ਕੋਵਿਡ-19 ਮਰੀਜ਼ਾਂ ਲਈ ਵਿਗਿਆਨਿਕਾਂ ਨੇ ਬਣਾਏ ਪ੍ਰੋਟੀਨ ਬਿਸਕੁੱਟ

04/19/2020 12:15:17 AM

ਨਵੀਂ ਦਿੱਲੀ- ਕੋਵਿਡ-19 ਮਰੀਜ਼ਾਂ ਨੂੰ ਠੀਕ ਕਰਨ ਲਈ ਦੇਸ਼ 'ਚ ਅਜੇ ਤੱਕ ਕਿਸੇ ਵੀ ਪ੍ਰਕਾਰ ਦੀ ਦਵਾਈ ਤਾਂ ਨਹੀਂ ਬਣੀ ਹੈ ਪਰ ਮਰੀਜ਼ਾਂ ਨੂੰ ਧਿਆਨ 'ਚ ਰੱਖ ਕੇ ਉੱਚ ਪ੍ਰੋਟੀਨ ਯੁਕਤ ਬਿਸਕੁੱਟ ਜ਼ਰੂਰ ਬਣਾਏ ਗਏ ਹਨ। ਇਹ ਕੰਮ ਭਾਰਤ ਸਰਕਾਰ ਦੇ ਸਾਈਂਸ ਐਂਡ ਟੈਕਨਾਲੋਜੀ ਮੰਤਰਾਲੇ ਦੇ ਅਧੀਨ ਆਉਂਦੇ ਸੀ.ਐੱਫ.ਟੀ.ਆਰ.ਆਈ. ਨੇ ਤਿਆਰ ਕੀਤੇ ਹਨ। ਇਸ ਦੇ ਲਈ ਕੌਂਸਲ ਆਫ ਸਾਇੰਟੀਫਿਕ ਐਂਡ ਇੰਡਸਟ੍ਰੀਅਲ ਰਿਸਰਚ (ਸੀ.ਐੱਸ.ਆਈ.ਆਰ.) ਦੀ ਮੈਸੂਰ ਸਥਿਤ ਲੈਬ ਸੈਂਟਰਲ ਫੂਡ ਟੈਕਨਾਲੋਜੀਸ ਰਿਸਰਚ ਇੰਸਟੀਚਿਊਟ (ਸੀ.ਐੱਫ.ਟੀ.ਆਰ.ਆਈ.) ਨੇ ਰਿਸਰਚ ਦੇ ਬਾਅਦ ਕੋਰੋਨਾ ਦੇ ਮਰੀਜ਼ਾਂ ਨੂੰ ਧਿਆਨ 'ਚ ਰੱਖ ਕੇ ਉੱਚ ਪ੍ਰੋਟੀਨ ਯੁਕਤ ਬਿਸਕੁਟ ਬਣਾਏ ਹਨ।

ਮਾਹਰਾਂ ਦਾ ਕਹਿਣਾ ਹੈ ਕਿ ਪ੍ਰੋਟੀਨ ਦੀ ਵਧ ਮਾਤਰਾ ਵਾਲੇ ਇਹ ਬਿਸਕੁਟ ਮਰੀਜ਼ਾਂ ਨੂੰ ਕੋਵਿਡ-19 ਤੋਂ ਜਲਦੀ ਹੀ ਠੀਕ ਹੋਣ 'ਚ ਮਦਦ ਕਰ ਸਕਦੇ ਹਨ। ਨਵੀਂ ਦਿੱਲੀ ਦੇ ਏਮਜ਼ 'ਚ ਇਲਾਜ ਕਰਾ ਰਹੇ ਕੋਰੋਨਾ ਦੇ ਮਰੀਜ਼ਾਂ ਲਈ ਇਹ ਬਿਸਕੁਟ ਸੀ.ਐੱਫ.ਟੀ.ਆਰ.ਆਈ. ਵੱਲੋਂ ਭੇਜੇ ਗਏ ਹਨ। ਉਚ ਪ੍ਰੋਟੀਨ ਯੁਕਤ 500 ਕਿਲੋਗ੍ਰਾਮ ਬਿਸਕੁੱਟ ਅਤੇ 500 ਕਿਲੋਗ੍ਰਾਮ ਰੱਸ ਏਮਜ਼ ਦੇ ਭੋਜਨ ਵਿਗਿਆਨ ਵਿਭਾਗ ਨੂੰ ਉਪਲਬਧ ਕਰਾਏ ਗਏ ਤਾਂ ਕਿ ਇਸ ਨੂੰ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੇ ਭੋਜਨ 'ਚ ਸ਼ਾਮਲ ਕੀਤਾ ਜਾ ਸਕੇ।

ਵਿਗਿਆਨ ਅਤੇ ਤਕਨੀਕ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਅਨੁਸਾਰ ਇਸ ਬਿਸਕੁੱਟ ਨੂੰ ਬਣਾਉਣ ਲਈ ਕਣਕ ਦਾ ਆਟਾ, ਮੈਦਾ, ਖੰਡ, ਹਾਈਡ੍ਰੋਜੈਨੇਟਿਡ ਫੈਟ, ਸੋਯਾ ਆਟਾ, ਵੇਅ ਪ੍ਰੋਟੀਨ, ਸੋਯਾ ਪ੍ਰੋਟੀਨ, ਮਿਲਕ ਸਾਲਿਡਸ, ਗੁਲੂਕੋਜ਼, ਨਮਕ ਅਤੇ ਫਲੇਵਰਜ਼ ਦੀ ਵਰਤੋ ਕੀਤੀ ਗਈ ਹੈ ਇਸ ਬਿਸਕੁੱਟ ਦੇ 100 ਗ੍ਰਾਮ ਦੇ ਪੈਕੇਟ 'ਚ 400 ਕਿਲੋ ਕੈਲੇਰੀ ਉਰਜਾ ਹੁੰਦੀ ਹੈ। ਇਸ ਦੇ ਪੋਸ਼ਨ ਮੁਲ 'ਚ ਕਾਰਬੋਹਾਈਡ੍ਰੇਟ (63.2 ਗ੍ਰਾਮ) ,ਪ੍ਰੋਟੀਨ (14ਗ੍ਰਾਮ), ਫੈਟ (17.1 ਗ੍ਰਾਮ) ਅਤੇ ਖਨਿਜ (1.2 ਗ੍ਰਾਮ) ਸ਼ਾਮਲ ਹਨ। ਅਧਿਕਾਰੀ ਅਨੁਸਾਰ ਇਸ ਬਿਸਕੁਟ 'ਚ ਪ੍ਰੋਟੀਨ ਦੀ ਮਾਤਰਾ 14 ਫੀਸਦੀ ਹੈ, ਜੋ 8-9 ਫੀਸਦੀ ਪ੍ਰੋਟੀਨ ਵਾਲੇ ਆਮ ਬਿਸਕੁੱਟ ਦੀ ਤੁਲਨਾ 'ਚ ਕਾਫੀ ਵੱਧ ਹੈ।

ਸੀ.ਐੱਸ.ਆਈ.ਆਰ.-ਸੀ.ਐੱਫ.ਟੀ.ਆਰ.ਆਈ. ਦੇ ਫਾਰਮੂਲੇਸ਼ਨ ਦੇ ਆਧਾਰ 'ਤੇ ਇਹ ਬਿਸਕੁੱਟ ਨੋਇਡਾ ਦੀ ਕੰਪਨੀ ਸੇਵਨ ਪਿਲਰਸ ਹਾਸਪਿਟੈਲਿਟੀ ਪ੍ਰਾਈਵੇਟ ਲਿਮਟਿਡ ਦੁਆਰਾ ਬਣਾਏ ਗਏ ਹਨ। ਜਦਕਿ ਜ਼ਰੂਰਤਮੰਦਾਂ ਨੂੰ ਇਹ ਬਿਸਕੁੱਟ ਪਹੁੰਚਾਉਣ ਲਈ ਲਾਜਿਸਟਿਕ ਸਹਿਯੋਗ ਇੰਡੀਅਨ ਸੋਸਾਇਟੀ ਆਫ ਐਗਰੀਕਲਚਰ ਪ੍ਰੋਫੈਸ਼ਨਸ ਦੁਆਰਾ ਪਹੁੰਚਾਇਆ ਜਾ ਰਿਹਾ ਹੈ। ਮੰਤਰਾਲਾ ਦੇ ਸੀਨੀਅਰ ਅਧਿਕਾਰੀ ਦੀ ਮੰਨੀਏ ਤਾਂ ਏਮਜ਼ ਦੀ ਮੁੱਖ ਡਾਈਟੀਸ਼ਿਅਨ ਡਾ. ਪਰਮੀਤ ਕੌਰ ਨੇ ਵੀ ਇਸ ਬਿਸਕੁੱਟ ਨੂੰ ਠੀਕ ਦੱਸਿਆ ਹੈ। ਉਨ੍ਹਾਂ ਮੁਤਾਬਕ ਪ੍ਰੋਟੀਨ ਯੁਕਤ ਇਸ ਬਿਸਕੁੱਟ ਦੀ ਰੈਪਿਸੀ ਸੀ.ਐੱਮਸ.ਆਈ.ਆਰ.-ਸੀ.ਐੱਫ.ਟੀ.ਆਰ.ਆਈ. ਦੇ ਵਿਗਿਆਨੀਆਂ ਦੁਆਰਾ ਤਿਆਰ ਕੀਤੀ ਗਈ ਹੈ। ਹਸਪਤਾਲ 'ਚ ਹੋਰ ਲੋਕਾਂ ਦੇ ਨਾਲ ਇਲਾਜ ਕਰਵਾ ਰਹੇ ਕੋਵਿਡ-19 ਰੋਗੀਆਂ ਨੂੰ ਬਿਸਕੁੱਟ ਉਨ੍ਹਾਂ ਦੀ ਨਿਯਮਿਤ ਖੁਰਾਕ ਦੇ ਹਿੱਸੇ ਦੇ ਰੂਪ 'ਚ ਦਿੱਤੇ ਜਾਣਗੇ।


Karan Kumar

Content Editor

Related News