ਕੀ ਚਾਹੁੰਦੇ ਹਨ ਚਿਦਾਂਬਰਮ, ਅੱਤਵਾਦ ਚੱਲਦਾ ਰਹੇ ਅਤੇ ਅਸੀਂ ਗੱਲਬਾਤ ਕਰੀਏ : ਸੀਤਾਰਮਨ

04/23/2019 2:13:43 AM

ਨਵੀਂ ਦਿੱਲੀ– ਭਾਜਪਾ ਨੇ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਗ੍ਰਹਿ ਮੰਤਰੀ ਪੀ. ਚਿਦਾਂਬਰਮ ਦੇ ਪਾਕਿਸਤਾਨ ਨਾਲ ਭਾਰਤ ਦੇ ਵਤੀਰੇ ਦੀ ਤਬਦੀਲੀ ਦੇ ਸੁਝਾਅ ’ਤੇ ਸੋਮਵਾਰ ਨੂੰ ਮੋੜਵਾਂ ਵਾਰ ਕੀਤਾ। ਨਾਲ ਹੀ ਕਿਹਾ ਕਿ ਪਾਰਟੀ ਐਲਾਨ ਪੱਤਰ ਵਿਚ ਅੱਤਵਾਦ ਨੂੰ ਲੈ ਕੇ ਨਰਮ ਰੁਖ਼ ਅਪਣਾਉਣ ਦੀ ਗਲਤੀ ਨੂੰ ਕਾਂਗਰਸ ਸੁਧਾਰਨ ਦੀ ਬਜਾਏ ਵਧਾਉਣ ਵਿਚ ਲੱਗੀ ਹੋਈ ਹੈ।

ਭਾਜਪਾ ਦੀ ਸੀਨੀਅਰ ਆਗੂ ਅਤੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਭਾਜਪਾ ਹੈੱਡਕੁਆਰਟਰ ਵਿਚ ਕਿਹਾ ਕਿ ਚਿਦਾਂਬਰਮ ਨੇ ਪਾਕਿਸਤਾਨ ਬਾਰੇ ਭਾਰਤ ਦੇ ਰੁਖ਼ ਵਿਚ ਤਬਦੀਲੀ ਲਿਆਉਣ ਦੀ ਗੱਲ ਕਹੀ ਹੈ। ਚਿਦਾਂਬਰਮ ਨੇ ਕਿਹਾ ਹੈ ਕਿ ਜੇਕਰ ਪਾਕਿਸਤਾਨ ਦੇ ਵਤੀਰੇ ਵਿਚ ਤਬਦੀਲੀ ਲਿਆਉਣਾ ਚਾਹੁੰਦੇ ਹਾਂ ਤਾਂ ਸਾਨੂੰ ਵੀ ਵਤੀਰਾ ਬਦਲਣਾ ਚਾਹੀਦਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੀਤਾਰਮਨ ਨੇ ਸਵਾਲ ਕੀਤਾ ਕਿ ਚਿਦਾਂਬਰਮ ਆਖਿਰ ਕਿਹੜੀ ਤਬਦੀਲੀ ਚਾਹੁੰਦੇ ਹਨ। ਕੀ ਉਹ ਚਾਹੁੰਦੇ ਹਨ ਕਿ ਭਾਰਤ ਅੱਤਵਾਦ ’ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਬੰਦ ਕਰ ਦੇਵੇ? ਕੀ ਉਹ ਚਾਹੁੰਦੇ ਹਨ ਕਿ ਅਸੀਂ ਜੰਮੂ-ਕਸਮੀਰ ਨੂੰ ਅਸੀਂ ਇਕ ਝਗੜੇ ਵਾਲਾ ਇਲਾਕਾ ਮੰਨੀਏ ਤੇ ਉਸ ’ਤੇ ਆਪਣਾ ਦਾਅਵਾ ਛੱਡ ਦੇਈਏ? ਕੀ ਉਹ ਚਾਹੁੰਦੇ ਹਨ ਕਿ ਅਸੀਂ ਅੱਤਵਾਦ ਨੂੰ ਫੈਲਾਉਣ ਵਾਲੇ ਅਤੇ ਅੱਤਵਾਦ ਪੀੜਤਾਂ ਨਾਲ ਇਕੋ ਜਿਹਾ ਸਲੂਕ ਕਰੀਏ? ਕੀ ਉਹ ਚਾਹੁੰਦੇ ਹਨ ਕਿ ਅੱਤਵਾਦ ਚੱਲਦਾ ਰਹੇ ਅਤੇ ਅਸੀਂ ਗੱਲਬਾਤ ਸ਼ੁਰੂ ਕਰ ਦੇਈਏ? ਉਨ੍ਹਾਂ ਕਿਹਾ ਕਿ ਕਾਂਗਰਸ ਹਥਿਆਰਬੰਦ ਬਲ ਵਿਸ਼ੇਸ਼ ਅਧਿਕਾਰ ਕਾਨੂੰਨ (ਅਫਸਪਾ) ਨੂੰ ਕਮਜ਼ੋਰ ਕਰਨ ਸਣੇ ਅੱਤਵਾਦ ’ਤੇ ਹਰ ਤਰ੍ਹਾਂ ਦੀ ਨਰਮੀ ਦਾ ਵਾਅਦਾ ਕੀਤਾ ਹੈ, ਜਦਕਿ ਕਾਂਗਰਸ ਦੇ ਐਲਾਨ ਪੱਤਰ ਨੂੰ ਲੋਕਾਂ ਦਾ ਸਮਰਥਨ ਨਹੀਂ ਮਿਲਿਆ। ਉਸ ਨੂੰ ਠੀਕ ਕਰਨ ਦੀ ਬਜਾਏ ਗ੍ਰਹਿ ਮੰਤਰੀ ਭਾਰਤ ਦੇ ਰੁਖ਼ ਵਿਚ ਤਬਦੀਲੀ ਦੀ ਗੱਲ ਕਰ ਰਹੇ ਹਨ।


Inder Prajapati

Content Editor

Related News