ਕਸ਼ਮੀਰ 'ਚ ਪਿਛਲੇ 10 ਦਿਨਾਂ ਦੌਰਾਨ 15 ਅੱਤਵਾਦੀ ਹੋਏ ਢੇਰ

04/28/2020 4:31:19 PM

ਸ਼੍ਰੀਨਗਰ- ਸੁਰੱਖਿਆ ਫੋਰਸਾਂ ਨੇ ਕਸ਼ਮੀਰ ਘਾਟੀ 'ਚ ਪਿਛਲੇ 10 ਦਿਨਾਂ ਦੌਰਾਨ ਚਲਾਈਆਂ ਗਈਆਂ 6 ਵੱਖ-ਵੱਖ ਮੁਹਿੰਮਾਂ 'ਚ ਅੱਤਵਾਦੀਆਂ ਵਿਰੁੱਧ ਸਖਤ ਕਾਰਵਾਈ ਕਰਦੇ ਹੋਏ ਹੁਣ ਤੱਕ 15 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ, ਜਦੋਂ ਕਿ ਇਕ ਨੂੰ ਗ੍ਰਿਫਤਾਰ ਵੀ ਕੀਤਾ ਹੈ। ਇਸ ਦੌਰਾਨ ਕਸ਼ਮੀਰ ਜ਼ਿਲੇ ਦੇ ਸੋਪੋਰ 'ਚ ਅੱਤਵਾਦੀਆਂ ਦੇ ਹਮਲੇ 'ਚ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ.ਆਰ.ਪੀ.ਐੱਫ.) ਦੇ ਤਿੰਨ ਜਵਾਨ ਵੀ ਸ਼ਹੀਦ ਹੋਏ ਅਤੇ 2 ਹੋਰ ਜ਼ਖਮੀ ਹੋਏ ਹਨ।

ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਸੋਮਵਾਰ ਨੂੰ ਸ਼੍ਰੀਨਗਰ-ਜੰਮੂ ਨੈਸ਼ਨਲ ਹਾਈਵੇਅ 'ਤੇ ਕਾਜੀਗੁੰਡ 'ਚ ਲੋਵਰ ਮੁੰਡਾ ਨੇੜੇ ਸੁਰੱਖਿਆ ਫੋਰਸ ਦੇ ਗਸ਼ਤੀ ਦਲ 'ਤੇ ਅੱਤਵਾਦੀਆਂ ਨੇ ਗੋਲੀਬਾਰੀ ਕੀਤੀ ਅਤੇ ਜਵਾਬੀ ਕਾਰਵਾਈ 'ਚ ਤਿੰਨ ਅੱਤਵਾਦੀ ਮਾਰੇ ਗਏ। ਉਨਾਂ ਨੇ ਕਿਹਾ ਕਿ ਇਕ ਅੱਤਵਾਦੀ ਐਤਵਾਰ ਨੂੰ ਦੱਖਣੀ ਕਸ਼ਮੀਰ 'ਚ ਕੁਲਗਾਮ ਜ਼ਿਲੇ ਦੇ ਅਸਥਲ ਇਲਾਕੇ 'ਚ ਮੁਕਾਬਲੇ ਦੌਰਾਨ ਮਾਰਿਆ ਗਿਆ ਸੀ। ਇਸ ਮੁਕਾਬਲੇ ਨੂੰ ਲੈ ਕੇ ਪਹਿਲੇ ਕਿਹਾ ਜਾ ਰਿਹਾ ਸੀ ਕਿ ਮੁਕਾਬਲੇ 'ਚ 4 ਅੱਤਵਾਦੀ ਮਾਰੇ ਗਏ ਹਨ ਪਰ ਪੁਲਸ ਨੇ ਬਾਅਦ 'ਚ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਇਕ ਹੀ ਅੱਤਵਾਦੀ ਮਾਰਿਆ ਗਿਆ ਹੈ, ਜਦੋਂ ਕਿ ਬਾਕੀ ਦੌੜਨ 'ਚ ਕਾਮਯਾਬ ਹੋ ਗਏ।

ਸੂਤਰਾਂ ਨੇ ਕਿਹਾ,''25 ਅਪ੍ਰੈਲ ਨੂੰ ਪੁਲਵਾਮਾ ਜ਼ਿਲੇ ਦੇ ਅਵੰਤੀਪੋਰਾ 'ਚ ਸੁਰੱਖਿਆ ਫੋਰਸਾਂ ਨਾਲ ਮੁਕਾਬਲੇ 'ਚ 2 ਅੱਤਵਾਦੀ ਅਤੇ ਉਨਾਂ ਦਾ ਇਕ ਸਰਗਰਮ ਵਰਕਰ ਵੀ ਮਾਰਿਆ ਗਿਆ ਸੀ। ਇਸ ਤੋਂ ਪਹਿਲਾਂ 24 ਅਪ੍ਰੈਲ ਨੂੰ ਅੱਤਵਾਦੀਆਂ ਨੇ ਇਕ ਪੁਲਸ ਕਾਂਸਟੇਬਲ ਨੂੰ ਵੀ ਅਗਵਾ ਕਰ ਲਿਆ ਸੀ ਅਤੇ ਬਾਅਦ 'ਚ ਹੋਏ ਮੁਕਾਬਲੇ 'ਚ 2 ਅੱਤਵਾਦੀ ਮਾਰੇ ਗਏ ਸਨ ਅਤੇ ਪੁਲਸ ਕਰਮਚਾਰੀ ਨੂੰ ਬਚਾ ਲਿਆ ਗਿਆ ਸੀ।'' ਉਨਾਂ ਨੇ ਦੱਸਿਆ ਕਿ ਹਿਜ਼ਬੁਲ ਮੁਜਾਹੀਦੀਨ ਦੇ ਇਕ ਅੱਤਵਾਦੀ ਸ਼ਾਕਿਰ ਅਲੀ ਨੂੰ ਕੁਲਗਾਮ ਦੇ ਨਿਹਾਮਾ ਇਲਾਕੇ ਤੋਂ 24 ਅਪ੍ਰੈਲ ਨੂੰ ਹਥਿਆਰ ਅਤੇ ਅਸਲਾ-ਬਾਰੂਦ ਨਾਲ ਗ੍ਰਿਫਤਾਰ ਕੀਤਾ ਗਿਆ ਸੀ।

ਅੱਤਵਾਦੀਆਂ ਨੇ 23 ਅਪ੍ਰੈਲ ਬੜਗਾਮ ਜ਼ਿਲੇ ਦੇ ਦੂਨੀਵਾੜੀ 'ਚ ਸਥਿਤ ਸੀ.ਆਰ.ਪੀ.ਐੱਫ. ਦੇ ਕੈਂਪ 'ਤੇ ਗ੍ਰਨੇਡ ਨਾਲ ਹਮਲਾ ਕੀਤਾ ਸੀ, ਜਿਸ 'ਚ ਕੋਈ ਵੀ ਹਤਾਹਤ ਨਹੀਂ ਹੋਇਆ। ਇਸ ਤੋਂ ਇਲਾਵਾ 22 ਅਪ੍ਰੈਲ ਨੂੰ ਸ਼ੋਪੀਆਂ ਦੇ ਮੇਲਹੂਰਾ ਇਲਾਕੇ 'ਚ ਸੁਰੱਖਿਆ ਫੋਰਸਾਂ ਵਲੋਂ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ ਮੁਕਾਬਲੇ 'ਚ 4 ਅੱਤਵਾਦੀ ਮਾਰੇ ਗਏ ਸਨ। ਸੂਤਰਾਂ ਨੇ ਦੱਸਿਆ ਕਿ 18 ਅਪ੍ਰੈਲ ਨੂੰ ਬਾਰਾਮੂਲਾ ਜ਼ਿਲੇ ਦੇ ਸੋਪੋਰ 'ਚ ਜਾਂਚ ਚੌਕੀ 'ਤੇ ਹੋਏ ਅੱਤਵਾਦੀ ਹਮਲੇ 'ਚ ਸੀ.ਆਰ.ਪੀ.ਐੱਫ. ਦੇ 3 ਜਵਾਨ ਸ਼ਹੀਦ ਹੋ ਗਏ ਅਤੇ 2 ਹੋਰ ਜ਼ਖਮੀ ਹੋ ਗਏ। ਸ਼ੋਪੀਆਂ ਦੇ ਕੀਗਨ ਇਲਾਕੇ 'ਚ 17 ਅਪ੍ਰੈਲ ਨੂੰ ਤਲਾਸ਼ੀ ਮੁਹਿੰਮ ਦੌਰਾਨ ਅੱਤਵਾਦੀਆਂ ਨਾਲ ਮੁਕਾਬਲੇ 'ਚ ਸੁਰੱਖਿਆ ਫੋਰਸਾਂ ਨੂੰ 2 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਸੀ। ਇਨਾਂ ਵੱਖ-ਵੱਖ ਮੁਹਿੰਮਾਂ ਦੌਰਾਨ ਹਾਲੇ ਤੱਕ ਕੁੱਲ 15 ਅੱਤਵਾਦੀ ਮਾਰੇ ਜਾ ਚੁਕੇ ਹਨ।


DIsha

Content Editor

Related News