SIT ਨੇ ਕਾਨਪੁਰ 'ਚ ਹੋਏ 1984 ਦੰਗਿਆਂ ਦੇ ਸਿਲਸਿਲੇ 'ਚ 2 ਹੋਰ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ

06/21/2022 5:43:52 PM

ਕਾਨਪੁਰ (ਭਾਸ਼ਾ)- ਸਾਲ 1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਜਾਂਚ ਲਈ ਗਠਿਤ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਨੇ ਕਤਲੇਆਮ ਅਤੇ ਇਕ ਮਕਾਨ ਨੂੰ ਅੱਗ ਲਗਾਉਣ ਦੇ ਦੋਸ਼ੀ 2 ਲੋਕਾਂ ਨੂੰ ਮੰਗਲਵਾਰ ਨੂੰ ਗ੍ਰਿਫ਼ਤਾਰ ਕੀਤਾ। ਉਦੋਂ ਮਕਾਨ 'ਚ ਅੱਗ ਲਗਾਏ ਜਾਣ ਨਾਲ ਤਿੰਨ ਲੋਕ ਸੜ ਕੇ ਮਰ ਗਏ ਸਨ। ਪੁਲਸ ਨੇ ਇਹ ਗ੍ਰਿਫ਼ਤਾਰੀ ਘਾਟਮਪੁਰ ਤੋਂ ਕੀਤੀ ਅਤੇ ਹੁਣ ਤੱਕ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੀ ਗਿਣਤੀ 6 ਤੱਕ ਪਹੁੰਚ ਗਈ ਹੈ। ਉਸ ਅਨੁਸਾਰ ਅੱਜ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਮੋਬੀਨ ਸ਼ਾਹ (60) ਅਤੇ ਅਮਰ ਸਿੰਘ ਉਰਫ਼ ਭੂਰਾ (61) ਵਜੋਂ ਕੀਤੀ ਗਈ ਹੈ। ਇਸ ਐੱਸ.ਆਈ.ਟੀ. ਦੀ ਅਗਵਾਈ ਕਰ ਰਹੇ ਪੁਲਸ ਡਿਪਟੀ ਜਨਰਲ ਇੰਸਪੈਕਟਰ ਬਾਲੇਂਦੁ ਭੂਸ਼ਣ ਸਿੰਘ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਨੂੰ ਮੁੱਖ ਨਿਆਇਕ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ ਅਤੇ ਮੈਜਿਸਟ੍ਰੇਟ ਨੇ ਉਨ੍ਹਾਂ ਨੂੰ 14 ਦਿਨ ਦੀ ਨਿਆਇਕ ਰਿਮਾਂਡ 'ਤੇ ਭੇਜ ਦਿੱਤਾ। ਅਮਰ ਸਿੰਘ ਭੂਰਾ ਘਾਟਮਪੁਰ ਤੋਂ ਹਿਸਟ੍ਰੀਸ਼ੀਟਰ ਹੈ ਅਤੇ ਉਸ ਖ਼ਿਲਾਫ਼ ਡਕੈਤੀ, ਲੁੱਟ ਵਰਗੇ ਕਰੀਬ ਇਕ ਦਰਜਨ ਗੰਭੀਰ ਮਾਮਲੇ ਦਰਜ ਹਨ। ਉਹ ਖੇਤਰ ਦੇ ਵਾਟੇਡ ਨੰਨਾ ਗਿਰੋਹ ਨਾਲ ਵੀ ਸਰਗਰਮ ਰੂਪ ਨਾਲ ਜੁੜਿਆ ਹੈ। 

ਇਹ ਵੀ ਪੜ੍ਹੋ : 38 ਵਰ੍ਹਿਆਂ ਮਗਰੋਂ ਸਿੱਖਾਂ ਨੂੰ ਬੱਝੀ ਇਨਸਾਫ਼ ਦੀ ਉਮੀਦ, ਕਾਨਪੁਰ ਦੰਗਿਆਂ ਦੇ 4 ਦੋਸ਼ੀ ਗ੍ਰਿਫ਼ਤਾਰ

ਇਨ੍ਹਾਂ ਲੋਕਾਂ 'ਤੇ ਆਈ.ਪੀ.ਸੀ. ਦੀ ਧਾਰਾ 396 ਅਤੇ 436 ਦੀਆਂ ਧਾਰਾਵਾਂ ਲਗਾਈਆਂ ਗਈਆਂ ਹਨ। ਦੱਸਣਯੋਗ ਹੈ ਕਿ ਐੱਸ.ਆਈ.ਟੀ. ਵਲੋਂ ਘਾਟਮਪੁਰ ਤੋਂ 4 ਮੁੱਖ ਦੋਸ਼ੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ 'ਚ ਗ੍ਰਿਫ਼ਤਾਰੀਆਂ 15 ਜੂਨ ਤੋਂ ਸ਼ੁਰੂ ਹੋਈਆਂ। ਇਸ ਐੱਸ.ਆਈ.ਟੀ. ਦਾ ਗਠਨ ਸੁਪਰੀਮ ਕੋਰਟ ਦੇ ਆਦੇਸ਼ 'ਤੇ 27 ਮਈ 2019 ਨੂੰ ਕੀਤਾ ਗਿਆ ਸੀ। ਬਾਲੇਂਦੁ ਭੂਸ਼ਣ ਸਿੰਘ ਨੇ ਦੱਸਿਆ ਕਿ ਐੱਸ.ਆਈ.ਟੀ. ਨੇ 96 ਵਿਅਕਤੀਆਂ ਦੀ ਪਛਾਣ ਮੁੱਖ ਸ਼ੱਕੀ ਵਜੋਂ ਕੀਤੀ ਹੈ, ਜਿਨ੍ਹਾਂ 'ਚੋਂ 22 ਵਿਅਕਤੀਆਂ ਦੀ ਮੌਤ ਹੋ ਚੁਕੀ ਹੈ। ਉਨ੍ਹਾਂ ਅਨੁਸਾਰ ਕਰੀਬ 11 ਸ਼ੱਕੀ ਲੋਕਾਂ ਬਾਰੇ ਪੂਰੀ ਜਾਣਕਾਰੀ ਜੁਟਾਈ ਗਈ ਹੈ ਅਤੇ ਇਸ ਨਾਲ ਐੱਸ.ਆਈ.ਟੀ. ਨੂੰ ਹੁਣ ਤੱਕ 6 ਲੋਕਾਂ ਨੂੰ ਫੜਨ 'ਚ ਮਦਦ ਮਿਲੀ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਗ੍ਰਿਫ਼ਤਾਰ ਵਿਅਕਤੀ ਦਰਜਨਾਂ ਹੋਰ ਵਿਅਕਤੀਆਂ ਨੂੰ ਲੈ ਕੇ 1984 'ਚ ਗੁਰਦਿਆਲ ਸਿੰਘ ਦਾ ਮਕਾਨ ਸਾੜਨ ਨਿਰਾਲਾ ਨਗਰ ਗਏ ਸਨ। ਉਨ੍ਹਾਂ ਅਨੁਸਾਰ ਗੁਰਦਿਆਲ ਦੇ ਮਕਾਨ 'ਚ 12 ਪਰਿਵਾਰ ਕਿਰਾਏਦਾਰ ਵਜੋਂ ਰਹਿ ਰਹੇ ਸਨ ਅਤੇ ਹਮਲੇ ਦੌਰਾਨ 3 ਲੋਕਾਂ ਨੂੰ ਜਿਊਂਦੇ ਸਾੜ ਦਿੱਤਾ ਗਿਆ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News