ਪੰਜਾਬ 'ਚ 3 ਘੰਟੇ ਪਿਆ ਜ਼ੋਰਦਾਰ ਮੀਂਹ, ਘਰਾਂ ਤੇ ਸੜਕਾਂ 'ਤੇ ਪਾਣੀ ਹੀ ਪਾਣੀ

Saturday, Sep 07, 2024 - 09:54 AM (IST)

ਪੰਜਾਬ 'ਚ 3 ਘੰਟੇ ਪਿਆ ਜ਼ੋਰਦਾਰ ਮੀਂਹ, ਘਰਾਂ ਤੇ ਸੜਕਾਂ 'ਤੇ ਪਾਣੀ ਹੀ ਪਾਣੀ

ਚੰਡੀਗੜ੍ਹ (ਆਸ਼ੂਤੋਸ਼) : ਪੰਜਾਬ ਸਮੇਤ ਚੰਡੀਗੜ੍ਹ 'ਚ ਮੀਂਹ ਪਿਆ, ਜਿਸ ਕਾਰਨ ਮੌਸਮ ਦਾ ਮਿਜਾਜ਼ ਬਦਲ ਗਿਆ। ਮੌਸਮ ਵਿਭਾਗ ਨੇ ਪਹਿਲਾਂ ਹੀ ਮੀਂਹ ਦੀ ਸੰਭਾਵਨਾ ਜਤਾਈ ਸੀ। ਇਸ ਦੇ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਸੀ। ਸ਼ੁੱਕਰਵਾਰ ਸਵੇਰੇ ਜਿੱਥੇ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਮੀਂਹ ਪਿਆ, ਉੱਥੇ ਹੀ ਚੰਡੀਗੜ੍ਹ ਸਮੇਤ ਆਸ-ਪਾਸ ਦੇ ਇਲਾਕਿਆਂ 'ਚ ਧੁੱਪ ਰਹੀ। ਦੁਪਹਿਰ ਕਰੀਬ 3.15 ਵਜੇ ਅਸਮਾਨ ਵਿਚ ਬੱਦਲ ਛਾ ਗਏ ਅਤੇ ਫਿਰ ਜ਼ੋਰਦਾਰ ਮੀਂਹ ਸ਼ੁਰੂ ਹੋ ਗਿਆ। ਕਰੀਬ 3 ਘੰਟੇ ਮੀਂਹ ਪਿਆ। ਇਸ ਕਾਰਨ ਸ਼ਹਿਰ ਦੇ ਕਈ ਸੈਕਟਰਾਂ 'ਚ ਪਾਣੀ ਭਰ ਗਿਆ। ਜ਼ੀਰਕਪੁਰ ਵਿਚ ਕਈ ਥਾਵਾਂ ’ਤੇ ਤਾਂ ਹਾਲਾਤ ਅਜਿਹੇ ਬਣ ਗਏ ਕਿ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਆਪਣੇ ਵਾਹਨ ਛੱਡ ਕੇ ਭੱਜਣਾ ਪਿਆ।

ਇਹ ਵੀ ਪੜ੍ਹੋ : ਪੰਜਾਬ ਵਾਸੀ ਹੋ ਜਾਣ ਸਾਵਧਾਨ! ਜਾਰੀ ਹੋ ਗਈ ਚਿਤਾਵਨੀ, ਸੋਚ-ਸਮਝ ਕੇ ਨਿਕਲੋ ਘਰੋਂ

ਚੰਡੀਗੜ੍ਹ-ਅੰਬਾਲਾ ਫਲਾਈਓਵਰ ’ਤੇ ਲੰਬਾ ਟ੍ਰੈਫਿਕ ਜਾਮ ਰਿਹਾ। ਇਸ ਕਾਰਨ ਵਾਹਨ ਚਾਲਕਾਂ ਨੂੰ ਕਰੀਬ 3 ਕਿਲੋਮੀਟਰ ਦੀ ਦੂਰੀ ਤੈਅ ਕਰਨ ਵਿਚ 20 ਮਿੰਟ ਲੱਗ ਗਏ। ਇਸੇ ਤਰ੍ਹਾਂ ਮੋਹਾਲੀ ਦੇ ਕਈ ਸੈਕਟਰਾਂ 'ਚ ਪਾਣੀ ਭਰ ਗਿਆ। ਨਵਾਂਗਰਾਓਂ ਵਿਚ ਤਾਂ ਪਾਣੀ ਘਰਾਂ ਵਿਚ ਵੜ ਗਿਆ ਅਤੇ ਲੋਕ ਨਗਰ ਕੌਂਸਲ ਦੀ ਕਾਰਜਪ੍ਰਣਾਲੀ ’ਤੇ ਸਵਾਲ ਖੜ੍ਹੇ ਕਰਦੇ ਨਜ਼ਰ ਆਏ। ਦੱਸ ਦੇਈਏ ਕਿ ਜੂਨ-ਜੁਲਾਈ 'ਚ ਸੁਸਤ ਰਹਿਣ ਵਾਲਾ ਮਾਨਸੂਨ ਇਸ ਮਹੀਨੇ ਰਫ਼ਤਾਰ ਫੜ੍ਹ ਗਿਆ ਹੈ। ਮਹੀਨੇ ਦੀ ਸ਼ੁਰੂਆਤ 'ਚ ਹੁਣ ਤੱਕ ਤਿੰਨ ਤੋਂ ਚਾਰ ਵਾਰ ਮੀਂਹ ਪੈ ਚੁੱਕਿਆ ਹੈ, ਜਿਸ ਕਾਰਨ ਤਾਪਮਾਨ 'ਚ ਗਿਰਾਵਟ ਆਈ ਹੈ। ਮੌਸਮ ਵਿਭਾਗ ਦੀ ਅਧਿਕਾਰਤ ਵੈੱਬਸਾਈਟ ਮੁਤਾਬਕ ਸ਼ਨੀਵਾਰ ਨੂੰ ਵੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ 12 ਸਤੰਬਰ ਤੱਕ ਧੁੱਪ ਰਹੇਗੀ। ਹਾਲਾਂਕਿ, ਰੁਕ-ਰੁਕ ਕੇ ਬੱਦਲ ਛਾਏ ਰਹਿਣਗੇ ਅਤੇ ਮਾਨਸੂਨ ਇੱਕ ਵਾਰ ਫਿਰ ਸਰਗਰਮ ਹੋਵੇਗਾ।

ਇਹ ਵੀ ਪੜ੍ਹੋ : ਪੰਜਾਬ 'ਚ ਮੁਫ਼ਤ ਬਿਜਲੀ ਨੂੰ ਲੈ ਕੇ ਸਰਕਾਰ ਦਾ ਵੱਡਾ ਫ਼ੈਸਲਾ (ਵੀਡੀਓ)
ਹਾਈਵੇਅ 'ਤੇ ਲੱਗਿਆ ਜਾਮ, ਗੱਡੀਆਂ ਵਿਚ ਭਰਿਆ ਪਾਣੀ, ਲੋਕ ਭੱਜੇ
ਭਾਰੀ ਬਰਸਾਤ ਕਾਰਨ ਸ਼ਹਿਰ ਦੀਆਂ ਮੁੱਖ ਸੜਕਾਂ ਸਮੇਤ ਅੰਦਰਲੇ ਖੇਤਰ ਪੂਰੀ ਤਰ੍ਹਾਂ ਪਾਣੀ ਵਿਚ ਡੁੱਬ ਗਿਆ। ਭਾਵੇਂ ਅੱਧਾ-ਪੌਣਾ ਘੰਟਾ ਮੀਂਹ ਪਿਆ ਪਰ ਮੁੱਖ ਮਾਰਗ ’ਤੇ ਲੱਗੇ ਜਾਮ ’ਚ ਖੜ੍ਹੇ ਵਾਹਨਾਂ ਵਿਚ ਪਾਣੀ ਨਾਲ ਭਰ ਗਿਆ ਅਤੇ ਪਾਣੀ ਦਾ ਪੱਧਰ ਵੱਧਦਾ ਦੇਖ ਕੁਝ ਲੋਕ ਆਪਣੇ ਵਾਹਨ ਅੱਧ ਵਿਚਾਲੇ ਛੱਡ ਕੇ ਸੁਰੱਖਿਅਤ ਥਾਵਾਂ ’ਤੇ ਚਲੇ ਗਏ। ਕਈ ਫੁੱਟ ਡੂੰਘੇ ਪਾਣੀ ਵਿਚ ਗੱਡੀਆਂ ਖ਼ਰਾਬ ਹੋ ਕੇ ਬੰਦ ਹੋ ਗਈਆਂ, ਜਿਨ੍ਹਾਂ ਨੂੰ ਬਾਅਦ ਵਿਚ ਟੋਅ ਕਰਕੇ ਹਟਾਇਆ ਗਿਆ। ਅੰਬਾਲਾ-ਚੰਡੀਗੜ੍ਹ ਹਾਈਵੇ ’ਤੇ ਨਿਕਾਸੀ ਦੇ ਪੁਖ਼ਤਾ ਪ੍ਰਬੰਧ ਨਾ ਹੋਣ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 



 


author

Babita

Content Editor

Related News