ਚੀਨ ਖਿਲਾਫ 'Quad' ਦੀ ਦੂਜੀ ਬੈਠਕ ਅੱਜ, ਏਸ਼ੀਆ 'ਚ ਡ੍ਰੈਗਨ ਦੀ ਦਾਦਾਗਿਰੀ 'ਤੇ ਲੱਗੇਗੀ ਰੋਕ
Tuesday, Oct 06, 2020 - 05:02 AM (IST)
ਟੋਕੀਓ/ਮੈਲਬੋਰਨ - ਚੀਨ ਨਾਲ ਵੱਧਦੇ ਖਤਰਿਆਂ ਨਾਲ ਨਜਿੱਠਣ ਲਈ 'ਦਿ ਕਵਾਡ੍ਰੀਲੈਟਰਸ ਸਕਿਓਰਿਟੀ ਡਾਇਲਾਗ' (ਕਵਾਡ) ਦੀ ਦੂਜੀ ਬੈਠਕ ਭਾਵ ਅੱਜ ਮੰਗਲਵਾਰ ਨੂੰ ਜਾਪਾਨ ਦੀ ਰਾਜਧਾਨੀ ਟੋਕੀਓ ਵਿਚ ਸ਼ੁਰੂ ਹੋਵੇਗੀ। ਇਸ ਬੈਠਕ ਵਿਚ ਆਸਟ੍ਰੇਲੀਆ, ਭਾਰਤ, ਜਾਪਾਨ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀ ਹਿੱਸਾ ਲੈਣਗੇ। ਇਸ ਸੰਗਠਨ ਦੀ ਪਹਿਲੀ ਬੈਠਕ ਸਾਲ 2019 ਵਿਚ ਨਿਊਯਾਰਕ ਵਿਚ ਹੋਈ ਸੀ। ਇਸ ਬੈਠਕ ਵਿਚ ਖੇਤਰੀ ਸੁਰੱਖਿਆ 'ਤੇ ਰਸਮੀ ਰੂਪ ਨਾਲ ਇਸ ਸੰਗਠਨ ਨੂੰ ਮਜ਼ਬੂਤ ਬਣਾਉਣ ਨੂੰ ਲੈ ਕੇ ਸਾਰੇ ਦੇਸ਼ਾਂ ਵਿਚ ਸਹਿਮਤੀ ਬਣ ਸਕਦੀ ਹੈ।
ਆਸਟ੍ਰੇਲੀਆ ਕਾਰਨ ਕਵਾਡ ਦੇ ਗਠਨ ਵਿਚ ਹੋਈ ਸੀ ਦੇਰੀ
ਇਸ ਸੰਗਠਨ ਨੂੰ ਪਹਿਲੀ ਵਾਰ ਸਾਲ 2007 ਵਿਚ ਸਥਾਪਿਤ ਕਰਨ ਦਾ ਐਲਾਨ ਕੀਤਾ ਗਿਆ ਸੀ, ਪਰ 2008 ਵਿਚ ਆਈ ਆਰਥਿਕ ਮੰਦੀ ਕਾਰਨ ਅਜਿਹਾ ਨਾ ਹੋ ਸਕਿਆ। ਉਸ ਸਮੇਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਕੇਵਿਨ ਰੂਡ ਸਨ ਜੋ ਚੀਨ ਦੇ ਕਰੀਬੀ ਮੰਨੇ ਜਾਂਦੇ ਸਨ। ਉਨ੍ਹਾਂ ਦੇ ਕਾਰਜਕਾਲ ਦੌਰਾਨ ਆਸਟ੍ਰੇਲੀਆ ਅਤੇ ਚੀਨ ਵਿਚਾਲੇ ਸਬੰਧ ਬੇਹੱਦ ਮਜ਼ਬੂਤ ਹੋਏ ਸਨ। ਰੂਡ ਖੁਦ ਚੀਨੀ ਭਾਸ਼ਾ 'ਮੰਡਾਰਿਨ' ਵੀ ਬਹੁਤ ਚੰਗੀ ਬੋਲਦੇ ਸਨ। ਅਜਿਹੇ ਵਿਚ ਉਨ੍ਹਾਂ ਨੇ ਇਸ ਗੁੱਟ ਵਿਚ ਸ਼ਾਮਲ ਹੋਣ ਤੋਂ ਖੁਦ ਨੂੰ ਅਲੱਗ ਕਰ ਲਿਆ ਸੀ।
ਆਸਟ੍ਰੇਲੀਆ ਅਤੇ ਚੀਨ ਬਣੇ ਜਾਨੀ ਦੁਸ਼ਮਣ
ਇਸ ਵੇਲੇ ਆਸਟ੍ਰੇਲੀਆ ਵਿਚ ਸਕਾਟ ਮਾਰੀਸਨ ਸੱਤਾ ਵਿਚ ਹਨ। ਉਨ੍ਹਾਂ ਦੇ ਕਾਰਜਕਾਲ ਦੌਰਾਨ ਕੋਰੋਨਾਵਾਇਰਸ ਨੂੰ ਲੈ ਕੇ ਚੀਨ ਦੇ ਨਾਲ ਸਬੰਧ ਲਗਾਤਾਰ ਵਿਗੜਦੇ ਚਲੇ ਗਏ। ਪਹਿਲੀ ਵਾਰ ਅਮਰੀਕਾ ਨੇ ਸੰਯੁਕਤ ਰਾਸ਼ਟਰ ਵਿਚ ਚੀਨ ਤੋਂ ਕੋਰੋਨਾਵਾਇਰਸ ਨੂੰ ਲੈ ਕੇ ਜਵਾਬ ਤਲਬ ਕੀਤਾ ਸੀ। ਉਸ ਵੇਲੇ ਆਸਟ੍ਰੇਲੀਆ ਨੇ ਅਮਰੀਕਾ ਦਾ ਖੁੱਲ੍ਹ ਕੇ ਸਾਥ ਦਿੱਤਾ ਸੀ। ਇਸ ਗੱਲ ਨੂੰ ਲੈ ਕੇ ਦੋਹਾਂ ਦੇਸ਼ਾਂ ਵਿਚਾਲੇ ਆਪਸੀ ਸਬੰਧ ਲਗਾਤਾਰ ਵਿਗੜਦੇ ਗਏ। ਅੱਜ ਹਾਲਾਤ ਇਹ ਹਨ ਕਿ ਚੀਨ ਖਿਲਾਫ ਆਸਟ੍ਰੇਲੀਆ ਆਪਣੀ ਫੌਜੀ ਤਾਕਤ ਨੂੰ ਤੇਜ਼ੀ ਨਾਲ ਵਧਾ ਰਿਹਾ ਹੈ। ਉਥੇ, ਚੀਨ ਨੇ ਆਪਣੇ ਨਾਗਰਿਕਾਂ ਨੂੰ ਆਸਟ੍ਰੇਲੀਆ ਦੀ ਯਾਤਰਾ ਨਾ ਕਰਨ ਦੀ ਸਲਾਹ ਜਾਰੀ ਕੀਤੀ ਹੈ।
ਕਵਾਡ ਦੇ ਗਠਨ ਲਈ ਸਭ ਤੋਂ ਚੰਗਾ ਸਮਾਂ
ਇਸ ਸਮੇਂ ਚੀਨ ਦਾ ਦੁਨੀਆ ਭਰ ਦੇ ਦੇਸ਼ਾਂ ਨਾਲ ਵਿਵਾਦ ਚੱਲ ਰਿਹਾ ਹੈ। ਕੋਰੋਨਾਵਾਇਰਸ ਮਹਾਮਾਰੀ ਨੂੰ ਚੀਨ ਦੀ ਹਮਲਾਵਰ ਵਿਸਤਾਰਵਾਦੀ ਨੀਤੀਆਂ ਨਾਲ ਏਸ਼ੀਆ ਵਿਚ ਭਾਰਤ ਅਤੇ ਜਾਪਾਨ ਸਭ ਤੋਂ ਪ੍ਰਭਾਵਿਤ ਹਨ। ਇਹ ਦੋਵੇਂ ਦੇਸ਼ ਇਸ ਮਹਾਦੀਪ ਦੀ ਸਭ ਤੋਂ ਵੱਡੀ ਆਰਥਿਕ ਅਤੇ ਫੌਜੀ ਤਾਕਤ ਹਨ। ਉਥੇ, ਦੂਜੇ ਪਾਸੇ ਅਮਰੀਕਾ ਦਾ ਵੀ ਚੀਨ ਨਾਲ ਕਈ ਮੁੱਦਿਆਂ ਨੂੰ ਲੈ ਕੇ ਤਣਾਅ ਚੱਲ ਰਿਹਾ ਹੈ। ਤਾਈਵਾਨ, ਹਾਂਗਕਾਂਗ, ਦੂਤਘਰ, ਤਿੱਬਤ ਸਮੇਤ ਕਈ ਅਜਿਹੇ ਮੁੱਦੇ ਹਨ ਜਿਸ ਨੂੰ ਲੈ ਕੇ ਅਮਰੀਕਾ ਅਤੇ ਚੀਨ ਆਹਮੋ-ਸਾਹਮਣੇ ਹਨ। ਇਸ ਲਈ ਚੀਨ ਖਿਲਾਫ ਇਹ ਸ਼ਕਤੀਆਂ ਇਕਜੁੱਟ ਹੁੰਦੀਆਂ ਦਿਖਾਈ ਦੇ ਰਹੀਆਂ ਹਨ।