ਸਕੂਲ ''ਚ ਸੈਲਫੀ ਲੈਣ ਤੋਂ ਰੋਕਿਆ ਤਾਂ 12ਵੀਂ ਦੇ ਵਿਦਿਆਰਥੀ ਨੇ ਚੁੱਕਿਆ ਖ਼ੌਫ਼ਨਾਕ ਕਦਮ
Friday, Nov 08, 2024 - 04:12 PM (IST)
ਖਰਗੋਨ (ਭਾਸ਼ਾ)- ਮੱਧ ਪ੍ਰਦੇਸ਼ ਦੇ ਖਰਗੋਨ ਵਿਚ 12ਵੀਂ ਜਮਾਤ ਦੇ ਇਕ ਵਿਦਿਆਰਥੀ ਨੇ ਇਤਿਹਾਸਕ ਸਥਾਨ ਜਾਮ ਗੇਟ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਸਕੂਲ ਪ੍ਰਬੰਧਕਾਂ ਨੇ ਕੈਂਪਸ 'ਚ ਮੋਬਾਇਲ ਫੋਨ ਦੀ ਵਰਤੋਂ ਅਤੇ ਸੈਲਫੀ ਲੈਣ ਦੀ ਕੋਸ਼ਿਸ਼ 'ਤੇ ਇਤਰਾਜ਼ ਜਤਾਇਆ ਸੀ। ਪੁਲਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਮੰਡਲੇਸ਼ਵਰ ਇਲਾਕੇ ਦੇ ਗੁਲਵਾੜ ਦੇ ਸਰਕਾਰੀ ਹਾਇਰ ਸੈਕੰਡਰੀ ਸਕੂਲ 'ਚ ਪੜ੍ਹਦੇ ਅਤੇ ਸਰਕਾਰੀ ਹੋਸਟਲ 'ਚ ਰਹਿਣ ਵਾਲੇ 17 ਸਾਲਾ ਆਦਿਵਾਸੀ ਵਿਦਿਆਰਥੀ ਰਾਜ ਓਸਾਰੀ ਨੇ ਵੀਰਵਾਰ ਦੁਪਹਿਰ ਨੂੰ ਖੁਦਕੁਸ਼ੀ ਕਰ ਲਈ। ਉਸ ਦੇ ਰਿਸ਼ਤੇਦਾਰਾਂ ਅਤੇ ਇਕ ਗਾਰਡ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਉਸ ਨੂੰ ਰੋਕ ਨਹੀਂ ਸਕੇ। ਖਰਗੋਨ ਜ਼ਿਲ੍ਹੇ ਦੇ ਪੁਲਸ ਸੁਪਰਡੈਂਟ ਧਰਮਰਾਜ ਮੀਨਾ ਨੇ ਦੱਸਿਆ,"ਰਾਜ ਨੇ ਜਾਮ ਗੇਟ ਤੋਂ ਛਾਲ ਮਾਰ ਦਿੱਤੀ। ਜਦੋਂ ਉਹ ਛਾਲ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਮੌਕੇ 'ਤੇ ਤਾਇਨਾਤ ਉਸ ਦੇ ਰਿਸ਼ਤੇਦਾਰਾਂ ਅਤੇ ਸੁਰੱਖਿਆ ਗਾਰਡ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਪਰ ਉਸ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ ਅਤੇ ਇਹ ਕਦਮ ਚੁੱਕ ਲਿਆ।'' ਅਧਿਕਾਰੀ ਨੇ ਦੱਸਿਆ ਕਿ ਉਸ ਨੂੰ ਮੰਡਲੇਸ਼ਵਰ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਹ ਮੰਡਲੇਸ਼ਵਰ ਖੇਤਰ ਦੇ ਕੱਕੜ ਖੋਦਰੀ ਪਿੰਡ ਦਾ ਰਹਿਣ ਵਾਲਾ ਸੀ।
ਮ੍ਰਿਤਕ ਦੇ ਚਾਚਾ ਜਿਤੇਂਦਰ ਓਸਾਰੀ ਨੇ ਪੁਲਸ ਨੂੰ ਦਿੱਤੇ ਬਿਆਨ 'ਚ ਦੱਸਿਆ ਕਿ ਹੋਸਟਲ ਸੁਪਰਡੈਂਟ ਪ੍ਰਕਾਸ਼ ਗਿਰਵਾਲ ਨੇ ਉਸ ਨੂੰ ਫੋਨ ਕਰ ਕੇ ਸਕੂਲ 'ਚ ਰਾਜ ਵਲੋਂ ਮੋਬਾਇਲ ਫੋਨ ਦਾ ਇਸਤੇਮਾਲ ਕਰਨ ਦੀ ਸ਼ਿਕਾਇਤ ਕੀਤੀ ਸੀ। ਉਨ੍ਹਾਂ ਦੱਸਿਆ ਕਿ ਸਕੂਲ ਦੇ ਪ੍ਰਿੰਸੀਪਲ ਕੇ.ਸੀ. ਸਾਂਡ ਨੇ ਬੁੱਧਵਾਰ ਨੂੰ ਸਕੂਲ 'ਚ ਰਾਜ ਦੇ ਸੈਲਫੀ ਲੈਣ 'ਤੇ ਇਤਰਾਜ਼ ਜਤਾਇਆ ਸੀ। ਇਸ 'ਤੇ ਰਾਜ ਨੇ ਖ਼ੁਦਕੁਸ਼ੀ ਕਰਨ ਜਾਂ ਸਕੂਲ ਤੋਂ ਦੌੜ ਜਾਣ ਦੀ ਧਮਕੀ ਦਿੱਤੀ। ਪ੍ਰਿੰਸੀਪਲ ਨੇ ਇਸ ਤੋਂ ਬਾਅਦ ਹੋਸਟਲ ਸੁਪਰਡੈਂਟ ਤੋਂ ਰਾਜ ਦੇ ਪਰਿਵਾਰ ਵਾਲਿਆਂ ਨੂੰ ਬੁਲਾ ਕੇ ਮਾਮਲਾ ਸੁਲਝਾਉਣ ਲਈ ਕਿਹਾ ਪਰ ਜਦੋਂ ਉਸ ਦੇ ਰਿਸ਼ਤੇਦਾਰ ਕ੍ਰਿਸ਼ਨਾ ਅਤੇ ਉਸ ਦਾ ਬੇਟਾ ਗਣੇਸ਼ ਉਸ ਨੂੰ ਮਿਲਣ ਸਕੂਲ ਆਏ ਤਾਂ ਰਾਜ ਦੌੜ ਗਿਆ। ਉਹ ਸਾਰੇ ਉਸ ਨੂੰ ਲੱਭਣ ਗਏ ਪਰ ਉਹ ਨਹੀਂ ਮਿਲਿਆ। ਰਾਜ ਬਾਅਦ 'ਚ ਸਕੂਲ ਆਇਆ ਅਤੇ ਹੋਸਟਲ ਸੁਪਰਡੈਂਟ ਨੇ ਤੁਰੰਤ ਉਸ ਦੇ ਪਰਿਵਾਰ ਵਾਲਿਆਂ ਨੂੰ ਇਸ ਦੀ ਸੂਚਨਾ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਉਹ ਰਾਤ 9.30 ਵਜੇ ਮੁੜ ਹੋਸਟਲ ਪਹੁੰਚੇ ਪਰ ਰਾਜ ਹੋਸਟਲ ਦੀ ਚਾਰਦੀਵਾਰੀ ਟੱਪ ਕੇ ਦੌੜ ਗਿਆ। ਉਨ੍ਹਾਂ ਦੱਸਿਆ ਕਿ ਉਹ ਦੇਰ ਰਾਤ ਫਿਰ ਸਕੂਲ ਆਇਆ ਅਤੇ ਵੀਰਵਾਰ ਸਵੇਰੇ ਨਾਸ਼ਤਾ ਕਰਨ ਤੋਂ ਬਾਅਦ ਹੋਸਟਲ ਤੋਂ ਦੌੜ ਗਿਆ। ਪ੍ਰਿਸੰਪੀਲ ਨੇ ਸਟਾਫ ਨੂੰ ਉਸ ਨੂੰ ਫੜਨ ਲਈ ਕਿਹਾ ਪਰ ਉਹ ਅਜਿਹਾ ਨਹੀਂ ਕਰ ਸਕੇ। ਹਾਦਸੇ ਵਾਲੀ ਜਗ੍ਹਾ ਤੋਂ ਉਸ ਦਾ ਮੋਬਾਇਲ ਫੋਨ ਵੀ ਬਰਾਮਦ ਕੀਤਾ ਗਿਆ ਹੈ। ਐੱਸ.ਪੀ. ਨੇ ਕਿਹਾ ਕਿ ਅਜੇ ਤੱਕ ਜਾਂਚ ਦੇ ਆਧਾਰ 'ਤੇ ਸੰਭਾਵਨਾ ਹੈ ਕਿ ਉਸ ਨੇ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਝਿੜਕ ਤੋਂ ਡਰ ਕਾਰਨ ਇਹ ਕਦਮ ਚੁੱਕਿਆ ਹੋਵੇ। ਉਨ੍ਹਾਂ ਦੱਸਿਆ ਕਿ ਪੁਲਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ, ਕਿਉਂਕਿ ਘਟਨਾ ਦੇ ਪਿੱਛੇ ਕੋਈ ਹੋਰ ਮਕਸਦ ਵੀ ਹੋ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8