ਅਹਿਮਦਾਬਾਦ ਦੇ ਹਸਪਤਾਲ ’ਚ ਹਿੰਦੂ-ਮੁਸਲਿਮ ਮਰੀਜ਼ਾਂ ਲਈ ਵੱਖਰੇ-ਵੱਖਰੇ ਵਾਰਡ
Wednesday, Apr 15, 2020 - 10:41 PM (IST)
ਅਹਿਮਦਾਬਾਦ– ਭਾਰਤ ਵਿਚ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦੇ ਅੰਕੜੇ ਤੇਜ਼ੀ ਨਾਲ ਵੱਧ ਰਹੇ ਹਨ। ਇਨ੍ਹਾਂ ਅੰਕੜਿਆਂ ਦੇ ਵਧਣ ਦੇ ਨਾਲ-ਨਾਲ ਹਸਪਤਾਲਾਂ ਵਿਚ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਅਜਿਹੇ ਵਿਚ ਹਸਪਤਾਲਾਂ ਵਿਚ ਵੀ ਵਿਵਸਥਾਵਾਂ ਕਰਨਾ ਕਠਿਨ ਚੁਣੌਤੀ ਸਾਬਿਤ ਹੋ ਰਹੀ ਹੈ। ਇਸ ਦੌਰਾਨ ਗੁਜਰਾਤ ਦੇ ਅਹਿਮਦਾਬਾਦ ਵਿਚ ਇਕ ਹਸਪਤਾਲ ਅੰਦਰ ਕੋਰੋਨਾ ਮਰੀਜ਼ਾਂ ਨੂੰ ਉਨ੍ਹਾਂ ਦੇ ਧਰਮ ਦੇ ਆਧਾਰ ’ਤੇ ਵੰਡ ਿਦੱਤਾ ਗਿਆ ਹੈ। ਹਸਪਤਾਲ ਵਿਚ ਕੋਰੋਨਾ ਦੇ ਮਰੀਜ਼ਾਂ ਲਈ 1200 ਬੈੱਡਾਂ ਦਾ ਪ੍ਰਬੰਧ ਕੀਤਾ ਗਿਆ ਸੀ ਜਿਨ੍ਹਾਂ ਨੂੰ ਹੁਣ ਹਿੰਦੂ ਅਤੇ ਮੁਸਲਮਾਨ ਦੋਵਾਂ ਧਰਮਾਂ ਦੇ ਮਰੀਜ਼ਾਂ ਵਿਚ ਵੰਡ ਦਿੱਤਾ ਗਿਆ ਹੈ। ਦੋਵੇਂ ਧਰਮਾਂ ਦੇ ਮਰੀਜ਼ਾਂ ਨੂੰ ਵੱਖਰੇ-ਵੱਖਰੇ ਵਾਰਡਾਂ ਵਿਚ ਰੱਖਿਆ ਗਿਆ ਹੈ। ਹਸਪਤਾਲ ਦੇ ਮੈਡੀਕਲ ਸੁਪਰਿੰਟੈਂਡੈਂਟ ਡਾ. ਗੁਣਵੰਤ ਰਾਠੌਰ ਨੇ ਇਸ ਬਾਰੇ ਦੱਸਿਆ ਕਿ ਇਹ ਕੰਮ ਸੂਬਾ ਸਰਕਾਰ ਦੇ ਹੁਕਮਾਂ ’ਤੇ ਕੀਤਾ ਗਿਆ ਹੈ। ਜਦੋਂ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਨਿਤਿਨ ਪਟੇਲ ਨਾਲ ਇਸ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਪੂਰੀ ਛਾਣਬੀਣ ਕਰਨਗੇ। ਉਥੇ ਇਸ ਤੋਂ ਇਲਾਵਾ ਅਹਿਮਦਾਬਾਦ ਦੇ ਕੁਲੈਕਟਰ ਨੇ ਅਜਿਹੀ ਕੋਈ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਹੈ।