ਸੱਜਣ ਕੁਮਾਰ ਦੀ ਸਜ਼ਾ ''ਤੇ ਜਾਣੋ ਕੀ ਬੋਲੇ ਕਾਂਗਰਸ ਨੇਤਾ
Monday, Dec 17, 2018 - 04:25 PM (IST)

ਨਵੀਂ ਦਿੱਲੀ (ਭਾਸ਼ਾ)— ਕਾਂਗਰਸ ਨੇਤਾਵਾਂ ਨੇ ਸੋਮਵਾਰ ਨੂੰ ਕਿਹਾ ਕਿ 1984 ਦੇ ਸਿੱਖ ਵਿਰੋਧੀ ਦੰਗਾ ਮਾਮਲਿਆਂ ਵਿਚ ਦਿੱਲੀ ਹਾਈ ਕੋਰਟ ਵਲੋਂ ਸੱਜਣ ਕੁਮਾਰ ਨੂੰ ਸੁਣਾਈ ਗਈ ਸਜ਼ਾ ਦਾ ਸਿਆਸੀਕਰਨ ਨਹੀਂ ਕੀਤਾ ਜਾਣਾ ਚਾਹੀਦਾ। ਸੀਨੀਅਰ ਕਾਂਗਰਸ ਨੇਤਾ ਅਭਿਸ਼ੇਕ ਮਨੂੰ ਸਿੰਘਵੀ ਨੇ ਕਿਹਾ, ''ਦੇਸ਼ ਵਿਚ ਜੋ ਸਿਆਸੀ ਮਾਹੌਲ ਹੈ, ਉਸ ਨਾਲ ਇਸ ਨੂੰ ਨਹੀਂ ਜੋੜਿਆ ਜਾਣਾ ਚਾਹੀਦਾ। ਕਾਨੂੰਨ ਨੂੰ ਆਪਣਾ ਕੰਮ ਕਰਨ ਦੇਣਾ ਚਾਹੀਦਾ।''
ਓਧਰ ਸੀਨੀਅਰ ਕਾਂਗਰਸ ਨੇਤਾ ਕਪਿਲ ਸਿੱਬਲ ਨੇ ਕਿਹਾ ਕਿ ਕੁਮਾਰ ਕੋਲ ਪਾਰਟੀ ਵਿਚ ਕੋਈ ਅਹੁਦਾ ਨਹੀਂ ਸੀ। ਅਦਾਲਤ ਦਾ ਜੋ ਫੈਸਲਾ ਆਇਆ ਹੈ, ਉਹ ਕਾਨੂੰਨੀ ਪ੍ਰਕਿਰਿਆ ਹੈ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਨੂੰ ਸਿਆਸੀ ਰੰਗ ਨਹੀਂ ਦਿੱਤਾ ਜਾਣਾ ਚਾਹੀਦਾ, ਕਿਉਂਕਿ ਇਹ ਅਦਾਲਤ ਦਾ ਫੈਸਲਾ ਹੈ। ਸਿੱਬਲ ਨੇ ਗੁਜਰਾਤ 'ਚ 2002 'ਚ ਹੋਏ ਦੰਗਿਆਂ ਦਾ ਮਾਮਲਾ ਚੁੱਕਿਆ ਅਤੇ ਦੋਸ਼ ਲਾਇਆ ਕਿ ਇਸ ਵਿਚ ਭਾਜਪਾ ਪਾਰਟੀ ਦੇ ਕਈ ਨੇਤਾਵਾਂ ਦੇ ਨਾਂ ਸ਼ਾਮਲ ਹਨ।
ਦੱਸਣਯੋਗ ਹੈ ਕਿ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ 31 ਅਕਤੂਬਰ 1984 ਨੂੰ ਉਨ੍ਹਾਂ ਦੇ ਸਿੱਖ ਸਕਿਓਰਿਟੀ ਗਾਰਡਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਤੋਂ ਬਾਅਦ ਸਿੱਖ ਵਿਰੋਧੀ ਦੰਗੇ ਭੜਕੇ ਸਨ।