ਖ਼ੁਦ ਨੂੰ ਲੱਗੀਆਂ 6 ਗੋਲੀਆਂ, ਫਿਰ ਵੀ ਵੱਡੇ ਭਰਾ ਉੱਪਰ ਲੇਟ ਕੇ ਇਸ ਤਰ੍ਹਾਂ ਬਚਾਈ ਜਾਨ

05/09/2022 3:27:53 PM

ਨੈਸ਼ਨਲ ਡੈਸਕ- ਰਾਸ਼ਟਰੀ ਰਾਜਧਾਨੀ ਦਿੱਲੀ ਕਿੰਨੀ ਸੁਰੱਖਿਅਤ ਹੈ, ਇਸ ਲਈ ਪੋਲ ਸ਼ਨੀਵਾਰ ਰਾਤ ਖੁੱਲ੍ਹੀ। ਸੜਕ ਦੇ ਵਿਚੋ-ਵਿਚ ਸੈਂਕੜੇ ਲੋਕਾਂ ਦੇ ਸਾਹਮਣੇ ਹਮਲਾਵਰ ਆਏ ਅਤੇ 2 ਭਰਾਵਾਂ 'ਤੇ ਗੋਲੀਬਾਰੀ ਕਰ ਦਿੱਤੀ। ਇਹ ਸਭ ਕੁਝ ਫਿਲਮੀ ਸਟਾਈਲ 'ਚ ਹੋਇਆ। ਘਟਨਾ ਸ਼ਨੀਵਾਰ ਰਾਤ ਉਸ ਸਮੇਂ ਹੋਈ, ਜਦੋਂ ਕੇਸ਼ੋਬਪੁਰ ਮੰਡੀ ਦੇ ਸਾਬਕਾ ਪ੍ਰਧਾਨ ਅਜੇ ਚੌਧਰੀ ਅਤੇ ਉਨ੍ਹਾਂ ਦੇ ਭਰਾ ਜੱਸੀ ਚੌਧਰੀ ਰਾਤ ਕਰੀਬ 8 ਵਜੇ ਤਿਹਾੜ ਪਿੰਡ ਸਥਿਤ ਆਪਣੇ ਘਰ ਕੋਲ ਸਨ। ਹਮਲਾਵਰਾਂ ਦੇ ਇਕ ਸਮੂਹ ਨੇ ਉਨ੍ਹਾਂ ਦੀ ਕਾਰ ਘੇਰ ਲਈ ਅਤੇ ਸੁਭਾਸ਼ ਨਗਰ 'ਚ ਇਕ ਰੁਝੇ ਚੌਰਾਹੇ 'ਤੇ ਉਨ੍ਹਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ 10 ਤੋਂ ਵੱਧ ਗੋਲੀਆਂ ਚਲਾਈਆਂ। ਸੀ.ਸੀ.ਟੀ.ਵੀ. ਫੁਟੇਜ 'ਚ ਕੈਦ ਇਸ ਗਟਨਾ 'ਚ ਤਿੰਨ ਹਮਲਾਵਰ ਸਫੇਦ ਰੰਗ ਦੀ ਇਕ ਕਾਰ 'ਤੇ ਗੋਲੀਬਾਰੀ ਕਰਦੇ ਹੋਏ ਅਤੇ ਉਸ ਦਾ ਪਿੱਛਾ ਕਰਦੇ ਰਹੇ। ਹਾਲਾਂਕਿ ਰਾਹਗੀਰ ਰੁਕ ਗਏ ਪਰ ਉਨ੍ਹਾਂ 'ਚੋਂ ਕੋਈ ਵੀ ਪੀੜਤਾਂ ਦੀ ਮਦਦ ਲਈ ਅੱਗੇ ਨਹੀਂ ਆਇਆ।

ਗੋਲੀ ਲੱਗਣ ਦੇ ਬਾਵਜੂਦ ਵੱਡੇ ਭਰਾ ਦੀ ਜਾਨ ਬਚਾਉਣ ਲਈ ਜੱਸੀ ਨੇ ਆਪਣੀ ਜਾਨ ਦਾਅ 'ਤੇ ਲਗਾ ਦਿੱਤੀ। ਜੱਸੀ ਵੱਡੇ ਭਰਾ ਦੇ ਉੱਪਰ ਲੇਟ ਗਿਆ ਅਤੇ ਕਾਰ ਨੂੰ ਅੱਗੇ-ਪਿੱਛੇ ਕਰ ਕੇ ਹਮਲਾਵਰਾਂ ਨੂੰ ਚਕਮਾ ਦਿੱਤਾ। ਉਸ ਨੇ ਗਲਤ ਦਿਸ਼ਾ ਤੋਂ ਕਾਰ ਦੌੜ ਕੇ ਭਰਾ ਅਤੇ ਖ਼ੁਦ ਨੂੰ ਹਸਪਤਾਲ ਪਹੁੰਚਾਇਆ। ਇਸ ਹਮਲੇ 'ਚ ਜੱਸੀ ਨੂੰ 6 ਗੋਲੀਆਂ ਲੱਗੀਆਂ ਹਨ ਜਦੋਂ ਕਿ ਅਜੇ ਚੌਧਰੀ ਨੂੰ ਤਿੰਨ ਗੋਲੀਆਂ ਲੱਗੀਆਂ ਹਨ। ਦੋਵੇਂ ਭਰਾਵਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਸ਼ੁਰੂਆਤੀ ਜਾਂਚ 'ਚ ਆਪਸੀ ਰੰਜਿਸ਼ ਕਾਰਨ ਹਮਲਾ ਕਰਨ ਦੀ ਗੱਲ ਸਾਹਮਣੇ ਆਈ ਹੈ ਅਤੇ ਹਮਲਾਵਰ ਤਿਹਾੜ ਪਿੰਡ ਦੇ ਹੀ ਦੱਸੇ ਜਾ ਰਹੇ ਹਨ। ਐਤਵਾਰ ਨੂੰ ਦਿੱਲੀ ਪੁਲਸ ਨੇ 47 ਸਾਲ ਦੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ, ਜਿਸ ਨੇ ਅਪਰਾਧ ਲਈ ਆਪਣੇ ਸਾਥੀਆਂ ਨੂੰ ਸਕੂਟੀ ਦਿੱਤੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀ ਦੀ ਪਛਾਣ ਰਾਜੂ ਉਰਫ਼ ਗੁੱਗਾ ਦੇ ਰੂਪ 'ਚ ਹੋਈ ਹੈ। ਪੁਲਸ ਡਿਪਟੀ ਕਮਿਸ਼ਨਰ ਘਨਸ਼ਾਮ ਬੰਸਲ ਨੇ ਕਿਹਾ,''ਅਸੀਂ 2 ਹੋਰ ਲੋਕਾਂ ਦੀ ਪਛਾਣ ਕਰ ਲਈ ਹੈ ਅਤੇ ਬਾਕੀ ਦੋਸ਼ੀਆਂ ਨੂੰ ਫੜਨ ਲਈ ਅੱਗੇ ਦੀ ਜਾਂਚ ਜਾਰੀ ਹੈ।'' ਉਨ੍ਹਾਂ ਕਿਹਾ ਕਿ ਹਰਿ ਨਗਰ ਪੁਲਸ ਥਾਣੇ 'ਚ ਆਈ.ਪੀ.ਸੀ. ਦੀ ਧਾਰਾ 307 ਅਤੇ 34 ਅਤੇ ਹਥਿਆਰ ਐਕਟ ਦੇ ਪ੍ਰਬੰਧਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੂੰ ਸ਼ੱਕ ਹੈ ਕਿ ਜੇਲ੍ਹ 'ਚ ਬੰਦ ਗੈਂਗਸਟਰ ਨੇ ਨਿੱਜੀ ਰੰਜਿਸ਼ ਨੂੰ ਲੈ ਕੇ ਦੋਵੇਂ ਭਰਾਵਾਂ ਦੇ ਕਤਲ ਦੀ ਸਾਜਿਸ਼ ਰਚੀ ਸੀ।


DIsha

Content Editor

Related News