ਪੰਜਾਬ ਤੋਂ ਰਾਜ ਸਭਾ ਮੈਂਬਰ ਸੰਦੀਪ ਪਾਠਕ ਨੂੰ 'ਆਪ' ਨੇ ਸੌਂਪੀ ਵੱਡੀ ਜ਼ਿੰਮੇਵਾਰੀ
Tuesday, Dec 13, 2022 - 11:46 AM (IST)
ਨਵੀਂ ਦਿੱਲੀ (ਭਾਸ਼ਾ)- ਆਮ ਆਦਮੀ ਪਾਰਟੀ (ਆਪ) ਨੇ ਆਪਣੇ ਨੇਤਾ ਅਤੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਨੂੰ ਪਾਰਟੀ ਦਾ ਕੌਮੀ ਜਨਰਲ ਸਕੱਤਰ (ਸੰਗਠਨ) ਨਿਯੁਕਤ ਕੀਤਾ ਹੈ। ਪਾਠਕ ਪੰਜਾਬ ਅਤੇ ਗੁਜਰਾਤ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੇ ਇੰਚਾਰਜ ਸਨ। ਗੁਜਰਾਤ 'ਚ ਮਿਲੀਆਂ ਵੋਟਾਂ ਦੇ ਆਧਾਰ 'ਤੇ ਹੀ ਪਾਰਟੀ, ਰਾਸ਼ਟਰੀ ਪਾਰਟੀ ਦਾ ਦਰਜਾ ਹਾਸਲ ਕਰਨ ਦੇ ਯੋਗ ਬਣੀ ਹੈ। ਪਾਰਟੀ ਦੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਇਸ ਦਾ ਐਲਾਨ ਕਰਦੇ ਹੋਏ ਲਿਖਿਆ ਗਿਆ,''ਪਾਰਟੀ ਸੰਦੀਪ ਪਾਠਕ ਨੂੰ ਕੌਮੀ ਸੰਗਠਨ ਜਨਰਲ ਸਕੱਤਰ ਨਿਯੁਕਤ ਕਰਦੀ ਹੈ। ਉਹ 'ਆਪ' ਦੀ ਰਾਜਨੀਤਿਕ ਮਾਮਲਿਆਂ ਦੀ ਕਮੇਟੀ (ਪੀਏਸੀ) ਦੇ ਸਥਾਈ ਤੌਰ 'ਤੇ ਸੱਦੇ ਗਏ ਮੈਂਬਰ ਵੀ ਹੋਣਗੇ। ਨਵੀਂ ਭੂਮਿਕਾ ਲਈ ਤੁਹਾਨੂੰ ਸ਼ੁੱਭਕਾਮਨਾਵਾਂ।''
ਪਾਰਟੀ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ 2024 ਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇਹ ਨਿਯੁਕਤੀ ਕੀਤੀ ਗਈ ਹੈ। ਚੋਣ ਨਿਸ਼ਾਨ (ਰਿਜ਼ਰਵੇਸ਼ਨ ਅਤੇ ਅਲਾਟਮੈਂਟ) ਆਦੇਸ਼ ਦੇ ਪ੍ਰਬੰਧਾਂ ਦਾ ਹਵਾਲਾ ਦਿੰਦੇ ਹੋਏ ਚੋਣ ਕਮਿਸ਼ਨ ਦੇ ਇਕ ਸਾਬਕਾ ਅਧਿਕਾਰੀ ਨੇ ਕਿਹਾ ਕਿ ਇਕ ਪਾਰਟੀ ਨੂੰ ਇਕ ਰਾਸ਼ਟਰੀ ਪਾਰਟੀ ਬਣਨ ਲਈ ਚਾਰ ਸੂਬਿਆਂ 'ਚ ਰਾਜ ਪਾਰਟੀ ਦਾ ਦਰਜਾ ਚਾਹੀਦਾ ਹੁੰਦਾ ਹੈ। 'ਆਪ' ਦਿੱਲੀ, ਗੋਆ ਅਤੇ ਪੰਜਾਬ 'ਚ ਪਹਿਲਾਂ ਹੀ ਰਾਜ ਪੱਧਰ ਦੀ ਪਾਰਟੀ ਦਾ ਦਰਜਾ ਹਾਸਲ ਕਰ ਚੁੱਕੀ ਸੀ। ਦਿੱਲੀ ਅਤੇ ਪੰਜਾਬ 'ਚ 'ਆਪ' ਦੀ ਹੀ ਸਰਕਾਰ ਹੈ। ਅਧਿਕਾਰੀ ਨੇ ਕਿਹਾ ਕਿ ਕਿਸੇ ਵੀ ਪਾਰਟੀ ਨੂੰ ਰਾਜ ਪੱਧਰ ਦੀ ਪਾਰਟੀ ਦਾ ਦਰਜਾ ਹਾਸਲ ਕਰਨ ਲਈ 8 ਫੀਸਦੀ ਵੋਟ ਦੀ ਲੋੜ ਹੁੰਦੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ 'ਆਪ' ਨੇ ਗੁਜਰਾਤ ਵਿਧਾਨ ਸਭਾ ਚੋਣਾਂ 'ਚ 182 ਸੀਟਾਂ 'ਚੋਂ ਸਿਰਫ਼ 5 ਸੀਟਾਂ 'ਤੇ ਜਿੱਤ ਦਰਜ ਕੀਤੀ ਸੀ ਪਰ ਉਸ ਨੂੰ ਕੁੱਲ ਵੋਟਾਂ ਦੇ ਕਰੀਬ 13 ਫੀਸਦੀ ਵੋਟ ਮਿਲੇ ਸਨ। 'ਆਪ' ਕਨਵੀਨਰ ਕੇਜਰੀਵਾਲ ਨੇ ਕਿਹਾ ਸੀ ਕਿ ਪਾਰਟੀ ਨੇ ਜ਼ਿਆਦਾ ਸੀਟਾਂ ਨਹੀਂ ਜਿੱਤੀਆਂ ਪਰ ਪਾਰਟੀ ਨੂੰ ਮਿਲੀਆਂ ਵੋਟਾਂ ਨੇ ਉਸ ਨੂੰ ਰਾਸਟਰੀ ਪਾਰਟੀ ਦਾ ਦਰਜਾ ਦਿਵਾਉਣ 'ਚ ਮਦਦ ਕੀਤੀ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ