ਪੀ.ਐੱਮ. ਮੋਦੀ ਅਤੇ ਸਕੌਟ ਮੌਰੀਸਨ ਵਿਚਾਲੇ ਅੱਜ ਹੋਵੇਗਾ ਦੋ-ਪੱਖੀ ਵਰਚੁਅਲ ਸੰਮੇਲਨ
Thursday, Jun 04, 2020 - 07:00 PM (IST)
ਸਿਡਨੀ/ਨਵੀਂ ਦਿੱਲੀ (ਬਿਊਰੋ): ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਸ੍ਰਟੇਲੀਆਈ ਪੀ.ਐੱਮ. ਸਕੌਟ ਮੌਰੀਸਨ ਵਿਚਾਲੇ ਅੱਜ ਭਾਵ ਵੀਰਵਾਰ ਨੂੰ ਵਰਚੁਅਲ ਸਿਖਰ ਸੰਮੇਲਨ ਹੋਵੇਗਾ।ਇਸ ਦੌਰਾਨ ਦੋਵੇਂ ਨੇਤਾ ਦੇਸ਼ਾਂ ਦੇ ਦੋ-ਪੱਖੀ ਰਣਨੀਤਕ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ 'ਤੇ ਵਿਚਾਰ ਵਟਾਂਦਰਾ ਕਰਨਗੇ। ਇਹ ਪਹਿਲੀ ਵਾਰ ਹੋਵੇਗਾ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਇਕ ਵਿਦੇਸ਼ੀ ਨੇਤਾ ਦੇ ਨਾਲ ਦੋ-ਪੱਖੀ ਆਨਲਾਈਨ ਸਿਖਰ ਸੰਮੇਲਨ ਵਿਚ ਹਿੱਸਾ ਲੈਣਗੇ।
ਇਸ ਵਰਚੁਅਲ ਮੁਲਾਕਾਤ ਦਾ ਫੋਕਸ ਦੋਵੇਂ ਦੇਸ਼ਾਂ ਵਿਚਾਲੇ ਨਿਵੇਸ਼ ਅਤੇ ਵਪਾਰ ਨੂੰ ਵਧਾਵਾ ਦੇਣ ਦੀਆਂ ਸੰਭਾਵਨਾਵਾਂ ਨੂੰ ਪਤਾ ਲਗਾਉਣ 'ਤੇ ਹੋਵੇਗਾ। ਆਸਟ੍ਰੇਲੀਆਈ ਪੀ.ਐੱਮ. ਮੌਰੀਸਨ ਨੇ ਜਨਵਰੀ ਅਤੇ ਫਿਰ ਮਈ ਵਿਚ ਭਾਰਤ ਆਉਣਾ ਸੀ ਪਰ ਜਨਵਰੀ ਵਿਚ ਉਹ ਆਸਟ੍ਰੇਲੀਆ ਦੇ ਜੰਗਲਾਂ ਵਿਚ ਲੱਗੀ ਭਿਆਨਕ ਅੱਗ ਕਾਰਨ ਆ ਨਹੀਂ ਸਕੇ ਅਤੇ ਮਈ ਮਹੀਨੇ ਕੋਰੋਨਾਵਾਇਰਸ ਮਹਾਮਾਰੀ ਕਾਰਨ ਉਹਨਾਂ ਦਾ ਦੌਰਾ ਨਹੀਂ ਹੋ ਸਕਿਆ। ਨਵੀਂ ਦਿੱਲੀ ਸਥਿਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋ ਲੋਕਤੰਤਰੀ ਦੇਸ਼ਾਂ ਦੇ ਰੂਪ ਵਿਚ ਭਾਰਤ ਅਤੇ ਆਸਟ੍ਰੇਲੀਆ ਖੇਤਰੀ ਅਤੇ ਗਲੋਬਲ ਮਾਮਲਿਆਂ ਵਿਚ ਇਕ-ਦੂਜੇ ਦੇ ਰਵੱਈਏ ਨੂੰ ਸਮਝਦੇ ਹਨ। ਹੁਣ ਦੋਵੇਂ ਨੇਤਾਵਾਂ ਨੇ ਵਰਚੁਅਲ ਬੈਠਕ ਕਰਨ ਦਾ ਫੈਸਲਾ ਲਿਆ ਹੈ।
ਇਹ ਬੈਠਕ ਕਾਫੀ ਮਹੱਤਵਪੂਰਨ ਹੈ ਕਿਉਂਕਿ ਦੁਨੀਆ ਦੇ ਕਈ ਦੇਸ਼ਾਂ ਵਿਚ ਚੀਨ ਦੇ ਪ੍ਰਤੀ ਨਾਰਾਜ਼ਗੀ ਹੈ। ਕੋਰੋਨਾ ਸੰਕਟ ਦੇ ਕਾਰਨ ਅਮਰੀਕਾ ਅਤੇ ਚੀਨ ਵਿਚ ਤਣਾਅ ਹੈ।ਚੀਨ ਨਾਲ ਨਜਿੱਠਣ ਵਿਚ ਅਮਰੀਕਾ ਨੂੰ ਜੀ-7 ਦੀ ਭੂਮਿਕਾ ਖਾਸ ਲੱਗ ਰਹੀ ਹੈ। ਇਸ ਸਮੂਹ ਵਿਚ ਅਮਰੀਕਾ, ਕੈਨੇਡਾ, ਯੂਕੇ, ਫਰਾਂਸ, ਇਟਲੀ ਅਤੇ ਜਾਪਾਨ ਸ਼ਾਮਲ ਹਨ। ਅਮਰੀਕਾ ਦਾ ਮੰਨਣਾ ਹੈ ਕਿ ਚੀਨ ਨਾਲ ਨਜਿੱਠਣ ਲਈ ਇਹਨਾਂ ਸਾਰਿਆਂ ਦੇ ਨਾਲ-ਨਾਲ ਭਾਰਤ, ਆਸਟ੍ਰੇਲੀਆ, ਰੂਸ ਅਤੇ ਦੱਖਣੀ ਕੋਰੀਆ ਦਾ ਵੀ ਸਾਥ ਜ਼ਰੂਰੀ ਹੈ।