ਪੋਤੀ ਦੀ ਹੌਸਲਾ-ਅਫ਼ਜ਼ਾਈ ਸਦਕਾ ਰਿਟਾਇਰਮੈਂਟ ਦੀ ਉਮਰ ’ਚ ਦਾਦੀ ਨੇ ਖੜ੍ਹਾ ਕੀਤਾ ਬਿਜ਼ਨੈੱਸ, ਤੁਸੀਂ ਵੀ ਹੋਵੇਗੇ ਮੁਰੀਦ

Monday, Jun 13, 2022 - 01:38 PM (IST)

ਪੋਤੀ ਦੀ ਹੌਸਲਾ-ਅਫ਼ਜ਼ਾਈ ਸਦਕਾ ਰਿਟਾਇਰਮੈਂਟ ਦੀ ਉਮਰ ’ਚ ਦਾਦੀ ਨੇ ਖੜ੍ਹਾ ਕੀਤਾ ਬਿਜ਼ਨੈੱਸ, ਤੁਸੀਂ ਵੀ ਹੋਵੇਗੇ ਮੁਰੀਦ

ਨਵੀਂ ਦਿੱਲੀ– ਮਨ ਦੇ ਹਾਰੇ, ਹਾਰ ਹੈ- ਮਨ ਦੇ ਜਿੱਤੇ, ਜਿੱਤ... ਅਜਿਹਾ ਹੀ ਕੁਝ ਇੰਸਟਾਗ੍ਰਾਮ ’ਤੇ ਦਾਦੀ-ਪੋਤੀ ਦੀ ਜੋੜੀ ਨੂੰ ਵੇਖ ਕੇ ਲੱਗਦਾ ਹੈ। ਦਾਦੀ-ਪੋਤੀ ਦੀ ਜੋੜੀ ਨੇ ਕੋਰੋਨਾ ਦੇ ਚੱਲਦੇ ਲੱਗੇ ਲਾਕਡਾਊਨ ’ਚ ਹਾਰ ਮੰਨਣ ਦੀ ਬਜਾਏ ਉਸ ਨੂੰ ਮੌਕੇ ਵਾਂਗ ਲਿਆ। ਅਸੀਂ ਗੱਲ ਕਰ ਰਹੇ ਹਾਂ ਪੱਛਮੀ ਦਿੱਲੀ ਦੇ ਮਹਾਵੀਰ ਨਗਰ ’ਚ ਰਹਿਣ ਵਾਲੀ 78 ਸਾਲਾ ਸ਼ੀਲਾ ਬਜਾਜ ਅਤੇ ਉਨ੍ਹਾਂ ਦੀ 27 ਸਾਲ ਦੀ ਪੋਤੀ ਯੁਕਤੀ ਬਜਾਜ ਬਾਰੇ। ਲਾਕਡਾਊਨ ਦੌਰਾਨ ਆਪਣੀ ਪੋਤੀ ਵਲੋਂ ਹੌਸਲਾ-ਅਫ਼ਜਾਈ ਕਰਨ ’ਤੇ ਉੱਨ ਨਾਲ ਬਣੇ ਕੱਪੜਿਆਂ ਅਤੇ ਵੱਖ-ਵੱਖ  ਸਾਮਾਨਾਂ ਦਾ ਬਿਜ਼ਨੈੱਸ ਖੜ੍ਹਾ ਕਰ ਲਿਆ, ਉਹ ਵੀ ਸੋਸ਼ਲ ਮੀਡੀਆ ਦੇ ਦਮ ’ਤੇ।

ਲਾਕਡਾਊਨ ’ਚ ਬਣਾਇਆ ਸੀ ਇੰਸਟਾਗ੍ਰਾਮ ’ਤੇ ਅਕਾਊਂਟ

ਯੁਕਤੀ ਨੇ ਦੱਸਿਆ ਕਿ ਉਨ੍ਹਾਂ ਦੀ ਦਾਦੀ ਅਕਸਰ ਨੇੜਲੇ ਲੋਕਾਂ ਅਤੇ ਘਰ ਦੇ ਮੈਂਬਰਾਂ ਲਈ ਤਰ੍ਹਾਂ-ਤਰ੍ਹਾਂ ਦੇ ਕ੍ਰੋਸ਼ੀਆ ਤੋਂ ਉੱਨ ਦੇ ਸਾਮਾਨ ਬਣਾਇਆ ਕਰਦੀ ਸੀ, ਜਿਨ੍ਹਾਂ ਨੂੰ ਕਾਫੀ ਪਸੰਦ ਕਰਦੇ ਸਨ। ਕੋਰੋਨਾ ਕਾਲ ’ਚ ਜਦੋਂ ਲਾਕਡਾਊਨ ਲੱਗਾ ਤਾਂ ਪਹਿਲਾਂ ਅਸੀਂ ਸ਼ੌਕੀਆ ਤੌਰ ’ਤੇ ਇਕ ਇੰਸਟਾਗ੍ਰਾਮ ਪੇਜ ਬਣਾਇਆ। ਹੁਣ ਸਾਨੂੰ ਸਾਮਾਨ ਬਣਾਉਣ ਲਈ ਉੱਨ ਦੀ ਜ਼ਰੂਰਤ ਸੀ ਪਰ ਲਾਕਡਾਊਨ ਹੋਣ ਦੀ ਵਜ੍ਹਾ ਕਰ ਕੇ ਦੁਕਾਨਾਂ ਬੰਦ ਸਨ। ਅਜਿਹੇ ’ਚ ਦਾਦੀ ਨੇ ਪੁਰਾਣੀਆਂ ਜੈਕਟਾਂ ਅਤੇ ਸਵੈਟਰਾਂ ਨੂੰ ਉਧੇੜ ਕੇ ਉਸ ਤੋਂ ਨਵੀਆਂ-ਨਵੀਆਂ ਚੀਜ਼ਾਂ ਬਣਾ ਕੇ ਇੰਸਟਾਗ੍ਰਾਮ ’ਤੇ ਪਾਉਣਾ ਸ਼ੁਰੂ ਕਰ ਦਿੱਤਾ। ਕੁਝ ਹੀ ਦਿਨਾਂ ਬਾਅਦ ਦਾਦੀ ਦੇ ਬਣਾਏ ਸਾਮਾਨ ਨੂੰ ਲੋਕਾਂ ਨੇ ਬਹੁਤ ਪਸੰਦ ਕਰਨਾ ਸ਼ੁਰੂ ਕਰ ਦਿੱਤਾ। ਇੰਨਾ ਹੀ ਨਹੀਂ ਲੋਕ ਉਨ੍ਹਾਂ ਨੂੰ ਆਨਲਾਈਨ ਪਸੰਦ ਕਰ ਕੇ ਆਰਡਰ ਦੇਣ ਲੱਗੇ। ਇਨ੍ਹਾਂ ਸਾਮਾਨਾਂ ਦੀ ਕੀਮਤ 100 ਰੁਪਏ ਤੋਂ ਲੈ ਕੇ 5000 ਰੁਪਏ ਤੱਕ ਹੈ, ਵਸਤੂਆਂ ਦੀ ਕੀਮਤ ਉਨ੍ਹਾਂ ਦੇ ਡਿਜ਼ਾਈਨ ’ਤੇ ਆਧਾਰਿਤ ਹੈ। ਹਰ ਪੀੜ੍ਹੀ ਲਈ ਉਨ੍ਹਾਂ ਕੋਲ ਕੁਝ ਨਾ ਕੁਝ ਹੈ।

PunjabKesari

ਸ਼ੁਰੂ ਕਰ ਦਿੱਤੀ ਦਾਦੀ-ਨਾਨੀ ਕਮਿਊਨਿਟੀ 
ਯੁਕਤੀ ਨੇ ਦੱਸਿਆ ਕਿ ਕਈ ਉਮਰ ਦਰਾਜ ਔਰਤਾਂ ਨੇ ਆਪਣੇ ਹੁਨਰ ਨੂੰ ਵਿਖਾਉਣ ਲਈ ਹੁਣ ਉਨ੍ਹਾਂ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ। ਜਿਸ ਦੇ ਚੱਲਦੇ ਉਨ੍ਹਾਂ ਨੇ ਦਾਦੀ-ਨਾਨੀ ਕਮਿਊਨਿਟੀ ਸ਼ੁਰੂ ਕਰ ਦਿੱਤੀ। ਇਸ ’ਚ ਅਜੇ 6 ਤੋਂ 7 ਔਰਤਾਂ ਜੁੜੀਆਂ ਹਨ। ਇਹ ਔਰਤਾਂ ਮੰਗਲੁਰੂ, ਬੇਂਗਲੁਰੂ ਅਤੇ ਇੰਦੌਰ ਤੋਂ ਹਨ। ਅਜੇ ਦਾਦੀ ਹਰ ਮਹੀਨੇ 30-40 ਹਜ਼ਾਰ ਰੁਪਏ ਮਹੀਨਾ ਕਮਾ ਲੈਂਦੀ ਹੈ।

PunjabKesari
 

ਬਚਪਨ ’ਚ ਦਾਦੀ ਨੇ ਸਕੂਲ ’ਚ ਸਿੱਖਿਆ ਸੀ ਕ੍ਰੋਸ਼ੀਆ ਵਰਕ
ਸ਼ੀਲਾ ਬਜਾਜ ਨੇ ਦੱਸਿਆ ਕਿ ਉਨ੍ਹਾਂ ਨੇ ਬਚਪਨ ’ਚ ਸਕੂਲ ਸਮੇਂ ਕ੍ਰੋਸ਼ੀਆ ਵਰਕ ਸਿੱਖਿਆ ਸੀ ਪਰ ਘਰ ’ਚ ਆਪਣਿਆਂ ਲਈ ਇਸ ਹੁਨਰ ਨੂੰ ਜਾਰੀ ਰੱਖਿਆ। ਰਿਟਾਰਇਰਮੈਂਟ ਦੀ ਉਮਰ ’ਚ ਉਨ੍ਹਾਂ ਦੀ ਪੋਤੀ ਨੇ ਉਨ੍ਹਾਂ ਨੂੰ ਬਿਜ਼ਨੈੱਸ ਵੁਮੈਨ ਬਣਾ ਦਿੱਤਾ ਹੈ। ਉਹ ਦੱਸਦੀ ਹੈ ਕਿ ਉਹ ਕਾਫੀ ਖੁਸ਼ ਹੈ ਅਤੇ ਇਸ ਸਫ਼ਲਤਾ ਲਈ ਪਰਮਾਤਮਾ ਦਾ ਧੰਨਵਾਦ ਕਰਦੀ ਹੈ।


author

Tanu

Content Editor

Related News