ਮੰਦਰ ਕੋਲ ਬਣੀ ਮਜਾਰ ਨੂੰ ਤੋੜ ਕੇ ਸ਼ਿਵਲਿੰਗ ਸਥਾਪਤ ਕੀਤਾ, ਪੁਲਸ ਫੋਰਸ ਤਾਇਨਾਤ

Thursday, Sep 19, 2024 - 03:32 PM (IST)

ਸ਼ਾਹਜਹਾਂਪੁਰ- ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲ੍ਹੇ ਦੇ ਇਕ ਪਿੰਡ ਵਿਚ ਸ਼ਰਾਰਤੀ ਅਨਸਰਾਂ ਨੇ ਮੰਦਰ ਕੋਲ ਬਣੀ ਮਜਾਰ ਨੂੰ ਤੋੜ ਕੇ ਉੱਥੇ ਸ਼ਿਵਲਿੰਗ ਸਥਾਪਤ ਕਰ ਦਿੱਤਾ, ਜਿਸ ਨੂੰ ਬਾਅਦ ਵਿਚ ਪੁਲਸ ਨੇ ਹਟਵਾਇਆ ਅਤੇ ਸਥਿਤੀ ਨੂੰ ਆਮ ਕੀਤਾ। ਇਸ ਮਾਮਲੇ 'ਚ ਪੁਲਸ ਨੇ ਮੰਦਰ ਦੇ ਪੁਜਾਰੀ ਅਤੇ ਕੁਝ ਅਣਪਛਾਤੇ ਲੋਕਾਂ 'ਤੇ ਮਾਮਲਾ ਦਰਜ ਕਰ ਲਿਆ ਹੈ। ਪਿੰਡ ਵਿਚ ਵੱਡੀ ਗਿਣਤੀ ਵਿਚ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ। 

ਵਧੀਕ ਐਸ.ਪੀ  ਮਨੋਜ ਅਵਸਥੀ ਨੇ ਵੀਰਵਾਰ ਨੂੰ ਦੱਸਿਆ ਕਿ ਥਾਣਾ ਸਿਧੌਲੀ ਅਧੀਨ ਸਹੋਰਾ ਪਿੰਡ ਵਿਚ ਇਕ ਮੰਦਰ ਕੋਲ ਦੋ ਮਜਾਰਾਂ ਹਨ। ਮਜਾਰਾਂ 'ਤੇ ਇਕ ਭਾਈਚਾਰੇ ਦੇ  ਲੋਕਾਂ ਨੇ ਝਾਲਰ ਲਾ ਕੇ ਸਜਾਵਟ ਕੀਤੀ ਸੀ ਅਤੇ ਪੁਲਸ ਨੇ ਇਹ ਸੂਚਨਾ ਮਿਲਣ 'ਤੇ ਝਾਲਰ ਆਦਿ ਹਟਵਾ ਦਿੱਤੀ ਸੀ। ਉਨ੍ਹਾਂ ਨੇ ਕਿਹਾ ਕਿ ਪੁਲਸ ਇਸ ਮਾਮਲੇ ਵਿਚ ਜਾਂਚ ਕਰ ਰਹੀ ਸੀ ਕਿ ਝਾਲਰ ਕਿਸ ਨੇ ਲਾਈ ਪਰ ਇਸ ਦਰਮਿਆਨ ਮੰਗਲਵਾਰ ਨੂੰ ਕਿਸੇ ਸਮੇਂ ਸ਼ਰਾਰਤੀ ਅਨਸਰਾਂ ਨੇ ਇਕ ਮਜਾਰ ਦੇ ਉੱਪਰੀ ਹਿੱਸੇ ਨੂੰ ਤੋੜ ਦਿੱਤਾ। 

ਅਵਸਥੀ ਨੇ ਦੱਸਿਆ ਕਿ ਇਸ ਤੋਂ ਬਾਅਦ ਮਜਾਰ 'ਤੇ ਸ਼ਿਵਲਿੰਗ ਸਥਾਪਤ ਕਰ ਦਿੱਤਾ ਗਿਆ, ਜਿਸ ਦੀ ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚ ਗਈ। ਉਨ੍ਹਾਂ ਨੇ ਕਿਹਾ ਕਿ ਉਦੋਂ ਤੱਕ ਦੋਹਾਂ ਭਾਈਚਾਰਿਆਂ ਦੀ ਵੱਡੀ ਭੀੜ ਇਕੱਠੀ ਹੋ ਗਈ ਸੀ ਅਤੇ ਸਥਾਨਕ ਪੁਲਸ ਨੇ ਇਸ ਬਾਰੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਪੁਲਸ ਨੇ ਮਜਾਰ 'ਤੇ ਸਥਾਪਤ ਕੀਤੇ ਗਏ ਸ਼ਿਵਲਿੰਗ ਨੂੰ ਹਟਵਾ ਦਿੱਤਾ ਅਤੇ ਪਿੰਡ ਵਿਚ ਤਣਾਅ ਨੂੰ ਵੇਖਦੇ ਹੋਏ ਵੱਡੀ ਗਿਣਤੀ ਵਿਚ ਪੁਲਸ ਫੋਰਸ ਤੋਂ ਇਲਾਵਾ ਪੀ. ਏ. ਸੀ. ਨੂੰ ਤਾਇਨਾਤ ਕੀਤਾ ਗਿਆ ਹੈ। 

ਪੁਲਸ ਨੇ ਰਿਆਜੁਦੀਨ ਨਾਮੀ ਵਿਅਕਤੀ ਦੀ ਸ਼ਿਕਾਇਤ 'ਤੇ ਮੰਦਰ ਦੇ ਪੁਜਾਰੀ ਨੇਵਾਰਾਮ ਸਮੇਤ ਅਣਪਛਾਤੇ ਲੋਕਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਮਜਾਰ ਨੂੰ ਠੀਕ ਕਰਵਾ ਦਿੱਤਾ। ਅਧਿਕਾਰੀਆਂ ਮੁਤਾਬਕ ਫਿਲਹਾਲ ਪਿੰਡ ਵਿਚ ਸਥਿਤੀ ਆਮ ਹੈ। ਧਾਰਮਿਕ ਸਥਾਨਾਂ ਦੀ ਜ਼ਮੀਨ ਗ੍ਰਾਮ ਸਮਾਜ ਦੀ ਹੈ ਅਤੇ ਦੋਵੇਂ ਪੱਖ ਉਸ 'ਤੇ ਕਬਜ਼ਾ ਕਰਨਾ ਚਾਹੁੰਦੇ ਹਨ, ਇਸ ਲਈ ਵਿਵਾਦ ਹੁੰਦਾ ਰਹਿੰਦਾ ਹੈ।


Tanu

Content Editor

Related News