ਓਮਾਨ ਘੁੰਮਣ ਗਏ ਪਰਿਵਾਰ ਨਾਲ ਵਾਪਰਿਆ ਭਾਣਾ, ਬੱਚਿਆਂ ਨੂੰ ਸਮੁੰਦਰ 'ਚ ਡੁੱਬਦੇ ਦੇਖ ਪਿਓ ਨੇ ਵੀ ਮਾਰੀ ਛਾਲ
Wednesday, Jul 13, 2022 - 03:28 PM (IST)
ਸਾਂਗਲੀ/ਦੁਬਈ- ਮਹਾਰਾਸ਼ਟਰ ਦੇ ਸਾਂਗਲੀ ਜ਼ਿਲ੍ਹੇ 'ਚ ਰਹਿਣ ਵਾਲੇ ਇਕ ਹੀ ਪਰਿਵਾਰ ਦੇ ਤਿੰਨ ਲੋਕ ਓਮਾਨ 'ਚ ਸਮੁੰਦਰ 'ਚ ਡੁੱਬ ਗਏ। ਪਿਤਾ ਨੇ ਡੁੱਬਦੇ ਹੋਏ ਬੱਚਿਆਂ ਨੂੰ ਬਚਾਉਣ ਲਈ ਸਮੁੰਦਰ 'ਚ ਛਾਲ ਮਾਰੀ ਸੀ ਪਰ ਉਹ ਵੀ ਡੁੱਬ ਗਏ। ਇਨ੍ਹਾਂ ਲੋਕਾਂ ਨੂੰ ਲੱਭਣ ਲਈ ਬਚਾਅ ਕੰਮ ਜਾਰੀ ਹੈ। ਇਸ ਦਰਦਨਾਕ ਹਾਦਸੇ 'ਚ ਸਾਂਗਲੀ ਦੇ ਜਤ ਪਿੰਡ ਦੇ ਰਹਿਣ ਵਾਲੇ ਸ਼ਸ਼ੀਕਾਂਤ ਮਹਾਮਣੇ, ਉਨ੍ਹਾਂ ਦੀ 9 ਸਾਲ ਦੀ ਧੀ ਸ਼ਰੂਤੀ ਅਤੇ 6 ਸਾਲ ਦਾ ਬੇਟਾ ਸ਼ਰੇਯਸ ਸਮੁੰਦਰ 'ਚ ਡੁੱਬ ਗਏ। ਪੇਸ਼ੇ ਤੋਂ ਮੈਕੇਨੀਕਲ ਇੰਜੀਨੀਅਰ ਸ਼ਸ਼ੀਕਾਂਤ ਦੁਬਈ ਦੀ ਇਕ ਮਲਟੀਨੈਸ਼ਨਲ ਕੰਪਨੀ 'ਚ ਕੰਮ ਕਰਦੇ ਹਨ। ਉਨ੍ਹਾਂ ਦੀ ਪਤਨੀ ਸਾਰਿਕਾ ਵੀ ਉਨ੍ਹਾਂ ਨਾਲ ਦੁਬਈ 'ਚ ਹੀ ਰਹਿੰਦੀ ਹੈ। ਦੱਸਿਆ ਜਾ ਰਿਹਾ ਹੈ ਕਿ ਐਤਵਾਰ ਨੂੰ ਸ਼ਸ਼ੀਕਾਂਤ ਆਪਣੇ ਪਰਿਵਾਰ ਅਤੇ ਕੁਝ ਦੋਸਤਾਂ ਨਾਲ ਘੁੰਮਣ ਲਈ ਓਮਾਨ ਗਏ ਹੋਏ ਸਨ।
ਓਮਾਨ 'ਚ ਸਲਾਲਹਾ ਨਾਮ ਦੀ ਜਗ੍ਹਾ ਸ਼ਸ਼ੀਕਾਂਤ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਸਮੁੰਦਰ ਤੋਂ ਆ ਰਹੀ ਉੱਚੀਆਂ ਲਹਿਰਾਂ ਦਾ ਆਨੰਦ ਲੈ ਰਹੇ ਸਨ। ਇਸ ਦੌਰਾਨ ਇਕ ਬਹੁਤ ਵੱਡੀ ਲਹਿਰ ਆਈ, ਜਿਸ 'ਚ ਸ਼ਸ਼ੀਕਾਂਤ ਦੇ ਦੋਵੇਂ ਬੱਚੇ ਅਤੇ ਕਈ ਹੋਰ ਲੋਕ ਵਹਿੰਦੇ ਹੋਏ ਸਮੁੰਦਰ ਦੇ ਅੰਦਰ ਚਲੇ ਗਏ। ਸਮੁੰਦਰ 'ਚ ਡੁੱਬਣ ਤੋਂ ਬਾਅਦ ਸ਼ਸ਼ੀਕਾਂਤ ਅਤੇ ਉਨ੍ਹਾਂ ਦੇ ਬੱਚਿਆਂ ਦੀ ਭਾਲ ਜਾਰੀ ਹੈ। ਰਾਇਲ ਓਮਾਨ ਪੁਲਸ ਉਨ੍ਹਾਂ ਦੀ ਭਾਲ ਕਰ ਰਹੀ ਹੈ। ਓਮਾਨ ਸਿਵਲ ਡਿਫੈਂਸ ਐਂਡ ਐਂਬੂਲੈਂਸ ਅਥਾਰਟੀ ਨੇ ਐਤਵਾਰ ਨੂੰ ਦੱਸਿਆ ਕਿ ਮੁਘਸੇਲ ਦਰਮਿਆਨ ਮੌਜੂਦ ਘੇਰੇ ਨੂੰ ਲੋਕਾਂ ਨੇ ਪਾਰ ਕਰ ਦਿੱਤਾ ਸੀ। ਲਹਿਰ ਆਉਣ ਤੋਂ ਬਾਅਦ 8 ਲੋਕ ਡਿੱਗ ਗਏ ਸਨ। ਹਾਦਸੇ ਤੋਂ ਬਾਅਦ ਤਿੰਨ ਲੋਕਾਂ ਨੂੰ ਕੁਝ ਦੇਰ ਬਾਅਦ ਹੀ ਬਚਾ ਲਿਆ ਗਿਆ ਸੀ। ਸ਼ਸ਼ੀਕਾਂਤ ਨੇ ਜਦੋਂ ਦੇਖਿਆ ਕਿ ਉਸ ਦੇ ਬੱਚੇ ਡੁੱਬ ਰਹੇ ਹਨ ਤਾਂ ਉਨ੍ਹਾਂ ਨੇ ਵੀ ਛਾਲ ਮਾਰ ਦਿੱਤੀ ਪਰ ਕੁਝ ਦੇਰ ਬਾਅਦ ਉਹ ਵੀ ਡੁੱਬ ਗਏ। ਓਮਾਨ 'ਚ ਇਸ ਹਾਦਸੇ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ।