ਕਰਨਾਟਕ ਤੋਂ ਅਯੁੱਧਿਆ ਜਾ ਰਹੀ ਮਿੰਨੀ ਬੱਸ ਹਾਦਸੇ ਦਾ ਸ਼ਿਕਾਰ, 7 ਤੀਰਥ ਯਾਤਰੀਆਂ ਦੀ ਮੌਤ
Sunday, May 29, 2022 - 12:31 PM (IST)
ਬਹਿਰਾਈਚ– ਉੱਤਰ ਪ੍ਰਦੇਸ਼ ਦੇ ਬਹਿਰਾਈਚ-ਲਖੀਮਪੁਰ ਹਾਈਵੇਅ ’ਤੇ ਐਤਵਾਰ ਨੂੰ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਦਰਅਸਲ ਮਿੰਨੀ ਬੱਸ ਅਤੇ ਟਰੱਕ ਵਿਚਾਲੇ ਟੱਕਰ ਹੋ ਜਾਣ ਨਾਲ ਬੱਸ ’ਚ ਸਵਾਰ 3 ਔਰਤਾਂ ਸਮੇਤ 7 ਤੀਰਥ ਯਾਤਰੀਆਂ ਦੀ ਮੌਤ ਹੋ ਗਈ। ਜਦਕਿ 9 ਤੀਰਥ ਯਾਤਰੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਵਧੀਕ ਪੁਲਸ ਸੁਪਰਡੈਂਟ (ਦਿਹਾਤੀ) ਅਸ਼ੋਕ ਕੁਮਾਰ ਨੇ ਐਤਵਾਰ ਨੂੰ ਦੱਸਿਆ ਕਿ ਕਰਨਾਟਕ ਦੇ ਬੀਦਰ ਜ਼ਿਲ੍ਹੇ ਤੋਂ 16 ਯਾਤਰੀ ਮਿੰਨੀ ਬੱਸ ’ਚ ਸਵਾਰ ਹੋ ਕੇ ਤੀਰਥ ਯਾਤਰਾ ਲਈ ਅਯੁੱਧਿਆ ਜਾ ਰਹੇ ਸਨ ਪਰ ਬਹਿਰਾਈਚ-ਲਖੀਮਪੁਰ ਹਾਈਵੇਅ ’ਤੇ ਜ਼ਿਲ੍ਹੇ ਦੇ ਮੋਤੀਪੁਰ ਥਾਣੇ ਅਧੀਨ ਨੈਨਿਹਾ ਮੰਡੀ ਨੇੜੇ ਬੱਸ ਉਲਟ ਦਿਸ਼ਾ ਤੋਂ ਆ ਰਹੇ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ’ਚ ਬੱਸ ਡਰਾਈਵਰ ਸਮੇਤ 5 ਤੀਰਥ ਯਾਤਰੀਆਂ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਦੋ ਹੋਰਨਾਂ ਨੇ ਹਸਪਤਾਲ ਲੈ ਜਾਂਦੇ ਸਮੇਂ ਰਾਹ ’ਚ ਦਮ ਤੋੜ ਦਿੱਤਾ।
ਅਸ਼ੋਕ ਕੁਮਾਰ ਨੇ ਦੱਸਿਆ ਕਿ ਹਾਦਸੇ ’ਚ 9 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕਾਂ ’ਚ 3 ਔਰਤਾਂ ਵੀ ਸ਼ਾਮਲ ਹਨ। ਮ੍ਰਿਤਕਾਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਟਰੱਕ ਡਰਾਈਵਰ ਆਪਣੇ ਵਾਹਨ ਨੂੰ ਛੱਡ ਕੇ ਫਰਾਰ ਹੋ ਗਿਆ ਹੈ। ਕੁਮਾਰ ਨੇ ਅੱਗੇ ਦੱਸਿਆ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਵਾਹਨ ਚਕਨਾਚੂਰ ਹੋ ਗਏ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਅਤੇ ਜ਼ਖਮੀ ਤੀਰਥ ਯਾਤਰੀਆਂ ਨੂੰ ਬਹੁਤ ਮੁਸ਼ੱਕਤ ਮਗਰੋਂ ਬਾਹਰ ਕੱਢਿਆ ਗਿਆ।