ਗਰਮੀਆਂ 'ਚ ਲੀਚੀ ਖਾਣ ਵਾਲੇ ਹੋ ਜਾਣ ਸਾਵਧਾਨ! ਜ਼ਿਆਦਾ ਸੇਵਨ ਨਾਲ ਹੋ ਸਕਦੇ ਹਨ ਇਹ ਵੱਡੇ ਨੁਕਸਾਨ
Tuesday, May 26, 2026 - 02:27 PM (IST)
ਹੈਲਥ ਡੈਸਕ - ਗਰਮੀ ਦਾ ਮੌਸਮ ਆਉਂਦੇ ਹੀ ਬਾਜ਼ਾਰ 'ਚ ਰਸੀਲੀ ਅਤੇ ਸਵਾਦੀ 'ਲੀਚੀ' ਦੀ ਮੰਗ ਬਹੁਤ ਵਧ ਜਾਂਦੀ ਹੈ। ਲੀਚੀ 'ਚ ਵਿਟਾਮਿਨ-ਸੀ, ਪੋਟਾਸ਼ੀਅਮ ਅਤੇ ਪਾਣੀ ਭਰਪੂਰ ਮਾਤਰਾ 'ਚ ਹੁੰਦਾ ਹੈ, ਜੋ ਸਰੀਰ ਨੂੰ ਹਾਈਡ੍ਰੇਟ ਰੱਖਣ 'ਚ ਮਦਦ ਕਰਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਹੱਦ ਤੋਂ ਜ਼ਿਆਦਾ ਲੀਚੀ ਖਾਣਾ ਤੁਹਾਡੀ ਸਿਹਤ ਲਈ 'ਜ਼ਹਿਰ' ਸਾਬਤ ਹੋ ਸਕਦਾ ਹੈ?
ਸਿਹਤ ਮਾਹਿਰਾਂ ਮੁਤਾਬਕ ਲੀਚੀ ਦਾ ਲੋੜ ਤੋਂ ਵੱਧ ਸੇਵਨ ਜਾਂ ਖਾਲੀ ਪੇਟ ਲੀਚੀ ਖਾਣਾ ਸਰੀਰ ਨੂੰ ਕਈ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਬਣਾ ਸਕਦਾ ਹੈ। ਆਓ ਜਾਣਦੇ ਹਾਂ ਲੀਚੀ ਖਾਣ ਨਾਲ ਹੋਣ ਵਾਲੇ ਮੁੱਖ ਨੁਕਸਾਨਾਂ ਬਾਰੇ :-
ਲੀਚੀ ਖਾਣ ਦੇ 4 ਵੱਡੇ ਨੁਕਸਾਨ :-
ਬਲੱਡ ਸ਼ੂਗਰ ਲੈਵਲ ਅਚਾਨਕ ਡਿੱਗਣਾ
- ਲੀਚੀ 'ਚ 'ਹਾਈਪੋਗਲਾਈਸਿਨ-ਏ' ਨਾਮ ਦਾ ਇਕ ਕੁਦਰਤੀ ਟੌਕਸਿਨ (ਜ਼ਹਿਰੀਲਾ ਤੱਤ) ਹੁੰਦਾ ਹੈ। ਜੇਕਰ ਕੋਈ ਖਾਲੀ ਪੇਟ ਬਹੁਤ ਜ਼ਿਆਦਾ ਲੀਚੀ ਖਾ ਲੈਂਦਾ ਹੈ, ਤਾਂ ਸਰੀਰ 'ਚ ਬਲੱਡ ਸ਼ੂਗਰ ਦਾ ਪੱਧਰ ਖ਼ਤਰਨਾਕ ਹੱਦ ਤੱਕ ਹੇਠਾਂ ਡਿੱਗ ਜਾਂਦਾ ਹੈ, ਜਿਸ ਨਾਲ ਚੱਕਰ ਆਉਣੇ ਜਾਂ ਬੇਹੋਸ਼ੀ ਹੋ ਸਕਦੀ ਹੈ। ਕੋਸ਼ਿਸ਼ ਕਰੋ ਕਿ ਬੱਚਿਆਂ ਨੂੰ ਕਦੇ ਵੀ ਖਾਲੀ ਪੇਟ ਲੀਚੀ ਨਾ ਦਿਓ।
ਮੋਟਾਪਾ ਅਤੇ ਹਾਈ ਸ਼ੂਗਰ ਦੀ ਸਮੱਸਿਆ
- ਲੀਚੀ 'ਚ ਕੁਦਰਤੀ ਸ਼ੂਗਰ ਬਹੁਤ ਜ਼ਿਆਦਾ ਹੁੰਦੀ ਹੈ। ਜੋ ਲੋਕ ਪਹਿਲਾਂ ਹੀ ਸ਼ੂਗਰ ਦੇ ਮਰੀਜ਼ ਹਨ, ਉਨ੍ਹਾਂ ਲਈ ਜ਼ਿਆਦਾ ਲੀਚੀ ਖਾਣਾ ਖ਼ਤਰਨਾਕ ਹੈ, ਕਿਉਂਕਿ ਇਸ ਨਾਲ ਸ਼ੂਗਰ ਲੈਵਲ ਅਚਾਨਕ ਵਧ ਵੀ ਸਕਦਾ ਹੈ। ਨਾਲ ਹੀ ਇਸ ਨਾਲ ਵਜ਼ਨ ਵੀ ਤੇਜ਼ੀ ਨਾਲ ਵਧਦਾ ਹੈ।
ਪੇਟ ਦੀਆਂ ਸਮੱਸਿਆਵਾਂ
- ਲੀਚੀ ਦੀ ਤਾਸੀਰ ਗਰਮ ਹੁੰਦੀ ਹੈ। ਇਸ ਨੂੰ ਜ਼ਿਆਦਾ ਮਾਤਰਾ 'ਚ ਖਾਣ ਨਾਲ ਪੇਟ 'ਚ ਗਰਮੀ ਹੋ ਸਕਦੀ ਹੈ, ਜਿਸ ਨਾਲ ਡਾਇਰੀਆ (ਦਸਤ), ਉਲਟੀ, ਗੈਸ ਅਤੇ ਪੇਟ ਦਰਦ ਵਰਗੀਆਂ ਸਮੱਸਿਆਵਾਂ ਸਾਹਮਣੇ ਆ ਸਕਦੀਆਂ ਹਨ।
ਐਲਰਜੀ ਅਤੇ ਸਕਿਨ ਰੈਸ਼ੇਜ਼
- ਕਈ ਲੋਕਾਂ ਨੂੰ ਲੀਚੀ ਖਾਣ ਨਾਲ ਐਲਰਜੀ ਹੁੰਦੀ ਹੈ। ਇਸ ਦੇ ਜ਼ਿਆਦਾ ਸੇਵਨ ਨਾਲ ਚਿਹਰੇ ਜਾਂ ਸਰੀਰ 'ਤੇ ਲਾਲ ਧੱਬੇ, ਖੁਜਲੀ ਅਤੇ ਸਾਹ ਲੈਣ 'ਚ ਤਕਲੀਫ਼ ਵਰਗੀਆਂ ਦਿੱਕਤਾਂ ਆ ਸਕਦੀਆਂ ਹਨ।
ਲੀਚੀ ਖਾਣ ਵੇਲੇ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ :-
ਕਦੇ ਵੀ ਖਾਲੀ ਪੇਟ ਨਾ ਖਾਓ
- ਹਮੇਸ਼ਾ ਕੁਝ ਖਾਣ ਤੋਂ ਬਾਅਦ ਹੀ ਲੀਚੀ ਦਾ ਸੇਵਨ ਕਰੋ।
ਮਾਤਰਾ ਤੈਅ ਕਰੋ
- ਇਕ ਸਿਹਤਮੰਦ ਇਨਸਾਨ ਨੂੰ ਦਿਨ ਵਿੱਚ 8 ਤੋਂ 10 ਤੋਂ ਜ਼ਿਆਦਾ ਲੀਚੀਆਂ ਨਹੀਂ ਖਾਣੀਆਂ ਚਾਹੀਦੀਆਂ।
ਕੱਚੀ ਲੀਚੀ ਤੋਂ ਬਚੋ
-ਹਮੇਸ਼ਾ ਚੰਗੀ ਤਰ੍ਹਾਂ ਪੱਕੀ ਹੋਈ ਲੀਚੀ ਹੀ ਖਾਓ, ਕੱਚੀ ਜਾਂ ਹਰੇ ਰੰਗ ਦੀ ਲੀਚੀ 'ਚ ਟੌਕਸਿਨ ਜ਼ਿਆਦਾ ਹੁੰਦੇ ਹਨ।
