ਅੱਤਵਾਦ ਪੀੜਤਾਂ ਲਈ ਰਾਹਤ ਭਰੀ ਖ਼ਬਰ ! ਜੰਮੂ-ਕਸ਼ਮੀਰ ਦੇ LG ਮਨੋਜ ਸਿਨਹਾ ਨੇ ਸੌਂਪੇ ਨਿਯੁਕਤੀ ਪੱਤਰ
Sunday, Mar 15, 2026 - 05:34 PM (IST)
ਸ਼੍ਰੀਨਗਰ- ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਐਤਵਾਰ ਨੂੰ ਅੱਤਵਾਦੀਆਂ ਵਲੋਂ ਪੀੜਤ ਹਰ ਵਿਅਕਤੀ ਨੂੰ ਨਿਆਂ ਦਿਵਾਉਣ ਦਾ ਸੰਕਲਪ ਲਿਆ। ਉਨ੍ਹਾਂ ਨੇ ਇੱਥੇ ਅੱਤਵਾਦ ਪੀੜਤਾਂ ਦੇ 27 ਪਰਿਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ। ਸਿਨਹਾ ਨੇ ਕਿਹਾ,''ਮੈਂ ਅੱਤਵਾਦ ਦੇ ਹਰ ਪੀੜਤ ਪਰਿਵਾਰ ਨੂੰ ਨਿਆਂ ਦਿਵਾਉਣ ਲਈ ਦ੍ਰਿੜ ਸੰਕਲਪਿਤ ਹਾਂ ਅਤੇ ਪੈਂਡਿੰਗ ਮਾਮਲਿਆਂ ਦੀ ਜਾਂਚ ਕੀਤੀ ਜਾਵੇਗੀ ਤਾਂ ਕਿ ਦੋਸ਼ੀਆਂ ਨੂੰ ਜਵਾਬਦੇਹ ਠਹਿਰਾਇਆ ਜਾ ਸਕੇ।'' ਸਿਨਹਾ ਨੇ ਮੁੜ ਦੋਹਰਾਇਆ ਕਿ ਅੱਤਵਾਦ ਤੋਂ ਪ੍ਰਭਾਵਿਤ ਪਰਿਵਾਰਾਂ ਤੋਂ ਜ਼ਬਰਦਸਤੀ ਖੋਹੀਆਂ ਗਈਆਂ ਜ਼ਮੀਨਾਂ ਜਾਂ ਘਰ ਵਾਪਸ ਦਿਵਾਏ ਜਾਣਗੇ ਅਤੇ ਜਿਹੜੇ ਮਾਮਲਿਆਂ ਦੀ ਜਾਂਚ ਅਜੇ ਬਾਕੀ ਹੈ, ਉਨ੍ਹਾਂ ਦੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਅਨਿਆਂ ਦੇ ਸਾਏ ਨੂੰ ਹਟਾਉਣ ਅਤੇ ਅੱਤਵਾਦ ਪੀੜਤਾਂ ਦੇ ਪਰਿਵਾਰਾਂ ਦੇ ਦਰਵਾਜ਼ੇ 'ਤੇ ਨਿਆਂ ਦੀ ਇਕ ਨਵੀਂ ਸਵੇਰ ਲਿਆਉਣ 'ਚ ਸਫ਼ਲ ਰਿਹਾ ਹੈ।
ਉਨ੍ਹਾਂ ਕਿਹਾ,''ਹੁਣ ਤੱਕ ਲਗਭਗ 400 ਪਰਿਵਾਰਾਂ ਨੂੰ ਰੁਜ਼ਗਾਰ ਮਿਲ ਚੁੱਕਾ ਹੈ ਅਤੇ ਅਸੀਂ ਉਦੋਂ ਤੱਕ ਲਗਾਤਾਰ ਕੰਮ ਕਰਦੇ ਰਹਾਂਗੇ, ਜਦੋਂ ਤੱਕ ਅਸੀਂ ਨਿਆਂ ਦਾ ਇੰਤਜ਼ਾਰ ਕਰ ਰਹੇ ਆਖਰੀ ਪਰਿਵਾਰ ਤੱਕ ਨਹੀਂ ਪਹੁੰਚੇ ਜਾਂਦੇ।'' ਸਿਨਹਾ ਨੇ ਕਿਹਾ ਕਿ ਦਹਾਕਿਆਂ ਤੋਂ, ਅੱਤਵਾਦ ਪੀੜਤਾਂ ਦੇ ਗਰੀਬ ਅਤੇ ਕਮਜ਼ੋਰ ਪਰਿਵਾਰ ਨਿਆਂ ਦੀ ਉਮੀਦ ਨਾਲ ਜੀ ਰਹੇ ਸਨ। ਉੱਪ ਰਾਜਪਾਲ ਨੇ ਕਿਹਾ ਕਿ ਅੱਤਵਾਦ ਪੀੜਤਾਂ ਦੇ ਪਰਿਵਾਰਾਂ ਨੂੰ ਨਿਆਂ ਦਿਵਾਉਣ ਲਈ ਪਿਛਲੇ ਸਾਲ ਬਾਰਾਮੂਲਾ ਤੋਂ ਸ਼ੁਰੂ ਕੀਤੀ ਗਈ ਮੁਹਿੰਮ, ਉਨ੍ਹਾਂ ਨੂੰ ਸਹਾਰਾ ਅਤੇ ਹਿੰਮਤ ਦੇਣ ਦੇ ਨਾਲ-ਨਾਲ ਉਨ੍ਹਾਂ ਦੇ ਭਵਿੱਖ ਨੂੰ ਵੀ ਸੁਰੱਖਿਅਤ ਕਰਨ 'ਚ ਸਫ਼ਲ ਰਹੀ ਹੈ। ਉਨ੍ਹਾਂ ਕਿਹਾ,''ਇਸ ਪੂਰੀ ਪ੍ਰਕਿਰਿਆ 'ਚ ਮੇਰਾ ਟੀਚਾ ਇਹ ਯਕੀਨੀ ਕਰਨਾ ਹੈ ਕਿ ਅੱਤਵਾਦ ਤੋਂ ਪ੍ਰਭਾਵਿਤ ਕੋਈ ਵੀ ਪਰਿਵਾਰ ਅਣਦੇਖੀ ਦਾ ਸ਼ਿਕਾਰ ਨਾ ਹੋਵੇ ਅਤੇ ਨਾ ਹੀ ਲੋਕਾਂ ਜਾਂ ਅਧਿਕਾਰੀਆਂ ਦੀ ਨਜ਼ਰ ਤੋਂ ਓਹਲੇ ਹੋ ਜਾਵੇ। ਮੈਂ ਇਨ੍ਹਾਂ ਨਿਯੁਕਤੀ ਪੱਤਰਾਂ ਨੂੰ ਹੀ ਸੱਚਾ ਨਿਆਂ ਮੰਨਦਾ ਹਾਂ ਅਤੇ ਅੱਜ ਦਾ ਇਹ ਪ੍ਰੋਗਰਾਮ ਇਸੇ ਦਾ ਜਿਊਂਦਾ ਜਾਗਦਾ ਸਬੂਤ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
