ਸੰਜੇ ਸਿੰਘ ਦੀ ਅਦਾਲਤ 'ਚ ਪੇਸ਼ੀ, ਕਿਹਾ- 'ਇਹ ਮੋਦੀ ਜੀ ਦਾ ਅਨਿਆਂ ਹੈ, ਉਹ ਚੋਣਾਂ ਹਾਰ ਜਾਣਗੇ'

Thursday, Oct 05, 2023 - 05:12 PM (IST)

ਸੰਜੇ ਸਿੰਘ ਦੀ ਅਦਾਲਤ 'ਚ ਪੇਸ਼ੀ, ਕਿਹਾ- 'ਇਹ ਮੋਦੀ ਜੀ ਦਾ ਅਨਿਆਂ ਹੈ, ਉਹ ਚੋਣਾਂ ਹਾਰ ਜਾਣਗੇ'

ਨਵੀਂ ਦਿੱਲੀ- ਦਿੱਲੀ ਆਬਕਾਰੀ ਨੀਤੀ ਮਾਮਲੇ 'ਚ ਗ੍ਰਿਫ਼ਤਾਰੀ ਦੇ ਇਕ ਦਿਨ ਬਾਅਦ ਆਮ ਆਦਮੀ ਪਾਰਟੀ (ਆਪ) ਨੇਤਾ ਸੰਜੇ ਸਿੰਘ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ। ਸੰਜੇ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਗ੍ਰਿਫ਼ਤਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੀਤਾ ਗਿਆ ਅਨਿਆਂ ਹੈ ਅਤੇ ਭਾਜਪਾ ਅਗਲੀਆਂ ਲੋਕ ਸਭਾ ਚੋਣਾਂ ਹਾਰਨ ਜਾ ਰਹੀ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਸਿੰਘ ਨੂੰ 2021-22 ਦਿੱਲੀ ਆਬਕਾਰੀ ਨੀਤੀ ਮਾਮਲੇ ਨਾਲ ਜੁੜੀ ਮਨੀ ਲਾਂਡਰਿੰਗ ਜਾਂਚ ਦੇ ਸਿਲਸਿਲੇ ਵਿਚ ਬੁੱਧਵਾਰ ਨੂੰ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਨੇ ਰਾਊਜ ਐਵੇਨਿਊ ਕੰਪਲੈਕਸ ਵਿਚ ਵਿਸ਼ੇਸ਼ ਜੱਜ ਐੱਮ. ਕੇ. ਨਾਗਪਾਲ ਦੇ ਸਾਹਮਣੇ ਪੇਸ਼ ਕੀਤੇ ਜਾਣ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਮੋਦੀ ਜੀ ਦਾ ਅਨਿਆਂ ਹੈ। ਉਹ ਚੋਣਾਂ ਹਾਰ ਜਾਣਗੇ, ਉਹ ਚੋਣਾਂ ਹਾਰ ਰਹੇ ਹਨ। 

ਇਹ ਵੀ ਪੜ੍ਹੋ-  ਸ਼ਰਾਬ ਘਪਲੇ 'ਚ ਪੁੱਛ-ਗਿੱਛ ਮਗਰੋਂ ED ਦੀ ਵੱਡੀ ਕਾਰਵਾਈ, ਸੰਜੇ ਸਿੰਘ ਗ੍ਰਿਫ਼ਤਾਰ

ਦੱਸ ਦੇਈਏ ਕਿ 'ਆਪ' ਸੰਸਦ ਮੈਂਬਰ ਸੰਜੇ ਸਿੰਘ ਰਾਊਜ਼ ਐਵੇਨਿਊ ਕੋਰਟ 'ਚ ਪੇਸ਼ ਹੋਏ। ਇਸ ਦੌਰਾਨ ਅਦਾਲਤ ਨੇ ਈ.ਡੀ. ਨੂੰ ਪੁੱਛਿਆ ਕਿ ਕੀ ਤੁਸੀਂ ਸੰਜੇ ਸਿੰਘ ਦਾ ਫ਼ੋਨ ਆਪਣੇ ਕਬਜ਼ੇ 'ਚ ਲੈ ਲਿਆ ਹੈ? ਇਸ 'ਤੇ ਈ. ਡੀ. ਦੇ ਵਕੀਲ ਨੇ ਹਾਂ 'ਚ ਜਵਾਬ ਦਿੱਤਾ। ਈ. ਡੀ. ਦੇ ਵਕੀਲ ਨੇ ਅਦਾਲਤ ਨੂੰ ਕਿਹਾ ਕਿ ਸੰਜੇ ਸਿੰਘ ਦੇ ਫ਼ੋਨ ਤੋਂ ਬਰਾਮਦ ਕੀਤੇ ਗਏ ਸੰਪਰਕਾਂ ਅਤੇ ਡਾਟਾ ਤੋਂ ਪੁੱਛਗਿੱਛ ਕਰਨ ਲਈ ਹਿਰਾਸਤ ਜ਼ਰੂਰੀ ਹੈ। ਇਸ 'ਤੇ ਅਦਾਲਤ ਨੇ ਕਿਹਾ ਕਿ ਜਦੋਂ ਤੁਹਾਡੇ ਕੋਲ ਫ਼ੋਨ ਹੈ ਤਾਂ ਫਿਰ ਦੋਸ਼ੀ ਨੂੰ ਆਹਮੋ-ਸਾਹਮਣੇ ਕਰਨ ਦੀ ਕੀ ਲੋੜ ਹੈ। ਤੁਸੀਂ ਕਿਸੇ ਵੀ ਤਰ੍ਹਾਂ ਡਾਟਾ ਕੱਢ ਸਕਦੇ ਹੋ। ਰਿਮਾਂਡ ਦੀ ਮੰਗ ਕਰਦੇ ਹੋਏ ਈ. ਡੀ. ਨੇ ਕਿਹਾ ਕਿ ਸੰਜੇ ਸਿੰਘ ਦੇ ਘਰੋਂ ਮਿਲੇ ਸਬੂਤਾਂ ਤੋਂ ਪੁੱਛਗਿੱਛ ਕਰਨੀ ਜ਼ਰੂਰੀ ਹੈ।

 

ਇਹ ਵੀ ਪੜ੍ਹੋ-  'ਆਪ' ਸੰਸਦ ਮੈਂਬਰ ਸੰਜੇ ਸਿੰਘ ਦੇ ਘਰ ED ਨੇ ਕੀਤੀ ਛਾਪੇਮਾਰੀ

ਕੀ ਹੈ ਦਿੱਲੀ ਦਾ ਸ਼ਰਾਬ ਘਪਲਾ?

ਮਾਮਲਾ ਦਿੱਲੀ ਸਰਕਾਰ ਦੀ ਨਵੀਂ ਸ਼ਰਾਬ ਨੀਤੀ 2021-22 ਨਾਲ ਜੁੜਿਆ ਹੋਇਆ ਹੈ। ਦਿੱਲੀ ਸਰਕਾਰ ਨੇ 17 ਨਵੰਬਰ 2021 ਤੋਂ ਦਿੱਲੀ ਵਿੱਚ ਨਵੀਂ ਆਬਕਾਰੀ ਨੀਤੀ ਲਾਗੂ ਕੀਤੀ ਸੀ। ਨਵੀਂ ਸ਼ਰਾਬ ਨੀਤੀ ਤਹਿਤ ਸ਼ਰਾਬ ਦੇ ਕਾਰੋਬਾਰ ਨੂੰ ਪੂਰੀ ਤਰ੍ਹਾਂ ਨਿੱਜੀ ਹੱਥਾਂ ਵਿੱਚ ਸੌਂਪ ਦਿੱਤਾ ਗਿਆ ਅਤੇ ਦਿੱਲੀ ਸਰਕਾਰ ਇਸ ਤੋਂ ਪੂਰੀ ਤਰ੍ਹਾਂ ਬਾਹਰ ਆ ਗਈ। ਦਿੱਲੀ ਸਰਕਾਰ ਨੇ ਨਵੀਂ ਆਬਕਾਰੀ ਨੀਤੀ ਲਿਆ ਕੇ ਮਾਫੀਆ ਰਾਜ ਖਤਮ ਕਰਨ ਦੀ ਦਲੀਲ ਦਿੱਤੀ ਸੀ। ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਇਸ ਨਾਲ ਸਰਕਾਰ ਦਾ ਮਾਲੀਆ ਵਧੇਗਾ। ਨਵੀਂ ਆਬਕਾਰੀ ਨੀਤੀ ਜਦੋਂ ਦਿੱਲੀ ਵਿੱਚ ਲਾਗੂ ਹੋਈ ਤਾਂ ਨਤੀਜੇ ਸਰਕਾਰ ਦੇ ਦਾਅਵਿਆਂ ਦੇ ਬਿਲਕੁਲ ਉਲਟ ਆਏ। ਕਿੱਥੇ ਸਰਕਾਰ ਨੇ ਮਾਲੀਆ ਵਧਣ ਦਾ ਦਾਅਵਾ ਕੀਤਾ ਸੀ ਤੇ ਕਿੱਥੇ ਨੁਕਸਾਨ ਝੱਲਣਾ ਪਿਆ ਸੀ।

ਇਹ ਵੀ ਪੜ੍ਹੋ-  SYL 'ਤੇ ਸਖ਼ਤ ਸੁਪਰੀਮ ਕੋਰਟ, ਕਿਹਾ-ਸਿਆਸਤ ਨਾ ਕਰੇ ਪੰਜਾਬ; ਕੇਂਦਰ ਤੋਂ ਮੰਗੀ ਰਿਪੋਰਟ

ਦਿੱਲੀ ਦੇ LG ਨੇ ਮੁੱਖ ਸਕੱਤਰ ਦੀ ਰਿਪੋਰਟ ਦੇ ਆਧਾਰ 'ਤੇ 22 ਜੁਲਾਈ 2022 ਨੂੰ CBI ਜਾਂਚ ਦੀ ਸਿਫ਼ਾਰਸ਼ ਕੀਤੀ ਸੀ। LG ਦੀ ਸਿਫ਼ਾਰਿਸ਼ ਤੋਂ ਬਾਅਦ CBI ਨੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਕੇਂਦਰੀ ਏਜੰਸੀ ਨੇ ਇਸ ਮਾਮਲੇ ਵਿਚ ਡਿਪਟੀ CM ਮਨੀਸ਼ ਸਿਸੋਦੀਆ ਨੂੰ ਗ੍ਰਿਫ਼ਤਾਰ ਕਰ ਲਿਆ।


author

Tanu

Content Editor

Related News