ਸ਼ਿਵ ਸੈਨਾ ਨੇ ਕਿਹਾ- ਮਹਾਰਾਸ਼ਟਰ ’ਚ ਜਾਰੀ ਸਾਰੇ ‘ਤਮਾਸ਼ੇ’ ਪਿੱਛੇ ਭਾਜਪਾ ਦਾ ਹੱਥ

Monday, Jun 27, 2022 - 12:26 PM (IST)

ਸ਼ਿਵ ਸੈਨਾ ਨੇ ਕਿਹਾ- ਮਹਾਰਾਸ਼ਟਰ ’ਚ ਜਾਰੀ ਸਾਰੇ ‘ਤਮਾਸ਼ੇ’ ਪਿੱਛੇ ਭਾਜਪਾ ਦਾ ਹੱਥ

ਮੁੰਬਈ– ਮਹਾਰਾਸ਼ਟਰ ’ਚ ਸ਼ਿਵ ਸੈਨਾ ਦੇ ਬਾਗੀ ਵਿਧਾਇਕਾਂ ਨੂੰ ਕੇਂਦਰ ਸਰਕਾਰ ਵਲੋਂ ‘ਵਾਈ ਪਲੱਸ’ ਸੁਰੱਖਿਆ ਦਿੱਤੇ ਜਾਣ ਮਗਰੋਂ ਸੋਮਵਾਰ ਨੂੰ ਪਾਰਟੀ ਨੇ ਦਾਅਵਾ ਕੀਤਾ ਹੈ ਕਿ ਹੁਣ ਇਹ ਸਾਫ਼ ਹੋ ਗਿਆ ਹੈ ਕਿ ਸੂਬੇ ’ਚ ਜਾਰੀ ਸਿਆਸੀ ਸੰਕਟ ਦਰਮਿਆਨ ਭਾਜਪਾ ਹੀ ਇਹ ਸਭ ਤਮਾਸ਼ਾ ਕਰ ਰਹੀ ਹੈ। ਸ਼ਿਵ ਸੈਨਾ ਦੇ ਮੁੱਖ ਪੱਤਰ ‘ਸਾਮਨਾ’ ਵਿਚ ਇਕ ਸੰਪਾਦਕੀ ’ਚ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੇ ਪਾਰਟੀ ਦੇ ਬਾਗੀ ਵਿਧਾਇਕਾਂ ’ਤੇ ਦੋਸ਼ ਲਾਇਆ ਗਿਆ ਹੈ ਕਿ ਉਹ 50-50 ਕਰੋੜ ਰੁਪਏ ’ਚ ‘ਵਿਕ’ ਗਏ ਹਨ। ਕੇਂਦਰ ਸਰਕਾਰ ਨੇ ਐਤਵਾਰ ਨੂੰ ਸ਼ਿਵ ਸੈਨਾ ਦੇ ਘੱਟ ਤੋਂ ਘੱਟ 15 ਬਾਗੀ ਵਿਧਾਇਕਾਂ ਨੂੰ CRPF ਕਮਾਂਡੋ ਦੇ ਘੇਰੇ ਵਾਲੀ ‘ਵਾਈ ਪਲੱਸ’ ਸੁਰੱਖਿਆ ਪ੍ਰਦਾਨ ਕੀਤੀ ਹੈ।

ਅਧਿਕਾਰੀਆਂ ਮੁਤਾਬਕ ਜਿਨ੍ਹਾਂ ਵਿਧਾਇਕਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ, ਉਨ੍ਹਾਂ ’ਚ ਰਮੇਸ਼ ਬੋਰਨਾਰੇ, ਮੰਗੇਸ਼ ਕੁਡਲਕਰ, ਸੰਜੇ ਸ਼੍ਰਿਸ਼ਠ, ਲਤਾਬਾਈ ਸੋਨਵਣੇ, ਪ੍ਰਕਾਸ਼ ਸੁਰਵੇ ਅਤੇ 10 ਹੋਰ ਵਿਧਾਇਕ ਸ਼ਾਮਲ ਹਨ। ਅਧਿਕਾਰੀਆਂ ਨੇ ਕਿਹਾ ਕਿ ਮਹਾਰਾਸ਼ਟਰ ’ਚ ਰਹਿ ਰਹੇ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ। ਵਿਧਾਇਕਾਂ ਦੇ ਗੁਹਾਟੀ ਤੋਂ ਮਹਾਰਾਸ਼ਟਰ ਪਰਤਣ ਮਗਰੋਂ ਹਰੇਕ ਪਾਲੀ ’ਚ CRPF ਦੇ ਲੱਗਭਗ 4 ਤੋਂ 5 ਕਮਾਂਡੋ ਉਨ੍ਹਾਂ ਦੀ ਸੁਰੱਖਿਆ ਕਰਨਗੇ।

ਸੰਪਾਦਕੀ ਵਿਚ ਦਾਅਵਾ ਕੀਤਾ ਗਿਆ ਹੈ, “ਵਡੋਦਰਾ ’ਚ ਏਕਨਾਥ ਸ਼ਿੰਦੇ ਅਤੇ ਦੇਵੇਂਦਰ ਫੜਨਵੀਸ ਦੀ ਇਕ ਗੁਪਤ ਮੀਟਿੰਗ ਹੋਈ ਸੀ। ਮੀਟਿੰਗ ’ਚ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੌਜੂਦ ਸਨ।” ਸੰਪਾਦਕੀ ’ਚ ਇਹ ਵੀ ਕਿਹਾ ਗਿਆ ਹੈ ਕਿ ਮੀਟਿੰਗ ਤੋਂ ਤੁਰੰਤ ਬਾਅਦ ਕੇਂਦਰ ਨੇ ਬਾਗੀ ਵਿਧਾਇਕਾਂ ਨੂੰ ‘ਵਾਈ ਪਲੱਸ’ ਸੁਰੱਖਿਆ ਇਸ ਤਰ੍ਹਾਂ ਪ੍ਰਦਾਨ ਕੀਤੀ, ਜਿਵੇਂ ਉਹ ‘ਲੋਕਤੰਤਰ ਦੇ ਰਾਖੇ’ ਹੋਣ। 'ਸਾਮਨਾ' 'ਚ ਪੁੱਛਿਆ ਗਿਆ ਹੈ ਕਿ ਕੀ ਕੇਂਦਰ ਸਰਕਾਰ ਨੂੰ ਡਰ ਸੀ ਕਿ ਉਹ ਸੂਬੇ 'ਚ ਵਾਪਸ ਆ ਕੇ ਆਪਣੀ ਪਾਰਟੀ 'ਚ ਵਾਪਸ ਚਲੇ ਜਾਣਗੇ? ਇਹ ਹੁਣ ਸਪੱਸ਼ਟ ਹੋ ਗਿਆ ਹੈ ਕਿ ਕੇਂਦਰ ਅਤੇ ਸੂਬੇ 'ਚ ਭਾਜਪਾ ਦੇ ਨੇਤਾਵਾਂ ਨੇ ਹੀ ਇਨ੍ਹਾਂ ਬਾਗੀ ਵਿਧਾਇਕਾਂ ਦੀ ਸਕ੍ਰਿਪਟ ਲਿਖੀ ਹੈ ਅਤੇ ਉਹ ਇਸ ਪੂਰੇ ਤਮਾਸ਼ੇ ਨੂੰ ਨਿਰਦੇਸ਼ਿਤ ਕਰ ਰਹੇ ਹਨ। ਬਾਗੀ ਵਿਧਾਇਕਾਂ ਨੂੰ ਵਾਈ ਪਲੱਸ ਸੁਰੱਖਿਆ ਪ੍ਰਦਾਨ ਕਰਕੇ ਮਹਾਰਾਸ਼ਟਰ ਖ਼ਿਲਾਫ ਭਾਜਪਾ ਦੀ ‘ਗੱਦਾਰੀ’ ਦਾ ਪਰਦਾਫਾਸ਼ ਹੋ ਗਿਆ ਹੈ।


 


author

Tanu

Content Editor

Related News