ਮਾਲੀਵਾਲ ਮਾਮਲੇ ''ਤੇ ਬੋਲਣ ਦੀ ਬਜਾਏ ਦੋਸ਼ੀ ਨਾਲ ''ਬੇਸ਼ਰਮੀ'' ਨਾਲ ਘੁੰਮ ਰਹੇ ਹਨ ਕੇਜਰੀਵਾਲ : ਸੀਤਾਰਮਨ
Friday, May 17, 2024 - 02:01 PM (IST)
ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਨੇ ਆਮ ਆਦਮੀ ਪਾਰਟੀ (ਆਪ) ਦੀ ਸੰਸਦ ਮੈਂਬਰ ਸਵਾਤੀ ਮਾਲੀਵਾਲ 'ਤੇ ਹਮਲੇ ਦੇ ਮੁੱਦੇ 'ਤੇ ਨਹੀਂ ਬੋਲਣ ਲਈ ਸ਼ੁੱਕਰਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਆਲੋਚਨਾ ਕੀਤੀ। ਸੀਤਾਰਮਨ ਨੇ ਕਿਹਾ ਕਿ ਉਹ ਦੋਸ਼ੀ ਬਿਭਵ ਕੁਮਾਰ ਨਾਲ 'ਬੇਸ਼ਰਮੀ' ਨਾਲ ਘੁੰਮ ਰਹੇ ਹਨ। ਇੱਥੇ ਭਾਜਪਾ ਹੈੱਡ ਕੁਆਰਟਰ 'ਚ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਸੀਤਾਰਮਨ ਨੇ ਮੰਗ ਕੀਤੀ ਕਿ 'ਆਪ' ਕਨਵੀਨਰ ਇਸ ਮੁੱਦੇ 'ਤੇ ਆਪਣੀ ਚੁੱਪੀ ਤੋੜਨ ਅਤੇ ਮੁਆਫ਼ੀ ਮੰਗਣ। ਭਾਜਪਾ ਦੀ ਸੀਨੀਅਰ ਨੇਤਾ ਨੇ ਨਵੀਂ ਦਿੱਲੀ ਲੋਕ ਸਭਾ ਸੀਟ ਤੋਂ ਉਮੀਦਵਾਰ ਸੋਮਨਾਥ ਭਾਰਤੀ ਸਮੇਤ 'ਆਪ' ਦੇ ਕਈ ਨੇਤਾਵਾਂ ਖ਼ਿਲਾਫ਼ ਹਮਲੇ ਦੇ ਪਹਿਲੇ ਦੇ ਦੋਸ਼ਾਂ ਦਾ ਜ਼ਿਕਰ ਕਰਦੇ ਹੋਏ ਦਾਅਵਾ ਕੀਤਾ ਕਿ ਦਿੱਲੀ ਦੀ ਸੱਤਾਧਾਰੀ ਪਾਰਟੀ ਇਕ ਮਹਿਲਾ ਵਿਰੋਧੀ ਪਾਰਟੀ ਹੈ।
ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਵਿੱਤ ਮੰਤਰੀ ਨੇ ਕਿਹਾ ਕਿ ਗਾਂਧੀ ਪਰਿਵਾਰ ਦੇ ਮੈਂਬਰ ਭਾਰਤੀ ਨੂੰ ਵੋਟ ਦੇਣਗੇ, ਜਿਨ੍ਹਾਂ 'ਤੇ ਆਪਣੀ ਗਰਭਵਤੀ ਪਤਨੀ 'ਤੇ ਹਮਲਾ ਕਰਨ ਦਾ ਦੋਸ਼ ਹੈ। ਉਨ੍ਹਾਂ ਕਿਹਾ ਕਿ 'ਆਪ' ਸੰਸਦ ਮੈਂਬਰ ਸੰਜੇ ਸਿੰਘ ਵਲੋ ਮਾਲੀਵਾਲ ਮਾਮਲੇ 'ਚ ਕਾਰਵਾਈ ਦਾ ਵਾਅਦਾ ਕਰਨ ਦੇ ਇਕ ਦਿਨ ਬਾਅਦ ਦੋਸ਼ੀ ਬਿਭਵ ਕੁਮਾਰ ਨੂੰ ਕੇਜਰੀਵਾਲ ਨਾਲ ਲਖਨਊ 'ਚ ਦੇਖਿਆ ਗਿਆ। ਉਨ੍ਹਾਂ ਕਿਹਾ ਕਿ ਇਹ ਅਸਵੀਕਾਰਯੋਗ ਹੈ ਕਿ ਕੇਜਰੀਵਾਲ ਨੇ ਆਪਣੀ ਪਾਰਟੀ ਦੀ ਮਹਿਲਾ ਸੰਸਦ ਮੈਂਬਰ 'ਤੇ ਹਮਲੇ 'ਤੇ ਇਕ ਸ਼ਬਦ ਵੀ ਨਹੀਂ ਬੋਲਿਆ ਹੈ। ਮਾਲੀਵਾਲ ਨੇ ਸੋਮਵਾਰ ਨੂੰ ਦੋਸ਼ ਲਗਾਇਆ ਹੈ ਕਿ ਮੁੱਖ ਮੰਤਰੀ ਦੇ ਅਧਿਕਾਰਤ ਘਰ 'ਤੇ ਕੇਜਰੀਵਾਲ ਦੇ ਨਿੱਜੀ ਸਟਾਫ਼ ਦੇ ਇਕ ਮੈਂਬਰ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ। ਦਿੱਲੀ ਪੁਲਸ ਨੇ ਵੀਰਵਾਰ ਨੂੰ ਇਸ ਮਾਮਲੇ 'ਚ ਐੱਫ.ਆਈ.ਆਰ. ਦਰਜ ਕੀਤੀ ਅਤੇ ਕੁਮਾਰ ਨੂੰ ਮਾਮਲੇ 'ਚ ਦੋਸ਼ੀ ਵਜੋਂ ਨਾਮਜ਼ਦ ਕੀਤਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8