ਸੁਰੱਖਿਆ ਫ਼ੋਰਸਾਂ ਨਾਲ ਮੁਕਾਬਲੇ ''ਚ 9 ਨਕਸਲੀ ਢੇਰ

Tuesday, Sep 03, 2024 - 02:44 PM (IST)

ਸੁਰੱਖਿਆ ਫ਼ੋਰਸਾਂ ਨਾਲ ਮੁਕਾਬਲੇ ''ਚ 9 ਨਕਸਲੀ ਢੇਰ

ਦੰਤੇਵਾੜਾ (ਭਾਸ਼ਾ)- ਛੱਤੀਸਗੜ੍ਹ ਦੇ ਬਸਤਰ ਖੇਤਰ 'ਚ ਮੰਗਲਵਾਰ ਨੂੰ ਸੁਰੱਖਿਆ ਕਰਮੀਆਂ ਨੇ ਮੁਕਾਬਲੇ 'ਚ 9 ਨਕਸਲੀਆਂ ਨੂੰ ਮਾਰ ਸੁੱਟਿਆ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਬਸਤਰ ਰੇਂਜ ਦੇ ਪੁਲਸ ਜਨਰਲ ਇੰਸਪੈਕਟਰ (ਆਈ.ਜੀ.ਪੀ.) ਸੁੰਦਰਰਾਜ ਪੀ ਨੇ ਦੱਸਿਆ ਕਿ ਦੰਤੇਵਾੜਾ ਅਤੇ ਬੀਜਾਪੁਰ ਜ਼ਿਲ੍ਹੇ ਦੀ ਸਰਹੱਦ 'ਤੇ ਜੰਗਲ 'ਚ ਸੁਰੱਖਿਆ ਫ਼ੋਰਸਾਂ ਨੇ ਇਕ ਸੰਯੁਕਤ ਦਲ ਨੂੰ ਨਕਸਲ ਵਿਰੋਧੀ ਮੁਹਿੰਮ ਲਈ ਰਵਾਨਾ ਕੀਤਾ ਸੀ। ਇਸੇ ਦੌਰਾਨ ਕਰੀਬ ਸਵੇਰੇ 10.30 ਵਜੇ ਦਲ ਦਾ ਨਕਸਲੀਆਂ ਨਾਲ ਸਾਹਮਣਾ ਹੋਇਆ, ਜਿਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ। 

ਉਨ੍ਹਾਂ ਦੱਸਿਆ ਕਿ ਖੇਤਰ 'ਚ ਪੱਛਮੀ ਬਸਤਰ ਮੰਡਲ ਇਕਾਈ ਨਾਲ ਸੰਬੰਧਤ ਨਕਸਲੀਆਂ ਦੀ ਮੌਜੂਦਗੀ ਬਾਰੇ ਗੁਪਤ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਜ਼ਿਲ੍ਹਾ ਰਿਜ਼ਰਵ ਗਾਰਡ (ਡੀ.ਆਰ.ਜੀ.) ਅਤੇ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਦੇ ਜਵਾਨਾਂ ਨੂੰ ਨਕਸਲ ਵਿਰੋਧੀ ਮੁਹਿੰਮ ਲਈ ਭੇਜਿਆ ਗਿਆ। ਉਨ੍ਹਾਂ ਦੱਸਿਆ ਕਿ ਕਾਫ਼ੀ ਦੇਰ ਤੱਕ ਰੁਕ-ਰੁਕ ਕੇ ਗੋਲੀਬਾਰੀ ਹੁੰਦੀ ਰਹੀ, ਜਿਸ ਤੋਂ ਬਾਅਦ ਤਲਾਸ਼ੀ ਮੁਹਿੰਮ 'ਚ 9 ਨਕਸਲੀਆਂ ਦੀਆਂ ਲਾਸ਼ਾਂ ਮੌਕੇ 'ਤੇ ਬਰਾਮਦ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਮੁਕਾਬਲੇ ਵਾਲੀ ਜਗ੍ਹਾ ਤੋਂ ਭਾਰੀ ਮਾਤਰਾ 'ਚ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਪੁਲਸ ਜਨਰਲ ਇੰਸਪੈਕਟਰ ਨੇ ਦੱਸਿਆ ਕਿ ਸੁਰੱਖਿਆ ਕਰਮੀ ਸੁਰੱਖਿਅਤ ਦੱਸੇ ਜਾ ਰਹੇ ਹਨ ਅਤੇ ਇਲਾਕੇ 'ਚ ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ। ਬਸਤਰ ਖੇਤਰ 'ਚ ਦੰਤੇਵਾੜਾ ਅਤੇ ਬੀਜਾਪੁਰ ਸਮੇਤ 7 ਜ਼ਿਲ੍ਹੇ ਆਉਂਦੇ ਹਨ। ਪੁਲਸ ਨੇ ਦੱਸਿਆ ਕਿ ਇਸ ਮੁਕਾਬਲੇ ਦੇ ਨਾਲ ਹੀ ਇਸ ਸਾਲ ਹੁਣ ਤੱਕ ਛੱਤੀਸਗੜ੍ਹ 'ਚ ਵੱਖ-ਵੱਖ ਮੁਕਾਲਿਆਂ 'ਚ ਸੁਰੱਖਿਆ ਫ਼ੋਰਸਾਂ ਨੇ 154 ਨਕਸਲੀਆਂ ਨੂੰ ਮਾਰ ਸੁੱਟਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News