਕ ਬੈਠੇ ਰਹਿਣ ਦੀ ਆਦਤ ਸਰੀਰ ਦੀ ਬਲੱਡ ਸ਼ੂਗਰ ਪ੍ਰਣਾਲੀ ਨੂੰ ਪ੍ਰਭਾਵਿਤ ਕਰਦੀ ਹੈ, ਜਦਕਿ ਵਿਚਾਲੇ-ਵਿਚਾਲੇ ਖੜ੍ਹੇ ਹੋ ਕੇ ਕੰਮ ਕਰਨਾ ਸਰੀਰ ਨੂੰ ਵਧੇਰੇ ਸਰਗਰਮ ਬਣਾਈ ਰੱਖਣ ਵਿਚ ਮਦਦ ਕਰਦਾ ਹੈ। ਮਾਹਿਰਾਂ ਅਨੁਸਾਰ ਅੱਜਕਲ ਵੱਡੀ ਗਿਣਤੀ ਵਿਚ ਲੋਕ 8 ਤੋਂ 10 ਘੰਟੇ ਤੱਕ ਕੰਪਿਊਟਰ ਸਕ੍ਰੀਨ ਦੇ ਸਾਹਮਣੇ ਬੈਠੇ ਰਹਿੰਦੇ ਹਨ। ਇਸ ਨਾਲ ਸਰੀਰ ਦੀ ਗਤੀਵਿਧੀ ਘੱਟ ਹੋ ਜਾਂਦੀ ਹੈ ਅਤੇ ਕੈਲੋਰੀ ਬਰਨ ਹੋਣ ਦੀ ਪ੍ਰਕਿਰਿਆ ਹੌਲੀ ਪੈਣ ਲੱਗਦੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਇਹੋ ਸਥਿਤੀ ਹੌਲੀ-ਹੌਲੀ ਮੋਟਾਪਾ, ਹਾਈ ਬਲੱਡ ਸ਼ੂਗਰ ਅਤੇ ਟਾਈਪ-2 ਡਾਇਬੀਟੀਜ਼ ਵਰਗੀਆਂ ਸਮੱਸਿਆਵਾਂ ਨੂੰ ਜਨਮ ਦਿੰਦੀ ਹੈ।
ਸਟੈਂਡਿੰਗ ਡੈਸਕ ਬਣਿਆ ਨਵਾਂ ਹੈਲਥ ਟ੍ਰੈਂਡ
ਦਫ਼ਤਰਾਂ ਵਿਚ ਹੁਣ ਸਟੈਂਡਿੰਗ ਡੈਸਕ ਦਾ ਰੁਝਾਨ ਤੇਜ਼ੀ ਨਾਲ ਵੱਧ ਰਿਹਾ ਹੈ। ਇਹ ਅਜਿਹੀ ਡੈਸਕ ਹੁੰਦੀ ਹੈ, ਜਿਸ ’ਤੇ ਵਿਅਕਤੀ ਖੜ੍ਹੇ ਹੋ ਕੇ ਵੀ ਆਰਾਮ ਨਾਲ ਕੰਮ ਕਰ ਸਕਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਕੰਮ ਦੌਰਾਨ ਕੁਝ ਸਮਾਂ ਖੜ੍ਹੇ ਰਹਿਣ ਨਾਲ ਸਰੀਰ ਦੀਆਂ ਮਾਸਪੇਸ਼ੀਆਂ ਸਰਗਰਮ ਰਹਿੰਦੀਆਂ ਹਨ ਅਤੇ ਖ਼ੂਨ ਦਾ ਦੌਰਾ ਬਿਹਤਰ ਹੁੰਦਾ ਹੈ। ਅਧਿਐਨ ਵਿਚ ਪਾਇਆ ਗਿਆ ਕਿ ਭੋਜਨ ਤੋਂ ਬਾਅਦ ਕੁਝ ਸਮੇਂ ਤੱਕ ਖੜ੍ਹੇ ਰਹਿਣ ਜਾਂ ਹਲਕੀ ਹਲਚਲ ਕਰਨ ਵਾਲੇ ਲੋਕਾਂ ਵਿਚ ਬਲੱਡ ਸ਼ੂਗਰ ਦਾ ਪੱਧਰ ਦੂਜਿਆਂ ਦੇ ਮੁਕਾਬਲੇ ਘੱਟ ਦੇਖਿਆ ਗਿਆ। ਡਾਕਟਰਾਂ ਦਾ ਕਹਿਣਾ ਹੈ ਕਿ ਲਗਾਤਾਰ ਬੈਠੇ ਰਹਿਣ ਦੀ ਤੁਲਨਾ ਵਿਚ ਖੜ੍ਹੇ ਹੋ ਕੇ ਕੰਮ ਕਰਨ ਨਾਲ ਸਰੀਰ ਇੰਸੁਲਿਨ ਦੀ ਬਿਹਤਰ ਵਰਤੋਂ ਕਰ ਪਾਉਂਦਾ ਹੈ।
ਪਿੱਠ ਦਰਦ ਅਤੇ ਥਕਾਵਟ ਵਿਚ ਵੀ ਰਾਹਤ
ਮਾਹਿਰਾਂ ਅਨੁਸਾਰ ਲੰਬੇ ਸਮੇਂ ਤੱਕ ਬੈਠਣ ਨਾਲ ਸਿਰਫ਼ ਸ਼ੂਗਰ ਦਾ ਖ਼ਤਰਾ ਹੀ ਨਹੀਂ ਵਧਦਾ, ਸਗੋਂ ਧੌਣ, ਕਮਰ ਅਤੇ ਪਿੱਠ ਦਰਦ ਦੀ ਸਮੱਸਿਆ ਵੀ ਤੇਜ਼ੀ ਨਾਲ ਵੱਧ ਰਹੀ ਹੈ। ਕਈ ਕਰਮਚਾਰੀਆਂ ਵਿਚ ਲਗਾਤਾਰ ਥਕਾਵਟ, ਤਣਾਅ ਅਤੇ ਸੁਸਤੀ ਦੀ ਸ਼ਿਕਾਇਤ ਵੀ ਦੇਖੀ ਜਾ ਰਹੀ ਹੈ। ਫਿਜ਼ੀਓਥੈਰੇਪਿਸਟ ਦੱਸਦੇ ਹਨ ਕਿ ਜੇ ਵਿਅਕਤੀ ਹਰ 30 ਤੋਂ 40 ਮਿੰਟ ਬਾਅਦ ਕੁਝ ਮਿੰਟਾਂ ਲਈ ਖੜ੍ਹਾ ਹੋ ਜਾਵੇ ਜਾਂ ਥੋੜ੍ਹਾ ਜਿਹਾ ਚੱਲ ਲਵੇ, ਤਾਂ ਸਰੀਰ ’ਤੇ ਪੈਣ ਵਾਲਾ ਦਬਾਅ ਘੱਟ ਹੋ ਸਕਦਾ ਹੈ। ਇਸ ਨਾਲ ਰੀੜ੍ਹ ਦੀ ਹੱਡੀ ਅਤੇ ਮਾਸਪੇਸ਼ੀਆਂ ਨੂੰ ਆਰਾਮ ਮਿਲਦਾ ਹੈ।
ਅਪਣਾਓ 50-50 ਦਾ ਨਿਯਮ
ਸਿਹਤ ਮਾਹਿਰ ਲੋਕਾਂ ਨੂੰ ‘50-50 ਨਿਯਮ’ ਅਪਣਾਉਣ ਦੀ ਸਲਾਹ ਦੇ ਰਹੇ ਹਨ। ਇਸ ਦਾ ਮਤਲਬ ਹੈ ਕਿ ਲੰਬੇ ਸਮੇਂ ਤੱਕ ਲਗਾਤਾਰ ਬੈਠਣ ਦੀ ਬਜਾਏ ਕੁਝ ਸਮਾਂ ਖੜ੍ਹੇ ਹੋ ਕੇ ਕੰਮ ਕੀਤਾ ਜਾਵੇ। ਜੇ ਸਟੈਂਡਿੰਗ ਡੈਸਕ ਉਪਲੱਬਧ ਨਹੀਂ ਹੈ, ਤਾਂ ਵੀ ਵਿਚਾਲੇ-ਵਿਚਾਲੇ ਉੱਠ ਕੇ ਟਹਿਲਣਾ, ਪੌੜੀਆਂ ਚੜ੍ਹਨਾ ਜਾਂ ਹਲਕੀ ਸਟ੍ਰੈਚਿੰਗ ਨੂੰ ਫਾਇਦੇਮੰਦ ਮੰਨਿਆ ਜਾ ਰਿਹਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਸਹੀ ਪੌਸਚਰ ਵਿਚ ਬੈਠਣਾ ਵੀ ਬੇਹੱਦ ਜ਼ਰੂਰੀ ਹੈ। ਕੰਪਿਊਟਰ ਸਕ੍ਰੀਨ ਅੱਖਾਂ ਦੇ ਬਰਾਬਰ ਹੋਣੀ ਚਾਹੀਦੀ ਹੈ ਅਤੇ ਕੁਰਸੀ ਅਜਿਹੀ ਹੋਵੇ ਜਿਸ ਨਾਲ ਰੀੜ੍ਹ ਦੀ ਹੱਡੀ ਸਿੱਧੀ ਰਹੇ।
ਨੌਜਵਾਨਾਂ ਵਿਚ ਵਧ ਰਹੀ ਚਿੰਤਾ
ਮਾਹਿਰਾਂ ਅਨੁਸਾਰ ਆਈ.ਟੀ., ਬੈਂਕਿੰਗ ਅਤੇ ਕਾਰਪੋਰੇਟ ਸੈਕਟਰ ਵਿਚ ਕੰਮ ਕਰਨ ਵਾਲੇ ਨੌਜਵਾਨਾਂ ਵਿਚ ਖਰਾਬ ਜੀਵਨ ਸ਼ੈਲੀ ਤੇਜ਼ੀ ਨਾਲ ਵਧ ਰਹੀ ਹੈ। ਵਰਕ ਫਰਾਮ ਹੋਮ ਅਤੇ ਮੋਬਾਈਲ-ਲੈਪਟਾਪ ’ਤੇ ਵਧਦੇ ਸਮੇਂ ਨੇ ਸਰੀਰਕ ਹਲਚਲ ਨੂੰ ਹੋਰ ਵੀ ਘੱਟ ਕਰ ਦਿੱਤਾ ਹੈ। ਇਹੀ ਕਾਰਨ ਹੈ ਕਿ ਘੱਟ ਉਮਰ ਵਿਚ ਹੀ ਬਲੱਡ ਪ੍ਰੈਸ਼ਰ, ਮੋਟਾਪਾ ਅਤੇ ਡਾਇਬੀਟੀਜ਼ ਵਰਗੀਆਂ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ।
ਛੋਟੀਆਂ ਆਦਤਾਂ ਬਣ ਸਕਦੀਆਂ ਹਨ ਵੱਡਾ ਸਹਾਰਾ
ਡਾਕਟਰਾਂ ਦਾ ਕਹਿਣਾ ਹੈ ਕਿ ਰੋਜ਼ਾਨਾ ਦੀਆਂ ਛੋਟੀਆਂ-ਛੋਟੀਆਂ ਆਦਤਾਂ ਵਿਚ ਬਦਲਾਅ ਕਰ ਕੇ ਕਈ ਗੰਭੀਰ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਕੰਮ ਦੇ ਦੌਰਾਨ ਵਿਚਾਲੇ-ਵਿਚਾਲੇ ਖੜ੍ਹੇ ਹੋਣਾ, ਰੋਜ਼ਾਨਾ ਕੁਝ ਦੇਰ ਪੈਦਲ ਚੱਲਣਾ, ਸੰਤੁਲਿਤ ਭੋਜਨ ਅਤੇ ਨਿਯਮਿਤ ਕਸਰਤ ਸਰੀਰ ਨੂੰ ਤੰਦਰੁਸਤ ਰੱਖਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਲੋਕ ਸਮਾਂ ਰਹਿੰਦੇ ਆਪਣੀ ਜੀਵਨ ਸ਼ੈਲੀ ਨਹੀਂ ਬਦਲਦੇ, ਤਾਂ ਆਉਣ ਵਾਲੇ ਸਾਲਾਂ ਵਿਚ ਜੀਵਨ ਸ਼ੈਲੀ ਨਾਲ ਜੁੜੀਆਂ ਬੀਮਾਰੀਆਂ ਹੋਰ ਤੇਜ਼ੀ ਨਾਲ ਵੱਧ ਸਕਦੀਆਂ ਹਨ।
