ਸਿਹਤ ਦਾ ਖ਼ਜ਼ਾਨਾ ਹੈ 'ਡਾਰਕ ਚਾਕਲੇਟ'! ਜਾਣੋ ਇਸ ਦੇ ਫਾਇਦੇ ਅਤੇ ਖਾਣ ਦਾ ਸਹੀ ਤਰੀਕਾ
Thursday, May 21, 2026 - 11:15 AM (IST)
ਹੈਲਥ ਡੈਸਕ - ਜਦੋਂ ਵੀ ਚਾਕਲੇਟ ਦਾ ਨਾਂ ਆਉਂਦਾ ਹੈ, ਤਾਂ ਅਕਸਰ ਲੋਕ ਇਸਨੂੰ ਮੋਟਾਪਾ ਵਧਾਉਣ ਵਾਲੀ ਜਾਂ ਦੰਦ ਖ਼ਰਾਬ ਕਰਨ ਵਾਲੀ ਚੀਜ਼ ਸਮਝ ਕੇ ਦੂਰੀ ਬਣਾ ਲੈਂਦੇ ਹਨ। ਪਰ ਜੇਕਰ ਗੱਲ ਡਾਰਕ ਚਾਕਲੇਟ ਦੀ ਕੀਤੀ ਜਾਵੇ, ਤਾਂ ਵਿਗਿਆਨੀਆਂ ਅਤੇ ਡਾਕਟਰਾਂ ਮੁਤਾਬਕ ਇਹ ਕੋਈ ਆਮ ਸਵੀਟ ਨਹੀਂ, ਸਗੋਂ ਸਿਹਤ ਦਾ ਖ਼ਜ਼ਾਨਾ ਹੈ!
ਹਾਲ ਹੀ 'ਚ ਹੋਈਆਂ ਕਈ ਖੋਜਾਂ ਤੋਂ ਸਾਹਮਣੇ ਆਇਆ ਹੈ ਕਿ ਜੇਕਰ ਸੀਮਤ ਮਾਤਰਾ 'ਚ ਡਾਰਕ ਚਾਕਲੇਟ ਖਾਧੀ ਜਾਵੇ, ਤਾਂ ਇਹ ਸਰੀਰ ਨੂੰ ਕਈ ਗੰਭੀਰ ਬਿਮਾਰੀਆਂ ਤੋਂ ਬਚਾ ਸਕਦੀ ਹੈ। ਆਓ ਜਾਣਦੇ ਹਾਂ ਡਾਰਕ ਚਾਕਲੇਟ ਖਾਣ ਦੇ ਉਹ ਬਿਹਤਰੀਨ ਫਾਇਦੇ, ਜਿਨ੍ਹਾਂ ਨੂੰ ਸੁਣ ਕੇ ਤੁਸੀਂ ਵੀ ਅੱਜ ਤੋਂ ਹੀ ਇਸਨੂੰ ਖਾਣਾ ਸ਼ੁਰੂ ਕਰ ਦੇਵੋਗੇ :-
ਮੂਡ ਨੂੰ ਇਕ ਮਿੰਟ 'ਚ ਬਣਾਵੇ ਖੁਸ਼ਗਵਾਰ
- ਜੇਕਰ ਤੁਸੀਂ ਆਫਿਸ ਦੇ ਕੰਮ ਕਾਰਨ ਜਾਂ ਕਿਸੇ ਹੋਰ ਵਜ੍ਹਾ ਕਰਕੇ ਮਾਨਸਿਕ ਤਣਾਅ 'ਚ ਹੋ, ਤਾਂ ਡਾਰਕ ਚਾਕਲੇਟ ਦਾ ਇਕ ਛੋਟਾ ਜਿਹਾ ਟੁਕੜਾ ਤੁਹਾਡੀ ਮਦਦ ਕਰ ਸਕਦਾ ਹੈ। ਇਸ ਨੂੰ ਖਾਣ ਨਾਲ ਦਿਮਾਗ 'ਚ ਐਂਡੋਰਫਿਨ ਅਤੇ ਸੇਰੋਟੋਨਿਨ ਨਾਮ ਦੇ 'ਹੈਪੀ ਹਾਰਮੋਨਸ' ਰਿਲੀਜ਼ ਹੁੰਦੇ ਹਨ, ਜੋ ਤਣਾਅ ਨੂੰ ਤੁਰੰਤ ਘਟਾ ਕੇ ਮੂਡ ਨੂੰ ਵਧੀਆ ਬਣਾਉਂਦੇ ਹਨ।
ਦਿਲ ਨੂੰ ਰੱਖੇ ਬਿਲਕੁਲ ਤੰਦਰੁਸਤ
- ਡਾਰਕ ਚਾਕਲੇਟ 'ਚ ਭਰਪੂਰ ਮਾਤਰਾ 'ਚ ਫਲੇਵੋਨੋਇਡਸ ਨਾਮਕ ਐਂਟੀ-ਆਕਸੀਡੈਂਟ ਪਾਏ ਜਾਂਦੇ ਹਨ। ਇਹ ਐਂਟੀ-ਆਕਸੀਡੈਂਟ ਸਰੀਰ 'ਚ ਖੂਨ ਦੇ ਦੌਰੇ ਨੂੰ ਸੁਧਾਰਦੇ ਹਨ ਅਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ 'ਚ ਰੱਖਦੇ ਹਨ। ਰਿਸਰਚ ਮੁਤਾਬਕ, ਹਫ਼ਤੇ 'ਚ 2-3 ਵਾਰ ਡਾਰਕ ਚਾਕਲੇਟ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਕਾਫ਼ੀ ਹੱਦ ਤੱਕ ਘੱਟ ਹੋ ਜਾਂਦਾ ਹੈ।
ਦਿਮਾਗ ਹੁੰਦਾ ਹੈ ਸੁਪਰ ਫਾਸਟ
- ਕੋਕੋ 'ਚ ਮੌਜੂਦ ਕੈਫੀਨ ਅਤੇ ਥੀਓਬ੍ਰੋਮਾਈਨ ਵਰਗੇ ਤੱਤ ਦਿਮਾਗ ਦੀ ਕਾਰਜਸ਼ੀਲਤਾ ਨੂੰ ਵਧਾਉਂਦੇ ਹਨ। ਇਸ ਦੇ ਸੇਵਨ ਨਾਲ ਯਾਦਾਸ਼ਤ ਮਜ਼ਬੂਤ ਹੁੰਦੀ ਹੈ ਅਤੇ ਲੰਬੇ ਸਮੇਂ ਤੱਕ ਕੰਮ 'ਤੇ ਫੋਕਸ ਕਰਨ 'ਚ ਮਦਦ ਮਿਲਦੀ ਹੈ।
ਮੜੀ 'ਤੇ ਲਿਆਵੇ ਕੁਦਰਤੀ ਗਲੋ
- ਡਾਰਕ ਚਾਕਲੇਟ 'ਚ ਮੌਜੂਦ ਐਂਟੀ-ਆਕਸੀਡੈਂਟ ਤੁਹਾਡੀ ਚਮੜੀ ਨੂੰ ਸੂਰਜ ਦੀਆਂ ਖ਼ਤਰਨਾਕ ਅਲਟਰਾਵਾਇਲਟ ਕਿਰਨਾਂ ਤੋਂ ਬਚਾਉਂਦੇ ਹਨ। ਇਹ ਚਮੜੀ 'ਚ ਖੂਨ ਦੇ ਵਹਾਅ ਨੂੰ ਵਧਾ ਕੇ ਝੁਰੜੀਆਂ ਨੂੰ ਘਟਾਉਂਦੀ ਹੈ, ਜਿਸ ਨਾਲ ਚਿਹਰਾ ਲੰਬੇ ਸਮੇਂ ਤੱਕ ਜਵਾਨ ਅਤੇ ਚਮਕਦਾਰ ਦਿਖਾਈ ਦਿੰਦਾ ਹੈ।
ਬੁਰੇ ਕੋਲੇਸਟ੍ਰੋਲ ਨੂੰ ਕਰੇ ਘੱਟ
- ਖੋਜਾਂ 'ਚ ਦੇਖਿਆ ਗਿਆ ਹੈ ਕਿ ਕੋਕੋ ਪਾਊਡਰ ਸਰੀਰ 'ਚੋਂ ਖ਼ਰਾਬ ਕੋਲੇਸਟ੍ਰੋਲ ਨੂੰ ਘਟਾਉਣ ਅਤੇ ਚੰਗੇ ਕੋਲੇਸਟ੍ਰੋਲ ਨੂੰ ਵਧਾਉਣ 'ਚ ਬਹੁਤ ਪ੍ਰਭਾਵਸ਼ਾਲੀ ਹੈ। ਇਹ ਨਾੜੀਆਂ 'ਚ ਫੈਟ ਨੂੰ ਜੰਮਣੋਂ ਰੋਕਦਾ ਹੈ।
ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ :-
ਸਿਰਫ਼ 'ਡਾਰਕ' ਚਾਕਲੇਟ
- ਆਮ ਮਿਲਕ ਚਾਕਲੇਟ 'ਚ ਖੰਡ ਬਹੁਤ ਜ਼ਿਆਦਾ ਹੁੰਦੀ ਹੈ, ਜੋ ਨੁਕਸਾਨਦੇਹ ਹੈ। ਫਾਇਦੇ ਲਈ ਸਿਰਫ਼ ਉਹੀ ਚਾਕਲੇਟ ਚੁਣੋ ਜਿਸ 'ਚ 70% ਜਾਂ ਇਸ ਤੋਂ ਵੱਧ ਕੋਕੋ ਹੋਵੇ।
ਮਾਤਰਾ ਦਾ ਰੱਖੋ ਧਿਆਨ
- ਇਸਦਾ ਮਤਲਬ ਇਹ ਨਹੀਂ ਕਿ ਤੁਸੀਂ ਪੂਰੀ ਚਾਕਲੇਟ ਇਕੋ ਦਿਨ ਖਾ ਜਾਓ। ਦਿਨ 'ਚ ਸਿਰਫ਼ 30 ਤੋਂ 60 ਗ੍ਰਾਮ (1-2 ਛੋਟੇ ਟੁਕੜੇ) ਖਾਣਾ ਹੀ ਸਿਹਤ ਲਈ ਕਾਫ਼ੀ ਹੈ।
