ਪਿਤਾ ਦੇ ਕਾਤਲਾਂ ''ਤੇ ਨਹੀਂ ਹੋਈ ਕਾਰਵਾਈ, ਸਿੱਖ ਔਰਤ ਨੇ ਕਤਲ ਕਰਵਾਏ ਕੇਸ

Monday, Sep 16, 2019 - 03:28 PM (IST)

ਪਿਤਾ ਦੇ ਕਾਤਲਾਂ ''ਤੇ ਨਹੀਂ ਹੋਈ ਕਾਰਵਾਈ, ਸਿੱਖ ਔਰਤ ਨੇ ਕਤਲ ਕਰਵਾਏ ਕੇਸ

ਝਾਂਸੀ— ਉੱਤਰ ਪ੍ਰਦੇਸ਼ ਦੇ ਝਾਂਸੀ 'ਚ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਝਾਂਸੀ 'ਚ ਇਕ ਸਿੱਖ ਔਰਤ ਨੇ ਆਪਣੇ ਪਿਤਾ ਦੇ ਕਾਤਲਾਂ ਵਿਰੁੱਧ ਕਾਰਵਾਈ ਨਾ ਹੋਣ ਦੇ ਵਿਰੋਧ 'ਚ ਕੇਸ ਕਤਲ ਕਰਵਾ ਲਏ। ਦਿਵਯਾਂਗ (ਅਪਾਹਜ) ਸੈਂਟਰ ਚਲਾਉਣ ਵਾਲੀ ਪੁਨੀਤ ਸਿੰਘ ਨਾਂ ਦੀ ਔਰਤ ਦਾ ਦੋਸ਼ ਹੈ ਕਿ ਉਸ ਦੇ ਗੁਆਂਢੀ ਵਰਿੰਦਰ ਕੁਮਾਰ ਅਤੇ ਰਾਜੀਵ ਕੁਮਾਰ ਨੇ ਜਾਇਦਾਦ ਦੇ ਵਿਵਾਦ ਕਾਰਨ ਉਸ ਦੇ ਪਿਤਾ ਜੋਗਿੰਦਰ ਸਿੰਘ ਨੂੰ ਛੱਤ ਤੋਂ ਧੱਕਾ ਦੇ ਕੇ ਮਾਰ ਦਿੱਤਾ। ਉਸ ਨੇ ਪੁਲਸ ਨੂੰ ਇਸ ਦੀ ਸ਼ਿਕਾਇਤ ਕੀਤੀ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਦੂਜੇ ਪਾਸੇ ਪੁਲਸ ਦਾ ਕਹਿਣਾ ਹੈ ਕਿ ਦਰਜ ਐੱਫ. ਆਈ. ਆਰ. ਦੇ ਆਧਾਰ 'ਤੇ ਕਾਰਵਾਈ ਕੀਤੀ ਜਾ ਰਹੀ ਹੈ। ਜਦਕਿ ਪੁਨੀਤ ਦਾ ਦੋਸ਼ ਹੈ ਕਿ ਪੁਲਸ ਦੋਸ਼ੀਆਂ ਨਾਲ ਮਿਲੀ ਹੋਈ ਹੈ। ਪੁਨੀਤ ਨੇ ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਘੱਟ ਗਿਣਤੀ ਕਮਿਸ਼ਨ ਨੂੰ ਵੀ ਚਿੱਠੀ ਲਿਖੀ ਹੈ।

ਇੱਥੇ ਦੱਸ ਦੇਈਏ ਕਿ 82 ਸਾਲਾ ਜੋਗਿੰਦਰ ਸਿੰਘ ਰਿਟਾਇਰਡ ਸਰਕਾਰੀ ਕਰਮਚਾਰੀ ਸਨ। ਉਨ੍ਹਾਂ ਦੀ ਧੀ ਪੁਨੀਤ ਸਿੰਘ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਡੂੰਘੇ ਦੁੱਖ 'ਚੋਂ ਲੰਘ ਰਹੀ ਹੈ ਅਤੇ ਮੰਗ ਕਰ ਰਹੀ ਹੈ ਕਿ ਉਸ ਦੇ ਪਿਤਾ ਦੇ ਕਾਤਲਾਂ ਨੂੰ ਗ੍ਰਿਫਤਾਰ ਕੀਤਾ ਜਾਵੇ, ਜਿਨ੍ਹਾਂ ਦੇ ਨਾਂ ਉਸ ਨੇ ਸ਼ਿਕਾਇਤ 'ਚ ਦਿੱਤੇ ਹਨ। ਕਾਤਲਾਂ 'ਤੇ ਕਾਰਵਾਈ ਨਾ ਹੁੰਦੀ ਦੇਖ ਕੇ ਵਿਰੋਧ 'ਚ ਉਸ ਨੇ ਆਪਣੇ ਕੇਸ ਕਤਲ ਕਰਵਾਏ ਹਨ। ਉਸ ਦਾ ਕਹਿਣਾ ਹੈ ਕਿ ਉਹ ਉਦੋਂ ਤਕ ਕੇਸ ਨਹੀਂ ਵਧਾਏਗੀ, ਜਦੋਂ ਤਕ ਦੋਸ਼ੀ ਗ੍ਰਿਫਤਾਰ ਨਹੀਂ ਹੋ ਜਾਂਦੇ। 

ਪੁਨੀਤ ਦਾ ਕਹਿਣਾ ਹੈ ਕਿ 22 ਅਗਸਤ ਨੂੰ ਮੇਰੇ ਪਿਤਾ ਜੋਗਿੰਦਰ ਸਿੰਘ ਘਰ ਦੇ ਵਿਹੜੇ 'ਚ ਮ੍ਰਿਤਕ ਮਿਲੇ ਸਨ ਅਤੇ ਉਸ ਨੇ ਅਗਲੇ ਦਿਨ 23 ਅਗਸਤ ਨੂੰ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਸੀ। ਪੁਨੀਤ ਦਾ ਕਹਿਣਾ ਹੈ ਕਿ ਉਸ ਦੇ ਗੁਆਂਢੀਆਂ ਨੇ ਮੇਰੇ ਪਿਤਾ ਦਾ ਕਤਲ ਕੀਤਾ, ਜਿਨ੍ਹਾਂ ਦੀ ਅੱਖ ਮੇਰੇ ਪਿਤਾ ਦੀ ਜਾਇਦਾਦ 'ਤੇ ਹੈ। ਉਸ ਦਾ ਕਹਿਣਾ ਹੈ ਕਿ ਮੈਂ ਇਕ ਸਿੱਖ ਹਾਂ ਅਤੇ ਕੇਸਾਂ ਦਾ ਸਾਡੇ ਧਰਮ 'ਚ ਖਾਸ ਮਹੱਤਵ ਹੈ। ਫਿਰ ਵੀ ਮੈਂ ਕੇਸ ਕਤਲ ਕਰਵਾਉਣ ਦਾ ਫੈਸਲਾ ਲਿਆ ਤਾਂ ਇਕ ਮੈਨੂੰ ਯਾਦ ਰਹੇ ਮੈਂ ਨਿਆਂ ਦੀ ਲੜਾਈ ਲੜਨੀ ਹੈ। ਪੁਨੀਤ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। 


author

Tanu

Content Editor

Related News