35 ਸਾਲਾਂ ’ਚ ਪਹਿਲੀ ਵਾਰ ਅੱਤਵਾਦੀ ਹਮਲੇ ਖਿਲਾਫ ਕਸ਼ਮੀਰ ਵਾਦੀ ’ਚ ਬੰਦ

Wednesday, Apr 23, 2025 - 09:10 PM (IST)

35 ਸਾਲਾਂ ’ਚ ਪਹਿਲੀ ਵਾਰ ਅੱਤਵਾਦੀ ਹਮਲੇ ਖਿਲਾਫ ਕਸ਼ਮੀਰ ਵਾਦੀ ’ਚ ਬੰਦ

ਨੈਸ਼ਨਲ ਡੈਸਕ- ਕਸ਼ਮੀਰ ਵਾਦੀ ’ਚ 35 ਸਾਲਾਂ ’ਚ ਪਹਿਲੀ ਵਾਰ ਅੱਤਵਾਦੀ ਹਮਲੇ ਖਿਲਾਫ ਬੰੰਦ ਦਾ ਸੱਦਾ ਦਿੱਤਾ ਗਿਆ ਅਤੇ ਸਾਰੇ ਖੇਤਰਾਂ ਦੇ ਲੋਕਾਂ ਨੇ ਪਹਿਲਗਾਮ ’ਚ ਹੋਏ ਕਤਲੇਆਮ ਦੇ ਵਿਰੋਧ ’ਚ ਬੰਦ ਦਾ ਸਮਰਥਨ ਕੀਤਾ। ਕਈ ਥਾਵਾਂ ’ਤੇ ਸ਼ਾਂਤੀਪੂਰਨ ਵਿਰੋਧ ਵਿਖਾਵੇ ਵੀ ਹੋਏ ਅਤੇ ਵਿਖਾਵਾਕਾਰੀਆਂ ਨੇ ਹਮਲੇ ਦੀ ਨਿੰਦਾ ਕੀਤੀ। ਪਹਿਲਗਾਮ ਦੀ ਬੈਸਰਨ ਸੈਰਗਾਹ ’ਤੇ ਹੋਏ ਹਮਲੇ ਦੇ ਵਿਰੋਧ ’ਚ ਕਈ ਸਿਆਸੀ ਪਾਰਟੀਆਂ, ਸਮਾਜਿਕ ਤੇ ਧਾਰਮਿਕ ਸੰਗਠਨਾਂ, ਵਪਾਰ ਸੰਸਥਾਵਾਂ ਤੇ ਨਾਗਰਿਕ ਸੰਗਠਨਾਂ ਨੇ ਕਸ਼ਮੀਰ ਬੰਦ ਦਾ ਸੱਦਾ ਦਿੱਤਾ ਹੈ।

ਇਨ੍ਹਾਂ ਵਿਚ ਸੱਤਾਧਾਰੀ ਨੈਸ਼ਨਲ ਕਾਨਫਰੰਸ (ਐੱਨ. ਸੀ.), ਪੀਪੁਲਜ਼ ਡੈਮੋਕ੍ਰੈਟਿਕ ਪਾਰਟੀ (ਪੀ. ਡੀ. ਪੀ.), ਪੀਪੁਲਜ਼ ਕਾਨਫਰੰਸ ਤੇ ਅਪਨੀ ਪਾਰਟੀ ਸ਼ਾਮਲ ਹਨ। ਪਹਿਲਗਾਮ ਅੱਤਵਾਦੀ ਹਮਲੇ ਦੇ ਵਿਰੋਧ ’ਚ ਬੁੱਧਵਾਰ ਨੂੰ ਕਈ ਕਸ਼ਮੀਰੀ ਅਖਬਾਰਾਂ ਨੇ ਆਪਣਾ ਪਹਿਲਾ ਸਫਾ ਕਾਲੇ ਰੰਗ ’ਚ ਛਾਪਿਆ। ਅਖਬਾਰਾਂ ਵੱਲੋਂ ਵਿਰੋਧ ਦਾ ਪ੍ਰਦਰਸ਼ਨ ਕਰਨ, ਇਕਜੁੱਟਤਾ ਵਿਖਾਉਣ ਅਤੇ ਦੁੱਖ ਪ੍ਰਗਟ ਕਰਨ ਦਾ ਇਹ ਬਹੁਤ ਪ੍ਰਭਾਵਸ਼ਾਲੀ ਢੰਗ ਹੈ, ਜਿਸ ਵਿਚ ਅਖਬਾਰਾਂ ਨੇ ਚਿੱਟੇ ਜਾਂ ਲਾਲ ਰੰਗ ’ਚ ਅਸਰਦਾਰ ਹੈਡਿੰਗ ਦਿੱਤੇ।

ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਅਤੇ ਸਾਬਕਾ ਪਾਰਟੀ ਮੁਖੀ ਰਾਹੁਲ ਗਾਂਧੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ, ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਤੇ ਕੇਂਦਰ ਸ਼ਾਸਿਤ ਸੂਬੇ ਦੇ ਸੀਨੀਅਰ ਪਾਰਟੀ ਨੇਤਾਵਾਂ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਪੀੜਤਾਂ ਦੇ ਪਰਿਵਾਰਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਖੜਗੇ ਨੇ ‘ਐਕਸ’ ’ਤੇ ਇਕ ਪੋਸਟ ਵਿਚ ਕਿਹਾ,‘‘ਇਸ ਘਿਨੌਣੇ ਅੱਤਵਾਦੀ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਬੇਗੁਨਾਹ ਪੀੜਤਾਂ ਨੂੰ ਨਿਆਂ ਮਿਲਣਾ ਚਾਹੀਦਾ ਹੈ।’’


author

Rakesh

Content Editor

Related News