ਮਨੀ ਲਾਂਡਰਿੰਗ ਮਾਮਲਾ : ਪਵਾਰ ਦਾ ਪੋਤਾ ਈ. ਡੀ ਸਾਹਮਣੇ ਪੇਸ਼
Wednesday, Jan 24, 2024 - 07:48 PM (IST)
ਮੁੰਬਈ (ਭਾਸ਼ਾ)- ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ. ਸੀ. ਪੀ.) ਦੇ ਪ੍ਰਧਾਨ ਸ਼ਰਦ ਪਵਾਰ ਦਾ ਪੋਤਾ ਅਤੇ ਵਿਧਾਇਕ ਰੋਹਿਤ ਪਵਾਰ ਮਹਾਰਾਸ਼ਟਰ ਰਾਜ ਸਹਿਕਾਰੀ ਬੈਂਕ ਘਪਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ’ਚ ਪੁੱਛਗਿੱਛ ਲਈ ਬੁੱਧਵਾਰ ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੇ ਸਾਹਮਣੇ ਪੇਸ਼ ਹੋਇਆ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਐੱਨ .ਸੀ. ਪੀ. ਦੀ ਸੰਸਦ ਮੈਂਬਰ ਸੁਪ੍ਰਿਆ ਸੁਲੇ ਅਤੇ ਪਾਰਟੀ ਦੇ ਹੋਰ ਆਗੂ 38 ਸਾਲਾ ਰੋਹਿਤ ਪਵਾਰ ਨਾਲ ਜਾਂਚ ਏਜੰਸੀ ਦੇ ਦੱਖਣੀ ਮੁੰਬਈ ਦੇ ਬੈਲਾਰਡ ਅਸਟੇਟ ਸਥਿਤ ਦਫ਼ਤਰ ਪੁੱਜੇ।
ਸ਼ਾਹਜਹਾਂ ਸ਼ੇਖ ਦੇ ਘਰ ਮੁੜ ਛਾਪਾ
ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੀ ਟੀਮ ’ਤੇ ਹਮਲੇ ਦੇ 19 ਦਿਨਾਂ ਬਾਅਦ ਜਾਂਚ ਏਜੰਸੀ ਦੇ ਅਧਿਕਾਰੀਆਂ ਨੇ ਬੁੱਧਵਾਰ ਸਵੇਰੇ ਉੱਤਰੀ 24 ਪਰਗਨਾ ਜ਼ਿਲੇ ’ਚ ਭਗੌੜੇ ਤ੍ਰਿਣਮੂਲ ਕਾਂਗਰਸ ਨੇਤਾ ਸ਼ਾਹਜਹਾਂ ਸ਼ੇਖ ਦੇ ਘਰ ਛਾਪਾ ਮਾਰਿਆ।
ਈ. ਡੀ. ਦੀ ਟੀਮ ਕੇਂਦਰੀ ਹਥਿਆਰਬੰਦ ਪੁਲਸ ਫੋਰਸ ਦੇ 120 ਤੋਂ ਵੱਧ ਜਵਾਨਾਂ ਨਾਲ ਪਹੁੰਚੀ। ਅਧਿਕਾਰੀਆਂ ਨੇ ਸੰਦੇਸ਼ਖਾਲੀ ਖੇਤਰ ਵਿੱਚ ਸ਼ੇਖ ਦੀ ਰਿਹਾਇਸ਼ ਦੇ ਦਰਵਾਜ਼ੇ ਤੋੜ ਦਿੱਤੇ ਅਤੇ ਸਥਾਨਕ ਪੁਲਸ ਅਤੇ ਗਵਾਹਾਂ ਵਜੋਂ 2 ਸਥਾਨਕ ਲੋਕਾਂ ਦੀ ਮੌਜੂਦਗੀ ਵਿੱਚ ਘਰ ਦੀ ਤਲਾਸ਼ੀ ਲਈ।