ਖਾਣਾ ਖਾਂਦਿਆਂ ਹੀ ਟੁੱਟਣ ਲੱਗਦਾ ਹੈ ਸਰੀਰ ? ਜਾਣੋ ਆਖ਼ਿਰ Lunch ਤੋਂ ਬਾਅਦ ਕਿਉਂ ਆਉਂਦੀ ਹੈ ਨੀਂਦ
Thursday, May 21, 2026 - 10:53 AM (IST)
ਹੈਲਥ ਡੈਸਕ - ਕੀ ਤੁਹਾਡੇ ਨਾਲ ਵੀ ਅਜਿਹਾ ਹੁੰਦਾ ਹੈ ਕਿ ਦੁਪਹਿਰ ਦੀ ਰੋਟੀ ਖਾਂਦੇ ਹੀ ਅੱਖਾਂ ਲੱਗਣ ਲੱਗਦੀਆਂ ਹਨ? ਕੰਮ ਕਰਨ ਦਾ ਮਨ ਬਿਲਕੁਲ ਨਹੀਂ ਕਰਦਾ ਅਤੇ ਦਿਲ ਕਰਦਾ ਹੈ ਕਿ ਬੱਸ ਸਭ ਕੁਝ ਛੱਡ ਕੇ ਥੋੜ੍ਹੀ ਦੇਰ ਸੌਂ ਜਾਈਏ? ਜੇਕਰ ਹਾਂ, ਤਾਂ ਤੁਸੀਂ ਇਕੱਲੇ ਨਹੀਂ ਹੋ। ਦੁਨੀਆ ਦੇ ਲਗਭਗ 80% ਲੋਕ ਇਸ ਸਮੱਸਿਆ ਨਾਲ ਜੂਝਦੇ ਹਨ। ਆਮ ਭਾਸ਼ਾ 'ਚ ਇਸਨੂੰ 'ਸੁਸਤੀ' ਕਿਹਾ ਜਾਂਦਾ ਹੈ, ਪਰ ਮੈਡੀਕਲ ਸਾਇੰਸ 'ਚ ਇਸਦੇ ਪਿੱਛੇ ਬਹੁਤ ਹੀ ਦਿਲਚਸਪ ਕਾਰਨ ਹਨ, ਜਿਨ੍ਹਾਂ ਨੂੰ 'ਫੂਡ ਕੋਮਾ' ਕਿਹਾ ਜਾਂਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਆਖਰ ਖਾਣਾ ਖਾਣ ਤੋਂ ਬਾਅਦ ਸਾਡਾ ਸਰੀਰ ਬਿਸਤਰ ਵੱਲ ਕਿਉਂ ਭੱਜਦਾ ਹੈ।
ਸਾਰਾ ਖੂਨ ਪੇਟ ਵੱਲ ਦੌੜਨ ਲੱਗਦੈ
ਜਿਵੇਂ ਹੀ ਅਸੀਂ ਭਰਪੇਟ ਖਾਣਾ ਖਾਂਦੇ ਹਾਂ, ਸਾਡੀ ਪਾਚਨ ਪ੍ਰਣਾਲੀ ਐਕਟਿਵ ਹੋ ਜਾਂਦੀ ਹੈ। ਭੋਜਨ ਨੂੰ ਪਚਾਉਣ ਲਈ ਢਿੱਡ ਨੂੰ ਬਹੁਤ ਜ਼ਿਆਦਾ ਊਰਜਾ ਅਤੇ ਖੂਨ ਦੀ ਲੋੜ ਹੁੰਦੀ ਹੈ। ਅਜਿਹੇ 'ਚ, ਸਰੀਰ ਦੇ ਬਾਕੀ ਹਿੱਸਿਆਂ ਅਤੇ ਦਿਮਾਗ ਵੱਲ ਜਾਣ ਵਾਲਾ ਖੂਨ ਦਾ ਵਹਾਅ ਥੋੜਾ ਘੱਟ ਹੋ ਜਾਂਦਾ ਹੈ ਅਤੇ ਪੇਟ ਵੱਲ ਵਧ ਜਾਂਦਾ ਹੈ। ਦਿਮਾਗ ਨੂੰ ਆਰਾਮ ਮਿਲਣ ਕਾਰਨ ਸਾਨੂੰ ਸੁਸਤੀ ਆਉਣ ਲੱਗਦੀ ਹੈ।
ਦਿਮਾਗ 'ਚ ਬਣਦੇ ਹਨ 'ਨੀਂਦ ਵਾਲੇ ਹਾਰਮੋਨਸ'
ਜਦੋਂ ਅਸੀਂ ਖਾਣੇ 'ਚ ਕਾਰਬੋਹਾਈਡ੍ਰੇਟਸ (ਜਿਵੇਂ ਚੌਲ, ਰੋਟੀ, ਆਲੂ) ਜਾਂ ਪ੍ਰੋਟੀਨ ਲੈਂਦੇ ਹਾਂ, ਤਾਂ ਸਰੀਰ 'ਚ ਸੇਰੋਟੋਨਿਨ ਅਤੇ ਮੇਲਾਟੋਨਿਨ ਨਾਮ ਦੇ ਕੈਮੀਕਲਸ ਰਿਲੀਜ਼ ਹੁੰਦੇ ਹਨ। ਵਿਗਿਆਨ ਦੀ ਭਾਸ਼ਾ 'ਚ ਇਨ੍ਹਾਂ ਨੂੰ 'ਹੈਪੀ ਅਤੇ ਰਿਲੈਕਸਿੰਗ ਹਾਰਮੋਨਸ' ਕਿਹਾ ਜਾਂਦਾ ਹੈ। ਇਹ ਹਾਰਮੋਨਸ ਸਰੀਰ ਨੂੰ ਸ਼ਾਂਤ ਕਰਦੇ ਹਨ, ਜਿਸ ਨਾਲ ਅੱਖਾਂ ਆਪਣੇ ਆਪ ਬੰਦ ਹੋਣ ਲੱਗਦੀਆਂ ਹਨ।
'ਸ਼ੂਗਰ ਕਰੈਸ਼' ਹੋਣਾ
ਜਦੋਂ ਅਸੀਂ ਬਹੁਤ ਜ਼ਿਆਦਾ ਮਿੱਠਾ, ਫਾਸਟ ਫੂਡ ਜਾਂ ਹੈਵੀ ਖਾਣਾ ਖਾਂਦੇ ਹਾਂ, ਤਾਂ ਸਾਡੇ ਖੂਨ 'ਚ ਗਲੂਕੋਜ਼ ਦਾ ਪੱਧਰ ਅਚਾਨਕ ਬਹੁਤ ਉੱਪਰ ਚਲਾ ਜਾਂਦਾ ਹੈ। ਇਸ ਨੂੰ ਪਚਾਉਣ ਲਈ ਸਰੀਰ 'ਇੰਸੁਲਿਨ' ਬਣਾਉਂਦਾ ਹੈ। ਜਦੋਂ ਇੰਸੁਲਿਨ ਆਪਣਾ ਕੰਮ ਕਰਕੇ ਹਟਦਾ ਹੈ, ਤਾਂ ਐਨਰਜੀ ਲੈਵਲ ਅਚਾਨਕ ਥੱਲੇ ਡਿੱਗਦਾ ਹੈ, ਜਿਸ ਨੂੰ ਸ਼ੂਗਰ ਕਰੈਸ਼ ਕਹਿੰਦੇ ਹਨ। ਇਸ ਕਾਰਨ ਭਿਆਨਕ ਥਕਾਵਟ ਮਹਿਸੂਸ ਹੁੰਦੀ ਹੈ।
ਆਫਿਸ ਜਾਂ ਕੰਮ ਦੌਰਾਨ ਸੁਸਤੀ ਤੋਂ ਬਚਣ ਦੇ 4 ਸੁਪਰ ਟਿਪਸ:
Heavy Lunch ਤੋਂ ਬਚੋ
- ਦੁਪਹਿਰ ਵੇਲੇ ਇਕੋ ਵਾਰ ਥਾਲੀ ਭਰ ਕੇ ਖਾਣ ਦੀ ਬਜਾਏ, ਥੋੜਾ-ਥੋੜਾ ਕਰਕੇ ਖਾਓ।
ਚੌਲ ਅਤੇ ਮੈਦੇ ਨੂੰ ਕਹੋ 'ਨਾ'
- ਦੁਪਹਿਰ ਦੇ ਖਾਣੇ 'ਚ ਚੌਲ ਜਾਂ ਫਾਸਟ ਫੂਡ ਦੀ ਮਾਤਰਾ ਘਟਾਓ। ਇਸਦੀ ਜਗ੍ਹਾ ਸਲਾਦ, ਦਹੀਂ, ਦਾਲਾਂ ਅਤੇ ਹਰੀਆਂ ਸਬਜ਼ੀਆਂ ਸ਼ਾਮਲ ਕਰੋ।
10 ਮਿੰਟ ਦੀ 'ਵਜਰਾਸਨ' ਜਾਂ ਵਾਕ
- ਖਾਣਾ ਖਾਂਦੇ ਹੀ ਕੁਰਸੀ 'ਤੇ ਨਾ ਬੈਠੋ। 10 ਮਿੰਟ ਹਲਕੀ ਸੈਰ ਕਰੋ ਜਾਂ ਵਜਰਾਸਨ 'ਚ ਬੈਠੋ, ਇਸ ਨਾਲ ਪਾਚਨ ਠੀਕ ਹੁੰਦਾ ਹੈ।
ਪਾਣੀ ਦੀ ਕਮੀ ਨਾ ਹੋਣ ਦਿਓ
- ਕਈ ਵਾਰ ਸਰੀਰ 'ਚ ਪਾਣੀ ਦੀ ਕਮੀ ਕਾਰਨ ਵੀ ਜ਼ਿਆਦਾ ਸੁਸਤੀ ਪੈਂਦੀ ਹੈ, ਇਸ ਲਈ ਦਿਨ ਭਰ ਪਾਣੀ ਪੀਂਦੇ ਰਹੋ।
ਕੀ ਇਹ ਕਿਸੇ ਬਿਮਾਰੀ ਦਾ ਸੰਕੇਤ ਹੈ?
ਜੇਕਰ ਤੁਹਾਨੂੰ ਬਹੁਤ ਹਲਕਾ ਖਾਣਾ ਖਾਣ ਤੋਂ ਬਾਅਦ ਵੀ ਹਰ ਰੋਜ਼ ਬਹੁਤ ਜ਼ਿਆਦਾ ਨੀਂਦ ਆਉਂਦੀ ਹੈ ਅਤੇ ਸਰੀਰ ਹਮੇਸ਼ਾ ਥੱਕਿਆ ਰਹਿੰਦਾ ਹੈ, ਤਾਂ ਇਹ ਡਾਇਬੀਟੀਜ਼ (ਸ਼ੂਗਰ), ਥਾਇਰਾਇਡ ਜਾਂ ਨਿਊਟ੍ਰੀਐਂਟਸ ਦੀ ਕਮੀ ਦਾ ਸੰਕੇਤ ਹੋ ਸਕਦਾ ਹੈ। ਅਜਿਹੀ ਸਥਿਤੀ 'ਚ ਇਕ ਵਾਰ ਡਾਕਟਰ ਦੀ ਸਲਾਹ ਜ਼ਰੂਰ ਲਓ।
