ਗਰਮੀਆਂ 'ਚ 'ਲੂ' ਅਤੇ ਬਿਮਾਰੀਆਂ ਦਾ ਕਾਲ ਹੈ ਕੱਚਾ ਪਿਆਜ਼, ਰੋਜ਼ਾਨਾ ਖਾਣ ਦੇ ਮਿਲਣਗੇ 5 ਵੱਡੇ ਫਾਇਦੇ
Tuesday, May 26, 2026 - 01:58 PM (IST)
ਹੈਲਥ ਡੈਸਕ - ਭਾਰਤੀ ਖਾਣੇ 'ਚ ਪਿਆਜ਼ ਦੀ ਵਰਤੋਂ ਤੜਕਾ ਲਗਾਉਣ ਲਈ ਸਭ ਤੋਂ ਜ਼ਿਆਦਾ ਕੀਤੀ ਜਾਂਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਪਕਾਏ ਹੋਏ ਪਿਆਜ਼ ਦੇ ਮੁਕਾਬਲੇ ਕੱਚਾ ਪਿਆਜ਼ ਖਾਣਾ ਸਾਡੀ ਸਿਹਤ ਲਈ ਕਿਤੇ ਜ਼ਿਆਦਾ ਫਾਇਦੇਮੰਦ ਹੁੰਦਾ ਹੈ? ਆਯੁਰਵੇਦ ਅਤੇ ਆਧੁਨਿਕ ਸਿਹਤ ਵਿਗਿਆਨ ਦੋਵਾਂ 'ਚ ਹੀ ਕੱਚੇ ਪਿਆਜ਼ ਨੂੰ ਗੁਣਾਂ ਦੀ ਖਾਣ ਮੰਨਿਆ ਗਿਆ ਹੈ।
ਸਿਹਤ ਮਾਹਿਰਾਂ ਮੁਤਾਬਕ ਪਿਆਜ਼ 'ਚ ਵਿਟਾਮਿਨ-ਸੀ, ਆਇਰਨ, ਪੋਟਾਸ਼ੀਅਮ, ਐਂਟੀ-ਆਕਸੀਡੈਂਟ ਅਤੇ ਸਲਫਰ ਵਰਗੇ ਕਈ ਜ਼ਰੂਰੀ ਤੱਤ ਪਾਏ ਜਾਂਦੇ ਹਨ। ਗਰਮੀਆਂ ਦੇ ਮੌਸਮ 'ਚ ਰੋਜ਼ਾਨਾ ਦੁਪਹਿਰ ਦੇ ਖਾਣੇ ਵਿੱਚ ਸਲਾਦ ਦੇ ਰੂਪ ਵਿੱਚ ਕੱਚਾ ਪਿਆਜ਼ ਖਾਣ ਨਾਲ ਸਰੀਰ ਕਈ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ।
ਕੱਚਾ ਪਿਆਜ਼ ਖਾਣ ਦੇ 5 ਮੁੱਖ ਫਾਇਦੇ :-
ਗਰਮੀ ਅਤੇ 'ਲੂ' ਤੋਂ ਬਚਾਅ
- ਗਰਮੀਆਂ ਦੇ ਮੌਸਮ 'ਚ ਕੱਚਾ ਪਿਆਜ਼ ਖਾਣਾ ਸਭ ਤੋਂ ਵੱਧ ਲਾਹੇਵੰਦ ਹੈ। ਇਸ ਦੀ ਤਾਸੀਰ ਠੰਢੀ ਹੁੰਦੀ ਹੈ। ਇਹ ਸਰੀਰ ਦੇ ਤਾਪਮਾਨ ਨੂੰ ਕੰਟਰੋਲ 'ਚ ਰੱਖਦਾ ਹੈ ਅਤੇ ਬਾਹਰ ਚੱਲਣ ਵਾਲੀ ਗਰਮ ਹਵਾ ਯਾਨੀ 'ਲੂ' ਲੱਗਣ ਦੇ ਖ਼ਤਰੇ ਨੂੰ ਬਿਲਕੁਲ ਖ਼ਤਮ ਕਰ ਦਿੰਦਾ ਹੈ।
ਪਾਚਨ ਤੰਤਰ ਨੂੰ ਕਰੇ ਮਜ਼ਬੂਤ
- ਕੱਚੇ ਪਿਆਜ਼ 'ਚ ਫਾਈਬਰ ਭਰਪੂਰ ਮਾਤਰਾ 'ਚ ਹੁੰਦਾ ਹੈ। ਇਹ ਪੇਟ ਨੂੰ ਸਾਫ਼ ਰੱਖਣ 'ਚ ਮਦਦ ਕਰਦਾ ਹੈ। ਰੋਜ਼ਾਨਾ ਕੱਚਾ ਪਿਆਜ਼ ਖਾਣ ਨਾਲ ਗੈਸ, ਬਦਹਜ਼ਮੀ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ।
ਇਮਿਊਨਿਟੀ (ਰੋਗ ਪ੍ਰਤੀਰੋਧਕ ਸਮੱਰਥਾ) ਵਧਾਏ
- ਪਿਆਜ਼ 'ਚ ਮੌਜੂਦ ਵਿਟਾਮਿਨ-ਸੀ ਅਤੇ ਐਂਟੀ-ਆਕਸੀਡੈਂਟ ਗੁਣ ਸਰੀਰ ਦੀ ਇਮਿਊਨਿਟੀ ਨੂੰ ਮਜ਼ਬੂਤ ਕਰਦੇ ਹਨ, ਜਿਸ ਨਾਲ ਸਰੀਰ ਛੋਟੇ-ਮੋਟੇ ਇਨਫੈਕਸ਼ਨਾਂ, ਸਰਦੀ-ਜ਼ੁਕਾਮ ਅਤੇ ਵਾਇਰਲ ਬਿਮਾਰੀਆਂ ਨਾਲ ਲੜਨ ਦੇ ਯੋਗ ਬਣਦਾ ਹੈ।
ਦਿਲ ਦੀ ਸਿਹਤ ਲਈ ਵਰਦਾਨ
- ਕੱਚੇ ਪਿਆਜ਼ 'ਚ ਮੌਜੂਦ 'ਕਰੋਮੀਅਮ' ਅਤੇ ਸਲਫਰ ਕੰਪਾਊਂਡ ਸਰੀਰ 'ਚ ਬੈਡ ਕੋਲੈਸਟ੍ਰੋਲ ਨੂੰ ਘਟਾਉਂਦੇ ਹਨ ਅਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ 'ਚ ਰੱਖਦੇ ਹਨ। ਇਸ ਨਾਲ ਦਿਲ ਦੇ ਦੌਰੇ ਦਾ ਖ਼ਤਰਾ ਕਾਫੀ ਹੱਦ ਤੱਕ ਘੱਟ ਹੋ ਜਾਂਦਾ ਹੈ।
ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ
- ਕਈ ਰਿਸਰਚਾਂ 'ਚ ਸਾਹਮਣੇ ਆਇਆ ਹੈ ਕਿ ਕੱਚਾ ਪਿਆਜ਼ ਖਾਣ ਨਾਲ ਸਰੀਰ 'ਚ ਇੰਸੁਲਿਨ ਦੀ ਮਾਤਰਾ ਵਧਦੀ ਹੈ, ਜੋ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਰੱਖਣ 'ਚ ਮਦਦਗਾਰ ਹੈ।
ਖ਼ਾਸ ਨੋਟ ਅਤੇ ਸਾਵਧਾਨੀ
- ਹਾਲਾਂਕਿ ਕੱਚਾ ਪਿਆਜ਼ ਬਹੁਤ ਗੁਣਕਾਰੀ ਹੈ, ਪਰ ਇਸ ਨੂੰ ਖਾਣ ਤੋਂ ਬਾਅਦ ਮੂੰਹ 'ਚੋਂ ਬਦਬੂ ਆਉਣ ਦੀ ਸਮੱਸਿਆ ਹੁੰਦੀ ਹੈ। ਇਸ ਤੋਂ ਬਚਣ ਲਈ ਪਿਆਜ਼ ਖਾਣ ਤੋਂ ਬਾਅਦ ਥੋੜ੍ਹੀ ਜਿਹੀ ਸੌਂਫ ਚਬਾਓ ਜਾਂ ਗੁੜ ਖਾ ਲਓ। ਨਾਲ ਹੀ, ਰਾਤ ਦੇ ਸਮੇਂ ਕੱਚਾ ਪਿਆਜ਼ ਖਾਣ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਪਾਚਨ ਕਿਰਿਆ ਸੁਸਤ ਹੋ ਸਕਦੀ ਹੈ।
