ਕਸ਼ਮੀਰ 'ਚ ਜ਼ਬਰਨ ਧਰਮ ਪਰਿਵਰਤਨ ਦਾ ਸ਼ਿਕਾਰ ਹੋਈ ਸਿੱਖ ਕੁੜੀ ਦਾ ਸਿੱਖ ਮੁੰਡੇ ਨਾਲ ਹੋਇਆ ਵਿਆਹ
Tuesday, Jun 29, 2021 - 05:05 PM (IST)
ਸ਼੍ਰੀਨਗਰ- ਕਸ਼ਮੀਰ 'ਚ ਜ਼ਬਰਨ ਧਰਮ ਪਰਿਵਰਤਨ ਦੇ ਦੋਸ਼ਾਂ ਦਰਮਿਆਨ ਸਿੱਖ ਕੁੜੀ, ਜਿਸ ਨੂੰ ਅਗਵਾਕਰਤਾ ਤੋਂ ਛੁਡਾ ਕੇ ਉਸ ਦੇ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਸੀ, ਦਾ ਮੰਗਲਵਾਰ ਨੂੰ ਇਕ ਸਿੱਖ ਮੁੰਡੇ ਨਾਲ ਵਿਆਹ ਸੰਪੰਨ ਹੋ ਗਿਆ। ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਨੇ ਦੱਸਿਆ,''ਕੁੜੀ ਦਾ ਵਿਆਹ ਅੱਜ ਸੁਖਬੀਰ ਸਿੰਘ ਨਾਲ ਕਰਵਾਇਆ ਗਿਆ। ਕੁੜੀ-ਮੁੰਡਾ ਇਕ-ਦੂਜੇ ਨੂੰ ਜਾਣਦੇ ਹਨ ਅਤੇ ਕੋਈ ਦਬਾਅ ਜਾਂ ਬਲ ਦੀ ਵਰਤੋਂ (ਕੁੜੀ 'ਤੇ) ਨਹੀਂ ਕੀਤੀ ਗਈ। ''
ਉਨ੍ਹਾਂ ਨੇ ਇਹ ਵਿਆਹ ਕਰਵਾਉਣ ਵਾਲੇ ਲੋਕਾਂ ਪ੍ਰਤੀ ਆਭਾਰ ਜ਼ਾਹਰ ਕੀਤਾ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ 18 ਸਾਲਾ ਕੁੜੀ ਦਾ ਧਰਮ ਪਰਿਵਰਤਨ ਤੋਂ ਬਾਅਦ ਮੁਸਲਿਮ ਮੁੰਡੇ ਨਾਲ ਵਿਆਹ ਹੋ ਚੁਕਿਆ ਸੀ ਜਾਂ ਨਹੀਂ ਤਾਂ ਉਨ੍ਹਾਂ ਕਿਹਾ ਕਿ ਵਿਆਹ ਨਹੀਂ ਹੋਇਆ ਸੀ। ਉਨ੍ਹਾਂ ਨੇ ਲੋਕਾਂ ਤੋਂ ਕਸ਼ਮੀਰ 'ਚ ਫਿਰਕੂ ਸਦਭਾਵਨਾ ਬਣਾਏ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ,''ਅਸੀਂ ਕੋਈ ਕਾਨੂੰਨ (ਧਰਮ ਪਰਿਵਰਤਨ ਰੋਕੂ) ਨਹੀਂ ਚਾਹੁੰਦੇ ਹਾਂ। ਬਹੁਤ ਗਿਣਤੀ ਭਾਈਚਾਰੇ ਨੂੰ ਘੱਟ ਗਿਣਤੀ ਭਾਈਚਾਰੇ ਦਾ ਖਿਆਲ ਰੱਖਣਾ ਚਾਹੀਦਾ।'' ਸਿੰਘ ਨੇ ਕਿਹਾ ਕਿ ਸਿੱਖ ਭਾਈਚਾਰਾ ਕਸ਼ਮੀਰ 'ਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਭੂਖੰਡ 'ਚ ਇਕ ਵੱਡਾ ਹਸਪਤਾਲ ਬਣਾਉਣਾ ਚਾਹੁੰਦਾ। ਉਨ੍ਹਾਂ ਕਿਹਾ,''ਸਾਡੇ ਕੋਲ ਕਰੀਬ 8.125 ਏਕੜ ਜ਼ਮੀਨ ਹੈ। ਇਸ ਦਾ ਕੁਝ ਹਿੱਸਾ ਕਿਸਾਨਾਂ ਕੋਲ ਹੈ। ਅਸੀਂ ਉਨ੍ਹਾਂ ਨੂੰ ਉੱਚਿਤ ਮੁਆਵਜ਼ਾ ਦੇ ਕੇ ਜ਼ਮੀਨ ਵਾਪਸ ਲੈਣਾ ਚਾਹੁੰਦੇ ਹਾਂ ਅਤੇ ਉਸ 'ਤੇ ਇੱਥੇ ਦੇ ਲੋਕਾਂ ਲਈ ਇਕ ਵੱਡਾ ਹਸਪਤਾਲ ਬਣਾਉਣਾ ਚਾਹੁੰਦੇ ਹਾਂ।'' ਸ਼੍ਰੋਮਣੀ ਅਕਾਲੀ ਦਲ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਸੋਮਵਾਰ ਨੂੰ ਦੋਸ਼ ਲਗਾਇਆ ਸੀ ਕਿ ਹਾਲ 'ਚ ਕਸ਼ਮੀਰ 'ਚ 4 ਸਿੱਖ ਕੁੜੀਆਂ ਦਾ ਜ਼ਬਰਨ ਵਿਆਹ ਕਰਵਾਇਆ ਗਿਆ ਅਤੇ ਉਨ੍ਹਾਂ ਨੂੰ ਇਸਲਾਮ ਧਰਮ ਕਬੂਲ ਕਰਵਾਇਆ ਗਿਆ। ਉਨ੍ਹਾਂ ਨੇ ਕੁੜੀਆਂ ਨੂੰ ਉਸ ਦੇ ਪਰਿਵਾਰ ਨੂੰ ਸੌਂਪਣ ਦੀ ਮੰਗ ਕੀਤੀ ਸੀ।