ਕਿਸਾਨ ਅੰਦੋਲਨ ਹੋਵੇਗਾ ਹੋਰ ਤਿੱਖਾ, ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਦੱਸੀ ਅਗਲੀ ਰਣਨੀਤੀ
Saturday, Jan 02, 2021 - 01:10 PM (IST)
ਨਵੀਂ ਦਿੱਲੀ— ਦਿੱਲੀ ਦੀਆਂ ਸਰਹੱਦਾਂ ’ਤੇ ਜਾਰੀ ਕਿਸਾਨ ਅੰਦੋਲਨ ਦਾ ਅੱਜ ਯਾਨੀ ਕਿ ਸ਼ਨੀਵਾਰ ਨੂੰ 38ਵਾਂ ਦਿਨ ਹੈ। ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਕੜਾਕੇ ਦੀ ਠੰਡ ’ਚ ਡਟੇ ਹੋਏ ਹਨ। ਇਸ ਦਰਮਿਆਨ ਅੱਜ ਸੰਯੁਕਤ ਕਿਸਾਨ ਮੋਰਚਾ ਦੇ ਕਿਸਾਨ ਆਗੂ ਨੇ ਦਿੱਲੀ ਪ੍ਰੈੱਸ ਕਲੱਬ ’ਚ ਪ੍ਰੈੱਸ ਕਾਨਫਰੰਸ ਕੀਤੀ। ਇਕ ਕਿਸਾਨ ਆਗੂ ਨੇ ਕਿਹਾ ਕਿ ਹੁਣ ਤੱਕ ਜੋ ਵੀ ਗੱਲਬਾਤ ਸਰਕਾਰ ਨਾਲ ਹੋਈ ਹੈ, ਉਹ ਕਿਸੇ ਹੱਲ ਵੱਲ ਨਹੀਂ ਪੁੱਜੀ ਹੈ। ਅਸੀਂ ਸਰਕਾਰ ਨੂੰ ਸਾਫ਼ ਕਿਹਾ ਹੈ ਕਿ ਤਿੰਨੋਂ ਖੇਤੀ ਕਾਨੂੰਨ ਰੱਦ ਹੋਣੇ ਚਾਹੀਦੇ ਹਨ। ਸਾਡਾ ਅੰਦੋਲਨ ਸ਼ਾਂਤੀਪੂਰਨ ਜਾਰੀ ਹੈ ਅਤੇ ਰਹੇਗਾ, ਜਦੋਂ ਤੱਕ ਕਾਨੂੰਨ ਵਾਪਸ ਨਹੀਂ ਹੋ ਜਾਂਦੇ। ਕਿਸਾਨ ਆਗੂ ਨੇ ਅੱਗੇ ਕਿਹਾ ਕਿ ਸਰਕਾਰ ਖੇਤੀ ਕਾਨੂੰਨਾਂ ਖ਼ਿਲਾਫ਼ ਗ਼ਲਤ ਪ੍ਰਚਾਰ ਕਰ ਰਹੀ ਹੈ। ਸਰਕਾਰ ਹੰਕਾਰ ਦੀ ਵਜ੍ਹਾ ਕਰ ਕੇ ਕਾਨੂੰਨ ਵਾਪਸ ਨਹੀਂ ਲੈ ਰਹੀ।
ਇਹ ਹੈ ਕਿਸਾਨਾਂ ਦੀ ਅਗਲੀ ਰਣਨੀਤੀ—
ਕਿਸਾਨ ਆਗੂ ਦਰਸ਼ਨ ਪਾਲ ਸਿੰਘ ਨੇ ਕਿਹਾ ਕਿ ਜੇਕਰ 4 ਤਾਰੀਖ਼ ਦੀ ਗੱਲਬਾਤ ਸਫ਼ਲ ਨਹੀਂ ਰਹਿੰਦੀ ਤਾਂ ਅਸੀਂ 6 ਜਨਵਰੀ ਨੂੰ ਅੰਦੋਲਨ ਤੇਜ਼ ਕਰਾਂਗੇ। 6 ਜਨਵਰੀ ਨੂੰ ਟਰੈਕਟਰ ਮਾਰਚ ਕੱਢਿਆ ਜਾਵੇਗਾ। 5 ਜਨਵਰੀ ਨੂੰ ਸੁਪਰੀਮ ਕੋਰਟ ’ਚ ਕਿਸਾਨ ਅੰਦੋਲਨ ਨੂੰ ਲੈ ਕੇ ਸੁਣਵਾਈ ਹੋਵੇਗੀ। 6 ਜਨਵਰੀ ਤੋਂ ਲੈ ਕੇ 20 ਜਨਵਰੀ ਤੱਕ ਪੂਰੇ ਦੇਸ਼ ’ਚ ਭਾਜਪਾ ’ਤੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਦਬਾਅ ਬਣਾਉਣ ਲਈ ਰੈਲੀਆਂ ਕੱਢੀਆਂ ਜਾਣਗੀਆਂ। 23 ਜਨਵਰੀ ਨੂੰ ਸੁਭਾਸ਼ ਚੰਦਰ ਬੋਸ ਦਾ ਜਨਮ ਦਿਨ ਹੈ ਅਤੇ ਉਸ ਦਿਨ ਗਵਰਨਰ ਹਾਊਸ ਤੱਕ ਮਾਰਚ ਕੀਤਾ ਜਾਵੇਗਾ। 26 ਜਨਵਰੀ ਨੂੰ ਗਣਤੰਤਰ ਦਿਵਸ ਹੈ, ਉਸ ’ਚ ਕਿਸਾਨ ਟਰੈਕਟਰਾਂ ’ਚ ਤਿਰੰਗਾ ਲਾ ਕੇ ਪਰੇਡ ਕਰਨਗੇ। ਇਸ ਨੂੰ ‘ਟਰੈਕਟਰ ਕਿਸਾਨ ਪਰੇਡ’ ਦਾ ਨਾਂ ਦਿੱਤਾ ਗਿਆ ਹੈ। ਕਿਸਾਨ ਆਗੂ ਨੇ ਕਿਹਾ ਕਿ ਅਸੀਂ 25 ਜਨਵਰੀ ਨੂੰ ਹੀ ਕਿਸਾਨਾਂ ਨੂੰ ਇੱਥੇ ਪੁੱਜਣ ਦਾ ਸੱਦਾ ਇੱਥੇ ਦਿੰਦੇ ਹਾਂ।
ਨੋਟ: ਕਿਸਾਨ ਆਗੂਆਂ ਦੇ ਇਨ੍ਹਾਂ ਫ਼ੈਸਲਿਆਂ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ