ਵਿਦਿਆਰਥਣ ਨਾਲ ਗੈਂਗਰੇਪ ਕਰਨ ਵਾਲੇ ਸਕੂਲ ਡਾਇਰੈਕਟਰ ਅਤੇ ਟੀਚਰ ਹਿਰਾਸਤ ''ਚ

09/19/2017 11:04:39 AM

ਰਾਜਸਥਾਨ— ਇੱਥੇ 12ਵੀਂ ਦੀ ਇਕ ਵਿਦਿਆਰਥਣ ਨਾਲ ਗੈਂਗਰੇਪ ਦੇ ਦੋਸ਼ੀ ਸਕੂਲ ਸੰਚਾਲਕ ਅਤੇ ਇਕ ਟੀਚਰ ਨੂੰ ਪੁਲਸ ਨੇ ਹਿਰਾਸਤ 'ਚ ਲੈ ਲਿਆ ਹੈ। ਦੋਵੇਂ ਦੋਸ਼ੀ ਪੀੜਤਾ ਨਾਲ ਸਕੂਲ 'ਚ ਹੀ ਇਸ ਸ਼ਰਮਨਾਕ ਵਾਰਦਾਤ ਨੂੰ ਅੰਜਾਮ ਦੇ ਰਹੇ ਸਨ। ਪੀੜਤਾ ਦੇ ਗਰਭਵਤੀ ਹੋਣ ਤੋਂ ਬਾਅਦ ਉਸ ਦਾ ਗਰਭਪਾਤ ਕਰਵਾ ਦਿੱਤਾ ਪਰ ਸਿਹਤ ਵਿਗੜਨ 'ਤੇ ਵਾਰਦਾਤ ਦਾ ਖੁਲਾਸਾ ਹੋਇਆ। ਪੁਲਸ ਦੋਸ਼ੀਆਂ ਤੋਂ ਪੁੱਛ-ਗਿੱਛ ਕਰ ਰਹੀ ਹੈ। ਜਾਣਕਾਰੀ ਅਨੁਸਾਰ ਇਹ ਮਾਮਲਾ ਸੀਕਰ ਜ਼ਿਲੇ ਦੇ ਅਜੀਤਗੜ੍ਹ ਇਲਾਕੇ ਦੇ ਇਕ ਪਿੰਡ ਦਾ ਹੈ। ਪੀੜਤਾ ਪਿੰਡ ਦੇ ਹੀ ਇਕ ਸਕੂਲ 'ਚ 12ਵੀਂ ਦੀ ਵਿਦਿਆਰਥਣ ਹੈ। ਉਸੇ ਸਕੂਲ ਦਾ ਸੰਚਾਲਕ ਜਗਦੀਸ਼ ਅਤੇ ਇਕ ਟੀਚਰ ਜਗਤ ਸਿੰਘ ਪਿਛਲੇ ਕਾਫੀ ਦਿਨਾਂ ਤੋਂ ਪੀੜਤਾ ਨਾਲ ਰੇਪ ਕਰ ਰਹੇ ਸਨ। ਪੀੜਤਾ ਦੇ ਗਰਭਵਤੀ ਹੋਣ 'ਤੇ ਦੋਹਾਂ ਨੇ ਸ਼ਾਹਪੁਰਾ ਦੇ ਇਕ ਪ੍ਰਾਈਵੇਟ ਹਸਪਤਾਲ 'ਚ ਉਸ ਦਾ ਗਰਭਪਾਤ ਕਰਵਾ ਦਿੱਤਾ ਸੀ।
ਇਸ ਤੋਂ ਬਾਅਦ ਦੋਸ਼ੀਆਂ ਨੇ ਪੀੜਤਾ ਨੂੰ ਘਰ ਭੇਜ ਦਿੱਤਾ। ਕੁਝ ਸਮੇਂ ਬਾਅਦ ਪੀੜਤਾ ਦੀ ਹਾਲਤ ਜ਼ਿਆਦਾ ਵਿਗੜ ਗਈ। ਉਸ ਦੇ ਸਰੀਰ ਤੋਂ ਲਗਾਤਾਰ ਖੂਨ ਵਗਣ 'ਤੇ ਪਰਿਵਾਰ ਵਾਲਿਆਂ ਨੇ ਉਸ ਨੂੰ ਅਜੀਤਗੜ੍ਹ ਦੇ ਇਕ ਹਸਪਤਾਲ 'ਚ ਭਰਤੀ ਕਰਵਾ ਦਿੱਤਾ। ਉਸੇ ਦੌਰਾਨ ਪੀੜਤਾ ਨੇ ਪਰਿਵਾਰ ਵਾਲਿਆਂ ਨੂੰ ਆਪਬੀਤੀ ਸੁਣਾਈ। ਉਸ ਦੀਆਂ ਗੱਲਾਂ ਸੁਣ ਕੇ ਪਰਿਵਾਰ ਵਾਲਿਆਂ ਦੇ ਹੋਸ਼ ਉੱਡ ਗਏ। ਉਨ੍ਹਾਂ ਨੇ ਤੁਰੰਤ ਅਜੀਤਗੜ੍ਹ ਪੁਲਸ ਨੂੰ ਇਸ ਵਾਰਦਾਤ ਦੀ ਸੂਚਨਾ ਦਿੱਤੀ। ਪੁਲਸ ਅਨੁਸਾਰ ਦੋਸ਼ੀ ਸਕੂਲ ਸੰਚਾਲਕ ਜਗਦੀਸ਼ ਅਤੇ ਟੀਚਰ ਜਗਤ ਨੂੰ ਹਿਰਾਸਤ 'ਚ ਲਿਆ ਗਿਆ ਹੈ। ਦੋਹਾਂ 'ਤੇ ਪੀੜਤਾ ਨੂੰ ਹਵਸ ਦਾ ਸ਼ਿਕਾਰ ਬਣਾਉਣ ਦਾ ਦੋਸ਼ ਲੱਗਾ ਹੈ। ਪੀੜਤਾ ਦੀ ਹਾਲਤ ਜ਼ਿਆਦਾ ਵਿਗੜਨ 'ਤੇ ਜੈਪੁਰ ਇਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਪੀੜਤਾ ਦੀ ਮੈਡੀਕਲ ਜਾਂਚ ਕਰਵਾਈ ਜਾ ਰਹੀ ਹੈ। ਦੋਹਾਂ ਦੋਸ਼ੀਆਂ ਨੂੰ ਹਿਰਾਸਤ 'ਚ ਲੈ ਕੇ ਪੁੱਛ-ਗਿੱਛ ਕੀਤੀ ਜਾ ਰਹੀ ਹੈ।


Related News