ਕਸ਼ਮੀਰ ''ਚ ਬਿਖਰਨਗੇ ਰੰਗ! 16 ਮਾਰਚ ਤੋਂ ਖੁੱਲ੍ਹੇਗਾ ਏਸ਼ੀਆ ਦਾ ਸਭ ਤੋਂ ਵੱਡਾ ''ਟਿਊਲਿਪ ਗਾਰਡਨ''
Wednesday, Mar 11, 2026 - 05:15 PM (IST)
ਸ਼੍ਰੀਨਗਰ- ਕਸ਼ਮੀਰ ਦਾ ਪ੍ਰਸਿੱਧ ਇੰਦਰਾ ਗਾਂਧੀ ਮੈਮੋਰੀਅਲ ਟਿਊਲਿਪ ਗਾਰਡਨ 16 ਮਾਰਚ ਨੂੰ ਸੈਲਾਨੀਆਂ ਲਈ ਖੁੱਲ੍ਹਣ ਲਈ ਪੂਰੀ ਤਰ੍ਹਾਂ ਤਿਆਰ ਹੈ। ਡਲ ਝੀਲ ਦੇ ਕਿਨਾਰੇ ਸਥਿਤ ਏਸ਼ੀਆ ਦੇ ਸਭ ਤੋਂ ਵੱਡਾ ਟਿਊਲਿਪ ਗਾਰਡਨ ਨੂੰ ਦੇਖਣ ਲਈ ਹੁਣ ਤੋਂ ਹਜ਼ਾਰਾਂ ਦਰਸ਼ਕ ਘਾਟੀ 'ਚ ਆਉਣ ਲੱਗੇ ਹਨ। ਫੁੱਲਾਂ ਦੀ ਖੇਤੀ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਉਦਘਾਟਨ ਦੀਆਂ ਤਿਆਰੀਆਂ ਪੂਰੀ ਕਰ ਲਈਆਂ ਗਈਆਂ ਹਨ ਅਤੇ ਇਸ ਸਾਲ ਸੈਲਾਨੀਆਂ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਕਈ ਨਵੀਆਂ ਚੀਜ਼ਾਂ ਜੋੜੀਆਂ ਗਈਆਂ ਹਨ। ਫਲੋਰੀਕਲਚਰ ਕਸ਼ਮੀਰ ਦੀ ਡਾਇਰੈਕਟਰ ਮਥੁਰਾ ਮਾਸੂਮ ਨੇ ਦੱਸਿਆ ਕਿ ਵਿਭਾਗ ਨੇ ਵਾਧੂ ਰੰਗਾਂ ਅਤੇ ਕਿਸਮਾਂ ਨਾਲ ਬਗੀਚਿਆਂ ਨੂੰ ਹੋਰ ਵੱਧ ਆਕਰਸ਼ਕ ਬਣਾਉਣ 'ਤੇ ਧਿਆਨ ਕੇਂਦਰਿਤ ਕੀਤਾ ਹੈ।

ਉਨ੍ਹਾਂ ਕਿਹਾ,''ਅਸੀਂ ਇਸ ਸਾਲ ਬਗੀਚੇ ਨੂੰ ਹੋਰ ਸੁੰਦਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਸੈਲਾਨੀ ਟਿਊਲਿਪ ਦੀਆਂ 70 ਤੋਂ ਵੱਧ ਕਿਸਮਾਂ ਦੇਖ ਸਕਣਗੇ।'' ਉਨ੍ਹਾਂ ਇਹ ਵੀ ਦੱਸਿਆ ਕਿ ਪੂਰੇ ਬਗੀਚੇ 'ਚ ਵਿਸ਼ੇਸ਼ ਸੈਲਫੀ ਪੁਆਇੰਟ ਅਤੇ ਸਜਾਵਟੀ 'ਇੰਸਟਾਲੇਸ਼ਨ' ਵੀ ਲਗਾਏ ਗਏ ਹਨ। ਜ਼ਬਰਵਾਨ ਰੇਂਜ ਦੀ ਤਲਹਟੀ 'ਚ ਸਥਿਤ ਇਸ ਬਗੀਚੇ 'ਚ 15 ਲੱਖ ਫੁੱਲ ਮੌਜੂਦ ਹਨ, ਜਿਨ੍ਹਾਂ 'ਚ ਟਿਊਲਿਪ ਸਮੇਤ ਡੈਫੋਡਿਲ, ਜਲਕੁੰਭੀ (ਹਾਈਸਿੰਥ) ਅਤੇ ਮਸਕਰੀ ਸ਼ਾਮਲ ਹਨ। ਮੌਸਮ ਦੀ ਸਥਿਤੀ ਦੇ ਆਧਾਰ 'ਤੇ ਟਿਊਲਿਪ ਆਮ ਤੌਰ 'ਤੇ ਲਗਭਗ 15 ਤੋਂ 20 ਦਿਨਾਂ ਤੱਕ ਖਿੜੇ ਰਹਿੰਦੇ ਹਨ। ਅਪ੍ਰੈਲ 2025 'ਚ ਟਿਊਲਿਪ ਗਾਰਡਨ 'ਚ ਲਗਭਗ 8.25 ਲੱਖ ਸੈਲਾਨੀ ਪਹੁੰਚੇ ਸਨ। ਹਾਲਾਂਕਿ 26 ਅਪ੍ਰੈਲ ਨੂੰ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਨੇ ਘਾਟੀ ਦੇ ਸੈਰ-ਸਪਾਟਾ ਖੇਤਰ ਨੂੰ ਡੂੰਘਾ ਝਟਕਾ ਦਿੱਤਾ, ਜਿਸ ਨਾਲ ਕਈ ਮਹੀਨਿਆਂ ਤੱਕ ਸੈਲਾਨੀਆਂ ਦੀ ਆਮਦ 'ਚ ਭਾਰੀ ਗਿਰਾਵਟ ਆਈ। ਟਿਊਲਿਪ ਦੇ ਖਿੜਨ ਦੇ ਨਾਲ ਹੀ, ਸ਼੍ਰੀਨਗਰ 'ਚ ਸੈਰ-ਸਪਾਟਾ ਨਾਲ ਜੁੜੇ ਲੋਕ ਇਸ ਸਾਲ ਇਕ ਮਜ਼ਬੂਤ ਸੈਰ-ਸਪਾਟਾ ਸੀਜ਼ ਨੂੰ ਲੈ ਕੇ ਆਸ਼ਾਵਾਦੀ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਇਹ ਰੰਗੀਨ ਬਸੰਤ ਆਕਰਸ਼ਣ ਇਕ ਵਾਰ ਮੁੜ ਵੱਡੀ ਗਿਣਤੀ 'ਚ ਸੈਲਾਨੀਆਂ ਨੂੰ ਵਾਦੀ 'ਚ ਆਕਰਸ਼ਿਤ ਕਰੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
