ਹੁਣ ਜਦੋਂ ਮਰਜ਼ੀ ਕਰੋ ਸ਼ਾਪਿੰਗ, 24 ਘੰਟੇ ਖੁੱਲ੍ਹੀਆਂ ਰਹਿਣਗੀਆਂ ਦੁਕਾਨਾਂ ਅਤੇ ਮਾਲ

Thursday, Jul 06, 2017 - 02:00 PM (IST)

ਨਵੀਂ ਦਿੱਲੀ/ਮੁੰਬਈ— ਆਉਣ ਵਾਲੇ ਸਮੇਂ 'ਚ ਤੁਸੀਂ ਰਾਤ ਨੂੰ ਵੀ ਸ਼ਾਪਿੰਗ ਕਰ ਸਕੋਗੇ। ਨਾਈਟਲਾਈਫ ਲਈ ਮਸ਼ਹੂਰ ਅਮਰੀਕਾ ਦੇ ਲਾਸਵੇਗਾਸ ਸ਼ਹਿਰ ਦੀ ਰਾਹ 'ਤੇ ਹੁਣ ਮੁੰਬਈ ਵੀ ਚੱਲਣ ਜਾ ਰਿਹਾ ਹੈ। ਮੁੰਬਈ ਦੇਸ਼ ਦਾ ਪਹਿਲਾ ਅਜਿਹਾ ਸ਼ਹਿਰ ਬਣਨ ਜਾ ਰਿਹਾ ਹੈ, ਜਿੱਥੇ ਹੁਣ ਰਾਤ ਨੂੰ ਦੁਕਾਨਾਂ ਖੁੱਲ੍ਹਣ 'ਤੇ ਕਿਸੇ ਤਰ੍ਹਾਂ ਦੀ ਕੋਈ ਪਾਬੰਦੀ ਨਹੀਂ ਰਹੇਗੀ। ਹਫਤੇ ਦੇ 7 ਦਿਨ ਅਤੇ 24 ਘੰਟੇ ਮਾਲ, ਮਲਟੀਪਲੈਕਸ ਤੋਂ ਇਲਾਵਾ ਕਰਿਆਨਾ, ਟੇਲਰ ਅਤੇ ਸੁਪਰਮਾਰਕੀਟ ਖੁੱਲ੍ਹੇ ਰਹਿਣਗੇ। 
ਮੁੰਬਈ 'ਚ 24 ਘੰਟੇ ਦੁਕਾਨਾਂ ਖੁੱਲ੍ਹੀਆਂ ਰੱਖਣ ਲਈ ਰਾਜ ਸਰਕਾਰ ਜਲਦ ਹੀ ਵਿਧਾਨ ਸਭਾ 'ਚ ਬਿੱਲ ਪੇਸ ਕਰਨ ਜਾ ਰਹੀ ਹੈ। ਇਹ ਬਿੱਲ ਮਾਨਸੂਨ ਸੈਸ਼ਨ 'ਚ ਲਿਆਉਣ ਦੀ ਤਿਆਰੀ ਸਰਕਾਰ ਨੇ ਕੀਤੀ ਹੈ। ਹਾਲਾਂਕਿ ਸਿਰਫ ਇਸ ਗੱਲ ਨੂੰ ਲੈ ਕੇ ਗਤੀਰੋਧ ਬਣਿਆ ਹੋਆਿ ਹੈ ਕਿ ਕੀ ਇਹ ਪੂਰੇ ਮੁੰਬਈ 'ਚ ਲਾਗੂ ਹੋਵੇਗਾ ਜਾਂ ਕੁਝ ਚੁਨਿੰਦਾ ਥਾਂਵਾਂ 'ਤੇ। ਸਰਕਾਰ ਨੇ ਮਹਾਰਾਸ਼ਟਰ ਸ਼ਾਪ ਐਂਡ ਇਸਟੈਬਲਿਸ਼ਮੈਂਟ ਐਕਟ 'ਚ ਸੋਧ ਕਰਨ ਵਾਲੇ ਲੋਕਾਂ ਤੋਂ ਵਿਚਾਰ ਵੀ ਮੰਗੇ ਹਨ।
ਜੇਕਰ ਵਿਧਾਨ ਸਭਾ 'ਚ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਫਿਰ ਅਜਿਹੀਆਂ ਦੁਕਾਨਾਂ ਅਤੇ ਮਾਰਕੀਟ 'ਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਹਫਤੇ 'ਚ ਇਕ ਦਿਨ ਦਾ ਵੀਕਲੀ ਆਫ ਦੇਣਾ ਹੋਵੇਗਾ। ਔਰਤਾਂ ਨੂੰ ਰਾਤ ਨੂੰ ਕੰਮ ਕਰਨ ਦੀ ਛੂਟ ਮਿਲੇਗੀ ਪਰ ਇਸ ਲਈ ਉਨ੍ਹਾਂ ਦੀ ਸਹਿਮਤੀ ਅਤੇ ਸੁਰੱਖਿਆ 'ਤੇ ਧਿਆਨ ਦੇਣਾ ਹੋਵੇਗਾ। ਹਾਲਾਂਕਿ ਸਰਕਾਰ ਨੇ ਸਾਫ ਕੀਤਾ ਹੈ ਕਿ ਬਿੱਲ ਪਾਸ ਹੋ ਜਾਣ ਤੋਂ ਬਾਅਦ ਬੀਅਰ ਬਾਰ, ਵਾਈਨ ਸ਼ਾਪ, ਪਰਮਿਟ ਰੂਮ, ਡਿਸਕੋਥਿਕ ਅਤੇ ਪਬ ਰਾਤ ਨੂੰ ਨਹੀਂ ਖੁੱਲ੍ਹਣਗੇ। ਅਜਿਹਾ ਇਸ ਲਈ ਕਿਉਂਕਿ ਇਸ ਨਾਲ ਸ਼ਹਿਰ ਦੀ ਕਾਨੂੰਨ ਵਿਵਸਥਾ ਵਿਗੜ ਸਕਦੀ ਹੈ।


Related News