ਲੱਕੜਵਾਲਾ ਦਾ ਨਾਂ ਲੈ ਰਾਊਤ ਨੇ ਲਾਏ ਗੰਭੀਰ ਦੋਸ਼, ਅੰਡਰਵਰਲਡ ਨਾਲ ਹਨ ਨਵਨੀਤ ਦਾ ਕੁਨੈਕਸ਼ਨ

04/28/2022 12:04:14 PM

ਮੁੰਬਈ– ਸ਼ਿਵ ਸੈਨਾ ਦੇ ਐੱਮ. ਪੀ. ਸੰਜੇ ਰਾਊਤ ਨੇ ਦਾਅਵਾ ਕੀਤਾ ਹੈ ਕਿ ਆਜ਼ਾਦ ਐੱਮ. ਪੀ. ਨਵਨੀਤ ਰਾਣਾ ਨੂੰ ਇਕ ਫਿਲਮ ਫਾਈਨਾਂਸਰ ਅਤੇ ਬਿਲਡਰ ਯੂਸੁਫ ਲੱਕੜਵਾਲਾ ਕੋਲੋਂ 80 ਲੱਖ ਰੁਪਏ ਦਾ ਕਰਜ਼ਾ ਮਿਲਿਆ ਸੀ। ਰਾਊਤ ਨੇ ਇਸ ਮਾਮਲੇ ਦੀ ਜਾਂਚ ਈ. ਡੀ. ਕੋਲੋਂ ਕਰਵਾਉਣ ਦੀ ਮੰਗ ਕੀਤੀ। ਲੱਕੜਵਾਲਾ ਨੂੰ ਮਨੀ ਲਾਂਡਰਿੰਗ ਦੇ ਮਾਮਲੇ ਵਿਚ ਈ. ਡੀ. ਨੇ ਪਹਿਲਾਂ ਹੀ ਗ੍ਰਿਫਤਾਰ ਕੀਤਾ ਸੀ। ਉਸ ਦੀ ਪਿਛਲੇ ਸਾਲ ਸਤੰਬਰ ਵਿਚ ਜੇਲ ਵਿਚ ਰਹਿਣ ਦੌਰਾਨ ਮੌਤ ਹੋ ਗਈ ਸੀ।

ਰਾਊਤ ਨੇ ਬੁੱਧਵਾਰ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼ੱਕ ਪ੍ਰਗਟਾਇਆ ਕਿ ਹਨੂੰਮਾਨ ਚਾਲੀਸਾ ਦੇ ਪਾਠ ਨੂੰ ਲੈ ਕੇ ਉੱਠੇ ਸਿਆਸੀ ਵਿਵਾਦ ਦਾ ਸ਼ਾਇਦ ਕੋਈ ਅੰਡਰਵਰਲਡ ਕੁਨੈਕਸ਼ਨ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਨਵਨੀਤ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।

 

ਬੁੱਧਵਾਰ ਨੂੰ ਇਕ ਟਵੀਟ ਵਿੱਚ ਰਾਉਤ ਨੇ ਕਿਹਾ,‘ਅੰਡਰਵਰਲਡ ਕੁਨੈਕਸ਼ਨ। ਲੱਕੜਵਾਲਾ ਨੂੰ ਈ. ਡੀ. ਨੇ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਕੇਸ ਵਿਚ ਗ੍ਰਿਫਤਾਰ ਕੀਤਾ ਸੀ ਅਤੇ ਲਾਕ-ਅੱਪ ਵਿਚ ਮੌਤ ਹੋ ਗਈ ਸੀ। ਯੂਸਫ ਦਾ ਨਾਜਾਇਜ਼ ਪੈਸਾ ਰਾਣਾ ਦੇ ਖਾਤੇ ’ਚ ਹੈ। ਈ. ਡੀ. ਰਾਣਾ ਨੂੰ ਚਾਹ ਕਦੋਂ ਪਿਲਾਏਗੀ? ਡੀ-ਗੈਂਗ ਨੂੰ ਕਿਉਂ ਬਚਾਇਆ ਜਾ ਰਿਹਾ ਹੈ? ਭਾਜਪਾ ਚੁੱਪ ਕਿਉਂ ਹੈ?’ ਮੰਗਲਵਾਰ ਰਾਤ ਨੂੰ ਰਾਉਤ ਨੇ ਕਥਿਤ ਤੌਰ ’ਤੇ ਰਾਣਾ ਦੇ ਵਿੱਤੀ ਸੌਦਿਆਂ ਦੀ ਇਕ ਤਸਵੀਰ ਟਵੀਟ ਕੀਤੀ ਸੀ, ਜਿਸ ਵਿੱਚ ਲੱਕੜਵਾਲਾ ਤੋਂ ਲਏ ਗਏ 80 ਲੱਖ ਰੁਪਏ ਦੇ ਕਰਜ਼ੇ ਦਾ ਜ਼ਿਕਰ ਸੀ।


Rakesh

Content Editor

Related News