ਸਿੱਖ ਭਾਈਚਾਰੇ ਨੇ ਪਾਕਿ ਦੂਤਘਰ ਨੇੜੇ ਕੀਤਾ ਜ਼ਬਰਦਸਤ ਪ੍ਰਦਰਸ਼ਨ
Wednesday, Dec 14, 2022 - 12:25 AM (IST)
ਨਵੀਂ ਦਿੱਲੀ (ਬਿਊਰੋ)-ਪਾਕਿਸਤਾਨ ਸਰਕਾਰ ਨੇ ਜ਼ਮੀਨੀ ਵਿਵਾਦ ਦੀ ਆੜ ’ਚ ਲਾਹੌਰ ਸ਼ਹਿਰ ਦੇ ਨੌਲੱਖਾ ਸਥਿਤ ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ਨੂੰ ਤਾਲਾ ਲਾ ਦਿੱਤਾ ਹੈ। ਇਸ ਦੇ ਵਿਰੋਧ ’ਚ ਸਿੱਖ ਭਾਈਚਾਰੇ ਨੇ ਮੰਗਲਵਾਰ ਨੂੰ ਪਾਕਿਸਤਾਨੀ ਦੂਤਘਰ ਨੇੜੇ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਤੋਂ ਬਾਅਦ ਉਨ੍ਹਾਂ ਨੇ ਦਿੱਲੀ ਪੁਲਸ ਦੇ ਅਧਿਕਾਰੀਆਂ ਨਾਲ ਮਿਲ ਕੇ ਪਾਕਿਸਤਾਨ ਦੂਤਘਰ ਦੇ ਅਧਿਕਾਰੀ ਜ਼ੁਲਿਫ਼ਕਾਰ ਅਲੀ ਨੂੰ ਮੰਗ-ਪੱਤਰ ਸੌਂਪਿਆ।
ਰੋਸ ਪ੍ਰਦਰਸ਼ਨ ਦੀ ਅਗਵਾਈ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਅਤੇ ਸਿੱਖ ਪੰਥ-ਦਰਦੀਆਂ ਨੇ ਕੀਤੀ। ਪ੍ਰਦਰਸ਼ਨਕਾਰੀ ਤੀਨ ਮੂਰਤੀ ਚੌਕ ਤੋਂ ਪਾਕਿਸਤਾਨੀ ਦੂਤਘਰ ਵੱਲ ਮਾਰਚ ਕਰ ਰਹੇ ਸਨ ਪਰ ਧਾਰਾ 144 ਲਾਗੂ ਹੋਣ ਦਾ ਹਵਾਲਾ ਦਿੰਦੇ ਹੋਏ ਚਾਣੱਕਿਆਪੁਰੀ ਥਾਣੇ ਦੇ ਬਾਹਰ ਉਨ੍ਹਾਂ ਨੂੰ ਰੋਕ ਦਿੱਤਾ ਗਿਆ। ਇਸ ਮੌਕੇ ਜੀ. ਕੇ. ਨੇ ਪਾਕਿਸਤਾਨ ’ਚ ਸਿੱਖਾਂ ’ਤੇ ਅੱਤਿਆਚਾਰ ਨੂੰ ਘੱਟਗਿਣਤੀ ਸਿੱਖ ਭਾਈਚਾਰੇ ਨਾਲ ਨਸਲੀ ਹਿੰਸਾ ਵਜੋਂ ਪਰਿਭਾਸ਼ਿਤ ਕੀਤਾ।
ਜੀ. ਕੇ. ਨੇ ਕਿਹਾ ਕਿ ਇਸ ਤੋਂ ਪਹਿਲਾਂ ਪਾਕਿਸਤਾਨ ’ਚ ਸਿੱਖ ਕੱਟੜਪੰਥੀਆਂ ਦੇ ਨਿਸ਼ਾਨੇ ’ਤੇ ਸਿੱਖਾਂ ਦੀਆਂ ਨਾਬਾਲਗ ਧੀਆਂ ਅਤੇ ਸਿੱਖ ਵਪਾਰੀ ਸਨ ਪਰ ਹੁਣ ਸਿੱਖ ਧਾਰਮਿਕ ਸਥਾਨ ਵੀ ਭੂ-ਮਾਫੀਆ ਦੇ ਨਿਸ਼ਾਨੇ ’ਤੇ ਆ ਗਏ ਹਨ। ਇਸ ਲਈ ਪਾਕਿਸਤਾਨ ਸਰਕਾਰ ਨੂੰ ਅਜਿਹੇ ਲੋਕਾਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ।