ਸ਼ਿਵਰਾਜ ਚੌਹਾਨ ਨੇ ਮੰਤਰੀਆਂ ਨੂੰ ਵੰਡੇ ਵਿਭਾਗ, ਸਿੰਧੀਆ ਸਮਰਥਕਾਂ ਨੂੰ ਮਿਲੇ ਅਹਿਮ ਮੰਤਰਾਲੇ

07/13/2020 7:49:10 PM

ਭੋਪਾਲ : ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਭਾਜਪਾ ਦੇ ਕੇਂਦਰੀ ਅਤੇ ਸੂਬਾ ਪੱਧਰ ਦੇ ਨੇਤਾਵਾਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਮੰਤਰੀ ਪ੍ਰੀਸ਼ਦ 'ਚ ਸ਼ਾਮਲ ਕੀਤੇ ਗਏ ਨਵੇਂ ਮੰਤਰੀਆਂ ਨੂੰ ਆਖ਼ਿਰਕਾਰ ਸੋਮਵਾਰ ਸਵੇਰੇ ਵਿਭਾਗਾਂ ਦਾ ਵੰਡ ਕਰ ਦਿੱਤਾ। ਸਾਬਕਾ ਕੇਂਦਰੀ ਮੰਤਰੀ ਜਯੋਤੀਰਾਦਿਤਿਆ ਸਿੰਧੀਆ ਦੇ ਸਮਰਥਕਾਂ ਨੂੰ ਅਹਿਮ ਵਿਭਾਗ ਦਿੱਤੇ ਗਏ ਹਨ। ਸਿੰਧੀਆ ਦੇ ਮਜ਼ਬੂਤ ਸਮਰਥਕ ਤੁਲਸੀ ਰਾਮ ਸਿਲਾਵਟ ਨੂੰ ਮੱਛੀ ਵਿਭਾਗ ਦਿੱਤਾ ਗਿਆ ਹੈ, ਜਦੋਂ ਕਿ ਉਨ੍ਹਾਂ ਕੋਲ ਪਹਿਲਾਂ ਤੋਂ ਹੀ ਪਾਣੀ ਸੰਸਾਧਨ ਵਿਭਾਗ ਹੈ। ਗੋਵਿੰਦ ਸਿੰਘ ਰਾਜਪੂਤ ਨੂੰ ਮਾਲੀਆ ਅਤੇ ਟ੍ਰਾਂਸਪੋਰਟ ਵਿਭਾਗ ਦਿੱਤਾ ਗਿਆ ਹੈ। ਸਿਲਾਵਟ ਅਤੇ ਰਾਜਪੂਤ ਨੂੰ ਮੰਤਰੀ ਪ੍ਰੀਸ਼ਦ ਦੇ ਅਪ੍ਰੈਲ ਮਹੀਨੇ 'ਚ ਹੋਏ ਪਹਿਲੇ ਵਿਸਥਾਰ 'ਚ ਸ਼ਾਮਲ ਕੀਤਾ ਗਿਆ ਸੀ।
ਭਾਜਪਾ ਦੇ ਸੀਨੀਅਰ ਵਿਧਾਇਕ ਡਾ. ਨਰੋਤਮ ਮਿਸ਼ਰਾ ਕੋਲ ਗ੍ਰਹਿ ਵਿਭਾਗ ਹੈ ਪਰ ਮਿਸ਼ਰਾ ਨੂੰ ਸਿੰਧੀਆ ਸਮਰਥਕ ਡਾ. ਪ੍ਰਭੂ ਰਾਮ ਚੌਧਰੀ ਲਈ ਸਿਹਤ ਵਿਭਾਗ ਛੱਡਣਾ ਪਿਆ ਹੈ। ਡਾ. ਚੌਧਰੀ ਵੀ ਇੱਕ ਡਾਕਟਰ ਹਨ। ਮਿਸ਼ਰਾ ਨੂੰ ਸੰਸਦੀ ਕਾਰਜ ਅਤੇ ਕਾਨੂੰਨ ਵਿਭਾਗ ਵੀ ਸੌਂਪੇ ਗਏ ਹਨ। 28 ਨਵੇਂ ਮੰਤਰੀਆਂ ਨੇ 2 ਜੁਲਾਈ ਨੂੰ ਸਹੁੰ ਚੁੱਕੀ ਸੀ। ਮੁੱਖ ਮੰਤਰੀ ਸਮੇਤ ਮੰਤਰੀ ਪ੍ਰੀਸ਼ਦ 'ਚ ਕੁਲ 34 ਮੈਂਬਰ ਹਨ। ਸਿੰਧੀਆ ਨਾਲ ਕਾਂਗਰਸ ਛੱਡਣ ਵਾਲੇ 22 ਨੇਤਾਵਾਂ 'ਚੋਂ 14 ਨੂੰ ਮੰਤਰੀ ਪ੍ਰੀਸ਼ਦ 'ਚ ਸ਼ਾਮਲ ਕੀਤਾ ਗਿਆ ਹੈ। ਇਹ ਸਾਰੇ ਫਿਲਹਾਲ ਵਿਧਾਇਕ ਨਹੀਂ ਹਨ ਅਤੇ ਇਨ੍ਹਾਂ ਨੂੰ ਅਗਲੀਆਂ ਜ਼ਿਮਨੀ ਚੋਣਾਂ 'ਚ ਉਤਰਨਾ ਹੋਵੇਗਾ। 

ਵਿਧਾਨ ਸਭਾ 'ਚ 25 ਸੀਟਾਂ ਖਾਲੀ, ਜਲਦ ਹੋਣਗੀਆਂ ਜ਼ਿਮਨੀ ਚੋਣਾਂ 
ਕਾਂਗਰਸ ਦੇ ਇੱਕ ਹੋਰ ਵਿਧਾਇਕ ਪ੍ਰਦੁੱਮਨ ਸਿੰਘ ਲੋਧੀ ਨੇ ਐਤਵਾਰ ਨੂੰ ਭਾਜਪਾ 'ਚ ਸ਼ਾਮਲ ਹੋਣ ਲਈ ਵਿਧਾਨ ਸਭਾ ਤੋਂ ਅਸਤੀਫਾ ਦੇ ਦਿੱਤਾ। ਇਸ ਤਰ੍ਹਾਂ ਕਾਂਗਰਸ ਦੇ 23 ਵਿਧਾਇਕਾਂ ਨੇ ਭਾਜਪਾ 'ਚ ਸ਼ਾਮਲ ਹੋਣ ਲਈ ਵਿਧਾਨ ਸਭਾ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ 2 ਵਿਧਾਇਕਾਂ ਦਾ ਦਿਹਾਂਤ ਹੋ ਗਿਆ ਹੈ। ਵਿਧਾਨ ਸਭਾ 'ਚ ਇਸ ਸਮੇਂ 25 ਸੀਟਾਂ ਖਾਲੀ ਹਨ। ਇਨ੍ਹਾਂ ਲਈ ਜਲਦ ਹੀ ਜ਼ਿਮਨੀ ਚੋਣਾਂ ਹੋਣਗੀਆਂ।


Inder Prajapati

Content Editor

Related News