ਮਹਾਕਾਲ ਨੂੰ ਬੰਨ੍ਹੀ ਗਈ ਪਹਿਲੀ ਰੱਖੜੀ, ਲੱਡੂਆਂ ਨਾਲ ਲਗਾ ਮਹਾਭੋਗ
Monday, Aug 03, 2020 - 12:16 PM (IST)
ਉਜੈਨ- ਰੱਖੜੀ ਮੌਕੇ ਮਹਾਕਾਲ ਮੰਦਰ ਨੂੰ ਸ਼ਾਨਦਾਰ ਤਰੀਕੇ ਨਾਲ ਸਜਾਇਆ ਗਿਆ ਸੀ। ਸਾਵਣ ਦੇ ਮਹੀਨੇ ਸੋਮਵਾਰ ਅਤੇ ਰੱਖੜੀ ਹੋਣ ਕਾਰਨ ਭਗਤ ਸਵੇਰ ਤੋਂ ਹੀ ਮਹਾਕਾਲ ਦੇ ਦਰਸ਼ਨ ਲਈ ਪਹੁੰਚ ਰਹੇ ਸਨ। ਹਾਲਾਂਕਿ ਕੋਰੋਨਾ ਕਾਰਨ ਮਹਾਕਾਲ ਦੀ ਭਸਮ ਆਰਤੀ 'ਚ ਸ਼ਾਮਲ ਨਹੀਂ ਹੋ ਸਕੇ। ਅੱਜ ਯਾਨੀ ਸੋਮਵਾਰ ਤੜਕੇ 2.30 ਵਜੇ ਬਾਬਾ ਮਹਾਕਾਲ ਦੇ ਦੁਆਰ ਖੋਲ੍ਹੇ ਗਏ ਅਤੇ ਅਭਿਸ਼ੇਕ ਤੋਂ ਬਾਅਦ ਭਸਮ ਆਰਤੀ ਸ਼ੁਰੂ ਹੋਈ। ਸਾਵਣ ਮਹੀਨੇ ਭਗਵਾਨ ਭੋਲੇਨਾਥ ਦਾ ਸਭ ਤੋਂ ਪ੍ਰਿਯ ਮਹੀਨਾ ਮੰਨਿਆ ਗਿਆ ਹੈ। ਮਾਨਤਾ ਹੈ ਕਿ ਸਾਵਣ ਮਹੀਨੇ 'ਚ ਸ਼ਿਵ ਪੂਜਾ ਕਰਨ ਨਾਲ ਸਾਰੇ ਕਸ਼ਟਾਂ ਤੋਂ ਤੁਰੰਤ ਮੁਕਤੀ ਮਿਲਦੀ ਹੈ। ਨਾਲ ਹੀ ਰੱਖੜੀ ਹੋਣ ਕਾਰਨ ਅੱਜ ਭਸਮ ਆਰਤੀ 'ਚ ਬਾਬਾ ਮਹਾਕਾਲ ਨੂੰ ਰੱਖੜੀ ਬੰਨ੍ਹੀ ਗਈ। ਇੱਥੇ ਮੰਦਰ ਨੂੰ ਬਹੁਤ ਹੀ ਆਕਰਸ਼ਕ ਢੰਗ ਨਾਲ ਸਜਾਇਆ ਗਿਆ ਹੈ। ਅੱਜ ਭਸਮ ਆਰਤੀ 'ਚ ਬਾਬਾ ਨੂੰ ਲੱਡੂਆਂ ਦਾ ਮਹਾਭੋਗ ਵੀ ਲਗਾਇਆ ਗਿਆ ਹੈ।
ਸਾਵਣ ਦੇ 5ਵੇਂ ਅਤੇ ਆਖਰੀ ਸੋਮਵਾਰ ਨਾਲ ਹੀ ਰੱਖੜੀ ਹੋਣ ਕਾਰਨ ਅੱਜ ਮਹਾਕਾਲੇਸ਼ਵਰ ਮੰਦਰ 'ਚ ਬਾਬਾ ਮਹਾਕਾਲ ਦੀ ਵਿਸ਼ੇਸ਼ ਭਸਮ ਆਰਤੀ ਕੀਤੀ ਗਈ। ਭਸਮ ਆਰਤੀ ਦੇ ਪਹਿਲੇ ਬਾਬਾ ਨੂੰ ਜਲ ਨਾਲ ਨਹਾ ਕੇ ਅਭਿਸ਼ੇਕ ਕੀਤਾ ਗਿਆ, ਜਿਸ 'ਚ ਦੁੱਧ, ਦਹੀ, ਘਿਓ, ਸ਼ਹਿਦ ਅਤੇ ਫਲਾਂ ਦੇ ਰਸਾਂ ਨਾਲ ਅਭਿਸ਼ੇਕ ਹੋਇਆ। ਅਭਿਸ਼ੇਕ ਤੋਂ ਬਾਅਦ ਭੰਗ ਅਤੇ ਚੰਦਨ ਨਾਲ ਭੋਲੇਨਾਥ ਦਾ ਆਕਰਸ਼ਕ ਸ਼ਿੰਗਾਰ ਕੀਤਾ ਗਿਆ ਅਤੇ ਬਾਬਾ ਨੂੰ ਭਸਮ ਚੜ੍ਹਾਈ ਗਈ। ਭਸਮ ਆਰਤੀ ਹੋਣ ਤੋਂ ਬਾਅਦ ਭਗਵਾਨ ਨੂੰ ਕੱਪੜੇ ਧਾਰਨ ਕਰਵਾਏ ਗਏ ਅਤੇ ਫਿਰ ਢੋਲ-ਨਗਾੜਿਆਂ ਅਤੇ ਸ਼ੰਖਨਾਦ ਨਾਲ ਬਾਬਾ ਦੀ ਭਸਮ ਆਰਤੀ ਕੀਤੀ ਗਈ।