ਪਹਿਲਵਾਨਾਂ ਨਾਲ ''ਹੱਥੋਪਾਈ'' ਸ਼ਰਮਨਾਕ, ''ਬੇਟੀ ਬਚਾਓ'' ਦਾ ਨਾਅਰਾ ਸਿਰਫ਼ ਦਿਖਾਵਾ : ਰਾਹੁਲ ਗਾਂਧੀ
Thursday, May 04, 2023 - 01:39 PM (IST)
ਨਵੀਂ ਦਿੱਲੀ (ਵਾਰਤਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਇੱਥੇ ਜੰਤਰ-ਮੰਤਰ 'ਤੇ ਧਰਨਾ ਦੇ ਰਹੀਆਂ ਮਹਿਲਾ ਖਿਡਾਰਣਾਂ ਨਾਲ ਕੀਤੇ ਜਾ ਰਹੇ ਰਵੱਈਏ ਨੂੰ ਸ਼ਰਮਨਾਕ ਦੱਸਦੇ ਹੋਏ ਵੀਰਵਾਰ ਨੂੰ ਕਿਹਾ ਕਿ ਦੇਸ਼ ਦੀਆਂ ਧੀਆਂ 'ਤੇ ਹੋ ਰਹੇ ਜ਼ੁਲਮ 'ਚ ਰੋਕਿਆ ਜਾਣਾ ਚਾਹੀਦਾ ਅਤੇ ਉਨ੍ਹਾਂ ਦੀ ਗੱਲ ਸੁਣੀ ਜਾਣੀ ਚਾਹੀਦੀ ਹੈ। ਕਾਂਗਰਸ ਨੇਤਾਵਾਂ ਨੇ ਕਿਹਾ ਕਿ 'ਬੇਟੀ ਬਚਾਓ' ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ਦਾ ਦਿਖਾਵਾ ਹੈ। ਖਿਡਾਰੀਆਂ ਦੇ ਹੰਝੂ ਬਹੁਤ ਦਰਦ ਦਿੰਦੇ ਹਨ, ਇਸ ਲਈ ਉਨ੍ਹਾਂ ਨਾਲ ਅੱਤਿਆਚਾਰ ਬੰਦ ਕਰ ਕੇ ਉਨ੍ਹਾਂ ਨਿਆਂ ਦਿੱਤਾ ਜਾਣਾ ਚਾਹੀਦਾ।
ਰਾਹੁਲ ਨੇ ਟਵੀਟ ਕਰ ਕੇ ਕਿਹਾ,''ਦੇਸ਼ ਦੇ ਖਿਡਾਰੀਆਂ ਨਾਲ ਅਜਿਹਾ ਰਵੱਈਆ ਬਹੁਤ ਹੀ ਸ਼ਰਮਨਾਕ ਹੈ। 'ਬੇਟੀ ਬਚਾਓ' ਸਿਰਫ਼ ਦਿਖਾਵਾ ਹੈ। ਅਸਲ 'ਚ ਭਾਜਪਾ ਭਾਰਤ ਦੀਆਂ ਧੀਆਂ 'ਤੇ ਅੱਤਿਆਚਾਰ ਕਰਨ ਤੋਂ ਕਦੇ ਪਿੱਛੇ ਨਹੀਂ ਹਟੀ ਹੈ।'' ਪ੍ਰਿਯੰਕਾ ਨੇ ਕਿਹਾ,''ਆਪਣੀ ਸਖ਼ਤ ਮਿਹਨਤ ਅਤੇ ਲਗਨ ਨਾਲ ਦੇਸ਼ ਅਤੇ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰਨ ਵਾਲੀਆਂ ਮਹਿਲਾ ਖਿਡਾਰਣਾਂ ਦੇ ਹੰਝੂ ਦੇਖ ਕੇ ਬਹੁਤ ਦੁਖ ਹੋਇਆ ਹੈ। ਇਨ੍ਹਾਂ ਦੀ ਸੁਣਵਾਈ ਹੋਵੇ ਅਤੇ ਉਨ੍ਹਾਂ ਨੂੰ ਨਿਆਂ ਦਿੱਤਾ ਜਾਵੇ।''