ਸੂਰਤ ਦੀ ਸੜਕ ''ਤੇ ਬਿਖਰੇ ਹੀਰਿਆਂ ਨੂੰ ਵੇਖ ਮਚੀ ਲੁੱਟਣ ਦੀ ਹੋੜ, ਝੋਲੀਆਂ ਭਰ ਲੈ ਗਏ ਲੋਕ
Monday, Sep 25, 2023 - 10:56 AM (IST)
ਨੈਸ਼ਨਲ ਡੈਸਕ- ਗੁਜਰਾਤ ਦੀ ਆਰਥਿਕ ਰਾਜਧਾਨੀ ਸੂਰਤ ਨੂੰ ਡਾਇਮੰਡ ਅਤੇ ਟੈਕਸਟਾਈਲ ਸਿਟੀ ਵਜੋਂ ਜਾਣਿਆ ਜਾਂਦਾ ਹੈ। ਇੱਥੋਂ ਦੇ ਮਿੰਨੀ ਬਾਜ਼ਾਰ ਡਾਇਮੰਡ ਮਾਰਕੀਟ ਆਖੇ ਜਾਣ ਵਾਲੇ ਇਲਾਕੇ ਦੀ ਸੜਕ ਦੇ ਕਈ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਹਨ, ਜਿਸ 'ਚ ਡਾਇਮੰਡ ਕਾਰੋਬਾਰੀ ਅਤੇ ਆਮ ਜਨਤਾ ਸੜਕ ਤੋਂ ਹੀਰੇ ਇਕੱਠੇ ਕਰਦੇ ਨਜ਼ਰ ਆ ਰਹੇ ਹਨ। ਹਰ ਰੋਜ਼ ਵਾਂਗ ਐਤਵਾਰ ਸਵੇਰੇ ਵੀ ਹੀਰਿਆਂ ਦਾ ਕਾਰੋਬਾਰ ਕਰਨ ਵਾਲੇ ਲੋਕ ਵਰਾਛਾ ਡਾਇਮੰਡ ਮਾਰਕੀਟ ਪਹੁੰਚੇ ਸਨ।
ਮੁੱਖ ਸੜਕ ਤੋਂ ਆਮ ਜਨਤਾ ਵੀ ਆ-ਜਾ ਰਹੀ ਸੀ, ਤਾਂ ਹੰਗਾਮਾ ਮਚ ਗਿਆ ਕਿ ਸੜਕ 'ਤੇ ਹੀਰੇ ਪਏ ਹੋਏ ਹਨ। ਲੋਕਾਂ ਨੇ ਵੇਖਿਆ ਕਿ ਸੱਚ 'ਚ ਹੀਰੇ ਪਏ ਹੋਏ ਸਨ। ਇਸ ਤੋਂ ਬਾਅਦ ਬਾਜ਼ਾਰ 'ਚ ਲੁੱਟ ਮਚ ਗਈ। ਇਕੱਠੇ ਕੀਤੇ ਗਏ ਡਾਇਮੰਡ ਦੀ ਜਾਂਚ ਕੀਤੀ ਗਈ ਤਾਂ ਸਾਰਿਆਂ ਦੇ ਹੋਸ਼ ਉਡ ਗਏ। ਸਾਹਮਣੇ ਆਇਆ ਕਿ ਇਹ ਡਾਇਮੰਡ ਨਾ ਤਾਂ ਖਦਾਨ ਤੋਂ ਨਿਕਲੇ ਹੋਏ ਅਸਲੀ ਡਾਇਮੰਡ ਹਨ ਅਤੇ ਨਾ ਹੀ ਲੈਬ 'ਚ ਤਿਆਰ ਹੋਣ ਵਾਲੇ ਡਾਇਮੰਡ ਹਨ, ਇਹ ਤਾਂ ਅਮਰੀਕੀ ਡਾਇਮੰਡ ਹਨ।
ਲੈਬ 'ਚ ਤਿਆਰ ਹੋਇਆ ਹੀਰਾ ਅਸਲੀ ਨਹੀਂ ਹੁੰਦਾ ਅਤੇ ਉਸ ਦੀ ਕੀਮਤ ਡਾਇਮੰਡ ਤੋਂ ਕਾਫੀ ਘੱਟ ਹੁੰਦੀ ਹੈ। ਬਾਜ਼ਾਰ ਵਿਚ ਉਸ ਦੀ ਮੰਗ ਵੀ ਹੁੰਦੀ ਹੈ। ਲੈਬ ਵਿਚ ਤਿਆਰ ਹੋਣ ਵਾਲੇ ਡਾਇਮੰਡ ਦੀ ਤਕਨੀਕ ਨੂੰ ਕੈਮੀਕਲ ਵੈਪਰ ਡਿਪੋਜ਼ੀਸ਼ਨ ਆਖਦੇ ਹਨ, ਜਿਸ ਨੂੰ ਸੰਖੇਪ 'ਚ CVD ਡਾਇਮੰਡ ਆਖਦੇ ਹਨ। ਖਦਾਨ ਤੋਂ ਨਿਕਲਣ ਵਾਲਾ ਅਸਲੀ ਡਾਇਮੰਡ ਜੇਕਰ ਇਕ ਲੱਖ ਰੁਪਏ ਦਾ ਹੈ ਤਾਂ ਲੈਬ ਵਿਚ ਤਿਆਰ ਹੋਣ ਵਾਲਾ ਡਾਇਮੰਡ 15,000 ਵਿਚ ਮਿਲ ਜਾਂਦਾ ਹੈ। ਉੱਥੇ ਹੀ ਅਮਰੀਕੀ ਡਾਇਮੰਡ ਕਿਲੋ ਦੇ ਭਾਅ ਵਿਚ ਵਿਕਦੇ ਹਨ। ਅਸਲੀ ਹੀਰੇ ਦੇ ਮੁਕਾਬਲੇ ਇਨ੍ਹਾਂ ਦੀ ਕੋਈ ਕੀਮਤ ਨਹੀਂ ਹੁੰਦੀ।