ਸੱਜਣ ਕੁਮਾਰ ਨੂੰ ਜੇਲ੍ਹ ''ਚ ਮਿਲਿਆ ਮਾਲੀ ਦਾ ਕੰਮ

04/17/2019 10:36:09 AM

ਨਵੀਂ ਦਿੱਲੀ-ਸਿੱਖ ਵਿਰੋਧੀ ਦੰਗਿਆ ਦੇ ਦੋਸ਼ੀ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਜੇਲ੍ਹ 'ਚ ਮਾਲੀ ਦਾ ਕੰਮ ਮਿਲ ਗਿਆ ਹੈ। ਦਿੱਲੀ ਦੀ ਤਿਹਾੜ ਜੇਲ੍ਹ ਦੇ ਮੰਡੋਲੀ 'ਚ ਨਵੇਂ ਉਸਾਰੇ ਅਹਾਤੇ 'ਚ ਸੱਜਣ ਕੁਮਾਰ ਨੂੰ ਜੇਲ੍ਹ ਦੇ ਮਾਲੀਆਂ 'ਚ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਕੈਦੀਆਂ ਤੋਂ ਹਲਕਾ ਫੁਲਕਾ ਕੰਮ ਲਿਆ ਜਾਂਦਾ ਹੈ। ਇਹ ਜੇਲ੍ਹ 'ਚ ਹਰਿਆਲੀ ਨੂੰ ਕਾਇਮ ਰੱਖਣ ਲਈ ਬੂਟਿਆਂ ਦੀ ਸਾਂਭ ਸੰਭਾਲ ਕਰਦੇ ਹਨ ਤੇ ਉਨ੍ਹਾਂ ਨੂੰ ਪਾਣੀ ਪਾਉਂਦੇ ਹਨ।

ਦਿੱਲੀ ਛਾਉਣੀ ਦੇ ਰਾਜਨਗਰ ਇਲਾਕੇ 'ਚ 1-2 ਨਵੰਬਰ 1984 ਨੂੰ ਪੰਜ ਲੋਕਾਂ ਦੀ ਹੱਤਿਆ ਨਾਲ ਸੰਬੰਧਤ ਮਾਮਲੇ 'ਚ ਸਜ਼ਾ ਮਿਲਣ ਕਾਰਨ ਸੱਜਣ ਕੁਮਾਰ ਨੇ ਤਿੰਨ ਮਹੀਨੇ ਪਹਿਲਾਂ ਦਿੱਲੀ ਹਾਈ ਕੋਰਟ ਅੱਗੇ ਆਤਮ ਸਮਰਪਣ ਕੀਤਾ ਸੀ ਪਰ ਉਸ ਨੂੰ ਇਹ ਕੰਮ ਤਿੰਨ ਮਹੀਨੇ ਬਾਅਦ ਹੁਣ ਮਿਲਿਆ ਹੈ। ਜੇਲ੍ਹ ਨਿਯਮਾਂ ਅਨੁਸਾਰ ਹਰ ਕੈਦੀ ਤੋਂ ਕੋਈ ਨਾ ਕੋਈ ਕੰਮ ਲਿਆ ਜਾਣਾ ਜ਼ਰੂਰੀ ਹੈ ਪਰ ਇਸ 'ਚ ਕੈਦੀ ਦੀ ਉਮਰ ਅਤੇ ਸਿਹਤ ਦਾ ਵੀ ਖਿਆਲ ਵੀ ਰੱਖਿਆ ਜਾਂਦਾ ਹੈ। ਇਸ ਕਰਕੇ ਸੱਜਣ ਕੁਮਾਰ ਨੂੰ ਸੌਖਾ ਕੰਮ ਦਿੱਤਾ ਗਿਆ ਹੈ। ਜੇਲ੍ਹ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਉਸ ਨੂੰ ਮਾਲੀ ਦਾ ਕੰਮ ਦੇਣ ਤੋਂ ਪਹਿਲਾਂ ਤਰਖਾਣ, ਬੇਕਰੀ ਅਤੇ ਕਿਤਾਬਾਂ ਦੀਆਂ ਜਿਲਦਾਂ ਚੜ੍ਹਾਉਣ ਦੇ ਕੰਮ ਦੇਣ ਬਾਰੇ ਵੀ ਵਿਚਾਰ ਹੋਈ ਸੀ। ਹੁਣ ਸੱਜਣ ਕੁਮਾਰ ਦੀਆਂ ਜੇਲ੍ਹ 'ਚ ਛੇਤੀ ਜ਼ਮਾਨਤ 'ਤੇ ਆਉਣ ਦੀਆਂ ਸਾਰੀਆਂ ਸੰਭਾਵਨਾਵਾਂ ਖਤਮ ਹੋ ਗਈਆਂ ਹਨ, ਕਿਉਂਕਿ ਸੁਪਰੀਮ ਕੋਰਟ ਨੇ ਉਸ ਦੀ ਜ਼ਮਾਨਤ ਦੀ ਅਰਜੀ 'ਤੇ ਸੁਣਵਾਈ ਅਗਸਤ ਮਹੀਨੇ 'ਚ ਪਾ ਦਿੱਤੀ ਹੈ। 

ਸੱਜਣ ਕੁਮਾਰ ਇਸ ਸਮੇਂ ਮੰਡੋਲੀ ਦੀ ਜੇਲ੍ਹ 'ਚ 25 ਹੋਰ ਕੈਦੀਆਂ ਨਾਲ ਵਾਰਡ ਨੰਬਰ 3 'ਚ ਬੰਦ ਹੈ। ਜੇਲ੍ਹ ਅਧਿਕਾਰੀਆਂ ਅਨੁਸਾਰ ਉਹ ਆਮ ਕੈਦੀਆਂ ਵਾਂਗ ਹੀ 6 ਵਜੇ ਉੱਠਦਾ ਹੈ ਤੇ ਚਾਹ ਪੀ ਕੇ ਦਿਨ ਦੀ ਸ਼ੁਰੂਆਤ ਕਰਦਾ ਹੈ। ਅਧਿਕਾਰੀਆਂ ਅਨੁਸਾਰ  ਰੋਜ਼ਾਨਾ ਯੋਗ ਵੀ ਕਰਦਾ ਹੈ ਅਤੇ ਆਪਣਾ ਵਧੇਰੇ ਸਮਾਂ ਅਖਬਾਰਾ ਪੜ੍ਹ ਕੇ ਕੱਢਦਾ ਹੈ।


Iqbalkaur

Content Editor

Related News