ਸ਼ਾਹੀਨ ਬਾਗ਼ ਦੇ ਸਮਾਜਿਕ ਵਰਕਰ ਸ਼ਹਿਜਾਦ ਅਲੀ ਭਾਜਪਾ ''ਚ ਹੋਏ ਸ਼ਾਮਲ, ਕਹੀ ਇਹ ਵੱਡੀ ਗੱਲ
Sunday, Aug 16, 2020 - 06:35 PM (IST)
ਨਵੀਂ ਦਿੱਲੀ- ਸ਼ਾਹੀਨ ਬਾਗ਼ ਦੇ ਸਮਾਜਿਕ ਵਰਕਰ ਸ਼ਹਿਜਾਦ ਅਲੀ ਨੇ ਐਤਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਹੱਥ ਫੜ ਲਿਆ ਹੈ। ਸ਼ਹਿਜਾਦ ਭਾਜਪਾ ਦੇ ਦਿੱਲੀ ਪ੍ਰਦੇਸ਼ ਪ੍ਰਧਾਨ ਆਦੇਸ਼ ਗੁਪਤਾ ਦੀ ਮੌਜੂਦਗੀ 'ਚ ਭਾਜਪਾ 'ਚ ਸ਼ਾਮਲ ਹੋਏ। ਇਸ ਮੌਕੇ ਭਾਜਪਾ ਨੇਤਾ ਸ਼ਾਮ ਜਾਜੂ ਵੀ ਮੌਜੂਦ ਸਨ। ਇਸ ਦੌਰਾਨ ਅਲੀ ਨੇ ਕਿਹਾ ਕਿ ਸਾਡੇ ਭਾਈਚਾਰੇ ਦੇ ਕੁਝ ਲੋਕ ਭਾਜਪਾ ਨੂੰ ਆਪਣਾ ਦੁਸ਼ਮਣ ਸਮਝਦੇ ਹਨ, ਮੈਂ ਉਨ੍ਹਾਂ ਨੂੰ ਗਲਤ ਸਾਬਤ ਕਰਨਾ ਚਾਹੁੰਦਾ ਹਾਂ। ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਸ਼ਹਿਜਾਦ ਅਲੀ ਨੇ ਕਿਹਾ,''ਮੈਂ ਭਾਜਪਾ 'ਚ ਸ਼ਾਮਲ ਹੋ ਗਿਆ ਹਾਂ ਤਾਂਕਿ ਆਪਣੇ ਭਾਈਚਾਰੇ ਦੇ ਉਨ੍ਹਾਂ ਲੋਕਾਂ ਨੂੰ ਗਲਤ ਸਾਬਤ ਕਰ ਸਕਾਂ, ਜੋ ਇਸ ਪਾਰਟੀ ਨੂੰ ਆਪਣਾ ਦੁਸ਼ਮਣ ਸਮਝਦੇ ਹਨ। ਇਸ ਤੋਂ ਇਲਾਵਾ ਅਸੀਂ ਸੀ.ਏ.ਏ. ਦੇ ਮੁੱਦੇ 'ਤੇ ਵੀ ਉਨ੍ਹਾਂ ਨਾਲ ਬੈਠਾਂਗੇ। ਦੱਸਣਯੋਗ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੇ ਸੀ.ਏ.ਏ. ਵਿਰੁੱਧ ਸ਼ਾਹੀਨ ਬਾਗ਼ ਦੇ ਧਰਨੇ ਨੂੰ ਬਹੁਤ ਵੱਡਾ ਮੁੱਦਾ ਬਣਾਇਆ ਸੀ ਪਰ ਹੁਣ ਉਸੇ ਇਲਾਕੇ ਦੇ ਇਕ ਸਮਾਜਿਕ ਵਰਕਰ ਅਤੇ ਯੂਥ ਮੁਸਲਿਮ ਚਿਹਰੇ ਨੇ ਆਪਣੇ ਹੱਥ 'ਚ ਕਮਲ ਫੜ ਲਿਆ ਹੈ।
ਇਸ ਕਾਰਨ ਹੋਇਆ ਸੀ ਹੰਗਾਮਾ
ਦੱਸਣਯੋਗ ਹੈ ਕਿ ਦਸੰਬਰ 2019 'ਚ ਮੋਦੀ ਸਰਕਾਰ ਨੇ ਸੰਸਦ ਤੋਂ ਸੀ.ਏ.ਏ. (ਨਾਗਰਿਕਤਾ ਸੋਧ ਬਿੱਲ) ਪਾਸ ਕਰਵਾ ਕੇ ਨਾਗਰਿਕਾ ਸੋਧ ਕਾਨੂੰਨ ਲਾਗੂ ਕੀਤਾ ਸੀ, ਜਿਸ ਦੇ ਅਧੀਨ ਪਾਕਿਸਤਾਨ, ਅਫ਼ਗਾਨਿਸਤਾਨ ਅਤੇ ਬੰਗਲਾਦੇਸ਼ ਤੋਂ ਤਸੀਹਿਆਂ ਦਾ ਸ਼ਿਕਾਰ ਹੋ ਕੇ ਭਾਰਤ ਆਉਣ ਵਾਲੇ ਗੈਰ-ਮੁਸਲਿਮ ਸ਼ਰਨਾਰਥੀਆਂ ਨੂੰ ਭਾਰਤ ਦੀ ਨਾਗਰਿਕਤਾ ਦਿੱਤੇ ਜਾਣ ਦਾ ਪ੍ਰਬੰਧ ਹੈ। ਇਸ ਕਾਨੂੰਨ ਦੇ ਅਧੀਨ ਇਨ੍ਹਾਂ ਤਿੰਨਾਂ ਦੇਸ਼ਾਂ ਤੋਂ ਜੋ ਹਿੰਦੂ, ਸਿੱਖ, ਜੈਨ, ਬੌਧ, ਪਾਰਸੀ ਅਤੇ ਕ੍ਰਿਸ਼ਚੀਅਨ ਧਾਰਮਿਕ ਤਸੀਹਿਆਂ ਕਾਰਨ 31 ਦਸੰਬਰ 2014 ਤੋਂ ਪਹਿਲਾਂ ਭਾਰਤ ਆ ਕੇ ਸ਼ਰਨਾਰਥੀ ਦਾ ਜੀਵਨ ਬਿਤਾ ਰਹੇ ਹਨ, ਉਨ੍ਹਾਂ ਨੂੰ ਭਾਰਤ ਦੀ ਨਾਗਰਿਕਤਾ ਦਿੱਤੀ ਜਾਵੇਗੀ ਪਰ ਇਸ ਕਾਨੂੰਨ ਦੇ ਵਿਰੋਧ 'ਚ ਮੁਸਲਿਮ ਭਾਈਚਾਰੇ ਨੇ ਦੇਸ਼ ਭਰ 'ਚ ਧਰਨਾ ਪ੍ਰਦਰਸ਼ਨ ਕੀਤਾ, ਜਿਸ 'ਚ ਦਿੱਲੀ ਦੇ ਸ਼ਾਹੀਨ ਬਾਗ਼ ਦਾ ਧਰਨਾ ਦੇਸ਼ ਦੁਨੀਆ 'ਚ ਚਰਚਾ 'ਚ ਰਿਹਾ ਸੀ। ਇਹੀ ਨਹੀਂ, ਸੀ.ਏ.ਏ. ਦਾ ਕਾਂਗਰਸ ਸਮੇਤ ਕਈ ਵਿਰੋਧੀ ਪਾਰਟੀਆਂ ਨੇ ਜ਼ੋਰਦਾਰ ਵਿਰੋਧ ਕੀਤਾ ਸੀ।