ਵਿਗਿਆਨੀ ਦਾ ਖ਼ੁਲਾਸਾ: ਅਗਲੀ ਮਹਾਮਾਰੀ ਹੋਵੇਗੀ ਕੋਰੋਨਾ ਨਾਲੋਂ ਜ਼ਿਆਦਾ ਘਾਤਕ, ਨਜਿੱਠਣ ਲਈ ਫੰਡ ਨਹੀਂ
Wednesday, Dec 08, 2021 - 10:42 AM (IST)
ਨਵੀਂ ਦਿੱਲੀ (ਇੰਟਰਨੈਸ਼ਨਲ ਡੈਸਕ)– ਆਕਸਫੋਰਡ-ਐਸਟ੍ਰਾਜੈਨੇਕਾ ਵੈਕਸੀਨ ਬਣਾਉਣ ਵਾਲੀ ਪ੍ਰੋਫੈਸਰ ਨੇ ਕਿਹਾ ਹੈ ਕਿ ਭਵਿੱਖ ਵਿਚ ਮਹਾਮਾਰੀਆਂ ਮੌਜੂਦਾ ਕੋਰੋਨਾ ਸੰਕਟ ਨਾਲੋਂ ਵੀ ਘਾਤਕ ਤੇ ਜਾਨਲੇਵਾ ਹੋਣਗੀਆਂ। ਪ੍ਰੋਫੈਸਰ ਡੇਮ ਸਾਰਾ ਗਿਲਬਰਟ ਨੇ 44ਵੇਂ ਰਿਚਰਡ ਡਿੰਬਲਬੀ ਲੈਕਚਰ ਵਿਚ ਕਿਹਾ ਕਿ ਮਹਾਮਾਰੀ ਨਾਲ ਨਜਿੱਠਣ ਦੀਆਂ ਤਿਆਰੀਆਂ ਲਈ ਹੋਰ ਵੱਧ ਫੰਡ ਦੀ ਲੋੜ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕ੍ਰੋਨ ’ਤੇ ਵੈਕਸੀਨ ਦਾ ਅਸਰ ਘੱਟ ਹੋ ਸਕਦਾ ਹੈ। ਮੀਡੀਆ ਰਿਪੋਰਟ ਅਨੁਸਾਰ ਪ੍ਰੋਫੈਸਰ ਗਿਲਬਰਟ ਨੇ ਕਿਹਾ ਕਿ ਅਸੀਂ ਅਜਿਹੀ ਸਥਿਤੀ ’ਚ ਮੁੜ ਨਹੀਂ ਹੋ ਸਕਦੇ ਜਿੱਥੇ ਅਸੀਂ ਇਕ ਵਾਰ ਫਿਰ ਉਹ ਸਭ ਦੇਖੀਏ ਜੋ ਅਸੀਂ ਇਸ ਵਾਰ ਦੇਖਿਆ ਹੈ ਪਰ ਕੋਰੋਨਾ ਨਾਲ ਹੋਏ ਭਾਰੀ ਆਰਥਿਕ ਨੁਕਸਾਨ ਕਾਰਨ ਮਹਾਮਾਰੀ ਨਾਲ ਨਜਿੱਠਣ ਦੀਆਂ ਤਿਆਰੀਆਂ ਲਈ ਸਾਡੇ ਕੋਲ ਫੰਡ ਨਹੀਂ ਹੈ।
ਇਹ ਵੀ ਪੜ੍ਹੋ : ਮਹਾਰਾਸ਼ਟਰ ’ਚ ਓਮੀਕਰੋਨ ਦਾ ਖ਼ੌਫ; ਨਹੀਂ ਮਿਲ ਰਹੇ ਵਿਦੇਸ਼ਾਂ ਤੋਂ ਪਰਤੇ 109 ਲੋਕ, ਮੋਬਾਇਲ ਫੋਨ ਵੀ ਬੰਦ
ਨਵੇਂ ਵੇਰੀਐਂਟ ਓਮੀਕ੍ਰੋਨ ਤੋਂ ਰਹੋ ਸਾਵਧਾਨ
ਗਿਲਬਰਟ ਨੇ ਕਿਹਾ ਕਿ ਜਦੋਂ ਤਕ ਇਸ ਨਵੇਂ ਵੇਰੀਐਂਟ ’ਤੇ ਹੋਰ ਜਾਣਕਾਰੀ ਸਾਹਮਣੇ ਨਹੀਂ ਆ ਜਾਂਦੀ, ਉਸ ਵੇਲੇ ਤਕ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਇਸ ਲੈਕਚਰ ਵਿਚ ਉਨ੍ਹਾਂ ਕਿਹਾ ਕਿ ਇਹ ਆਖਰੀ ਵਾਰ ਨਹੀਂ ਹੋ ਰਿਹਾ ਜਦੋਂ ਕਿਸੇ ਵਾਇਰਸ ਤੋਂ ਸਾਡੇ ਜੀਵਨ ਤੇ ਰੋਜ਼ੀ-ਰੋਟੀ ਨੂੰ ਖਤਰਾ ਪੈਦਾ ਹੋਇਆ ਹੈ। ਸੱਚ ਤਾਂ ਇਹ ਹੈ ਕਿ ਅਗਲੀ ਮਹਾਮਾਰੀ ਹੋਰ ਵੀ ਬਦਤਰ ਹੋ ਸਕਦੀ ਹੈ। ਇਹ ਜ਼ਿਆਦਾ ਇਨਫੈਕਸ਼ਨ ਵਾਲੀ ਤੇ ਜ਼ਿਆਦਾ ਘਾਤਕ ਹੋ ਸਕਦੀ ਹੈ। ਅਸੀਂ ਇਸ ਤੋਂ ਜੋ ਸਿੱਖਿਆ ਹੈ ਅਤੇ ਸਾਡਾ ਜੋ ਤਜਰਬਾ ਹੈ, ਉਹ ਵਿਅਰਥ ਨਹੀਂ ਜਾਣਾ ਚਾਹੀਦਾ। ਓਮੀਕ੍ਰੋਨ ਵੇਰੀਐਂਟ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਦੇ ਸਪਾਈਕ ਪ੍ਰੋਟੀਨ ਵਿਚ ਮਿਊਟੇਸ਼ਨ ਹੈ, ਜੋ ਵਾਇਰਸ ਦੇ ਇਨਫੈਕਸ਼ਨ ਨੂੰ ਵਧਾਉਣ ਦਾ ਕੰਮ ਕਰਦਾ ਹੈ।
ਇਹ ਵੀ ਪੜ੍ਹੋ : ਓਮੀਕਰੋਨ ਦਾ ਖ਼ੌਫ; ਚਾਰਟਰ ਜਹਾਜ਼ ਬੁੱਕ ਕਰਵਾ ਕੇ ਵਿਦੇਸ਼ਾਂ ’ਚ ਬੂਸਟਰ ਡੋਜ਼ ਲਗਵਾਉਣ ਜਾ ਰਹੇ ਅਮੀਰ ਲੋਕ
ਯੂਨੀਵਰਸਲ ਟੀਕਾ ਬਣਾਉਣ ਦੀ ਲੋੜ
ਉਨ੍ਹਾਂ ਕਿਹਾ ਕਿ ਇਹ ਵੇਰੀਐਂਟ ਥੋੜ੍ਹਾ ਵੱਖਰੀ ਕਿਸਮ ਹੈ, ਜਿਸ ਨਾਲ ਹੋ ਸਕਦਾ ਹੈ ਕਿ ਵੈਕਸੀਨ ਨਾਲ ਬਣਨ ਵਾਲੀ ਐਂਟੀ-ਬਾਡੀ ਜਾਂ ਦੂਜੇ ਵੇਰੀਐਂਟ ਦੇ ਇਨਫੈਕਸ਼ਨ ਨਾਲ ਬਣਨ ਵਾਲੀ ਐਂਟੀ-ਬਾਡੀ ਓਮੀਕ੍ਰੋਨ ਦੇ ਇਨਫੈਕਸ਼ਨ ਨੂੰ ਰੋਕਣ ’ਚ ਘੱਟ ਅਸਰਦਾਰ ਹੋਵੇ। ਜਦੋਂ ਤਕ ਅਸੀਂ ਇਸ ਨਵੇਂ ਸਟ੍ਰੇਨ ਬਾਰੇ ਹੋਰ ਜ਼ਿਆਦਾ ਨਹੀਂ ਜਾਣ ਲੈਂਦੇ, ਉਸ ਵੇਲੇ ਤਕ ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਇਸ ਦੇ ਫੈਲਾਅ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਵੈਕਸੀਨ ਦਾ ਅਸਰ ਘੱਟ ਹੋਣ ਦੀ ਸੰਭਾਵਨਾ ਦਾ ਮਤਲਬ ਇਹ ਨਹੀਂ ਕਿ ਇਨਫੈਕਸ਼ਨ ਬੇਹੱਦ ਗੰਭੀਰ ਜਾਂ ਮੌਤ ਦਾ ਕਾਰਨ ਬਣ ਸਕਦਾ ਹੈ। ਗਿਲਬਰਟ ਨੇ ਮਹਾਮਾਰੀ ਦੌਰਾਨ ਟੀਕੇ ਬਣਾਉਣ ਅਤੇ ਦਵਾਈਆਂ ਦੀ ਵੰਡ ਵਿਚ ਆਈ ਤੇਜ਼ੀ ਨੂੰ ਹੋਰ ਬੀਮਾਰੀਆਂ ਲਈ ਵੀ ਲਾਗੂ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਹੋਰ ਬੀਮਾਰੀਆਂ ਜਿਵੇਂ ਇਨਫਲੂਏਂਜਾ ਲਈ ਵੀ ਇਕ ਯੂਨੀਵਰਸਲ ਟੀਕਾ ਬਣਾਉਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਭਾਰਤ ’ਚ ਵੱਧਣ ਲੱਗੀ ਓਮੀਕਰੋਨ ਦੀ ਦਹਿਸ਼ਤ, ਫਰਵਰੀ ’ਚ ਆ ਸਕਦੀ ਹੈ ‘ਤੀਜੀ ਲਹਿਰ’
ਨੋਟ-ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ