ਗਿਲਾਨੀ ਦੀ ਸਿਹਤ ਬਾਰੇ ਅਫਵਾਹ ਫੈਲਣ ਤੋਂ ਬਾਅਦ ਕਸ਼ਮੀਰ ''ਚ ਮੋਬਾਇਲ ਇੰਟਰਨੈੱਟ ਸੇਵਾ ਬੰਦ

02/13/2020 11:53:58 AM

ਸ਼੍ਰੀਨਗਰ (ਭਾਸ਼ਾ)— ਵੱਖਵਾਦੀ ਨੇਤਾ ਸਈਦ ਅਲੀ ਸ਼ਾਹ ਗਿਲਾਨੀ ਦੀ ਸਿਹਤ ਦੇ ਸੰਬੰਧ 'ਚ ਅਫਵਾਹਾਂ ਨੂੰ ਰੋਕਣ ਲਈ ਕਸ਼ਮੀਰ 'ਚ ਮੋਬਾਇਲ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਹੈ। ਇੱਥੇ ਦੱਸ ਦੇਈਏ ਕਿ ਹਾਲ ਹੀ ਵਿਚ ਘਾਟੀ 'ਚ ਇੰਟਰਨੈੱਟ ਸੇਵਾ ਨੂੰ ਬਹਾਲ ਕੀਤਾ ਗਿਆ ਸੀ। ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਕਿ ਸੋਸ਼ਲ ਮੀਡੀਆ ਵਿਚ ਇਸ ਤਰ੍ਹਾਂ ਦੀਆਂ ਖ਼ਬਰਾਂ ਆਈਆਂ ਹਨ ਕਿ 90 ਸਾਲਾ ਗਿਲਾਨੀ ਦੀ ਸਿਹਤ ਵਿਗੜ ਗਈ ਹੈ, ਜਿਸ ਤੋਂ ਬਾਅਦ ਬੁੱਧਵਾਰ ਰਾਤ ਨੂੰ ਮੋਬਾਇਲ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ। 

ਇਸ ਤੋਂ ਇਲਾਵਾ ਕਸ਼ਮੀਰ 'ਚ ਕਾਨੂੰਨ ਵਿਵਸਥਾ ਬਣਾ ਕੇ ਰੱਖਣ ਅਤੇ ਕਿਸੇ ਤਰ੍ਹਾਂ ਦੀ ਅਣਹੋਣੀ ਸਥਿਤੀ ਤੋਂ ਬਚਣ ਲਈ ਸੰਵੇਦਨਸ਼ੀਲ ਥਾਵਾਂ 'ਤੇ ਸੁਰੱਖਿਆ ਫੋਰਸ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਓਧਰ ਗਿਲਾਨੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਗਿਲਾਨੀ ਕੁਝ ਸਮੇਂ ਤੋਂ ਬੀਮਾਰ ਹਨ ਪਰ ਉਨ੍ਹਾਂ ਦੀ ਹਾਲਤ ਸਥਿਰ ਹੈ। 

ਦੱਸਣਯੋਗ ਹੈ ਕਿ ਬੀਤੀ 5 ਅਗਸਤ ਨੂੰ ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਏ ਜਾਣ ਤੋਂ ਬਾਅਦ ਮੋਬਾਇਲ ਇੰਟਰਨੈੱਟ ਸੇਵਾ 'ਤੇ ਪਾਬੰਦੀ ਲਾ ਦਿੱਤੀ ਗਈ ਸੀ ਅਤੇ ਕੁਝ ਨੇਤਾਵਾਂ ਨੂੰ ਨਜ਼ਰਬੰਦ ਕੀਤਾ ਗਿਆ। ਹੌਲੀ-ਹੌਲੀ ਹਾਲਾਤ 'ਚ ਸੁਧਾਰ ਤੋਂ ਬਾਅਦ ਮੋਬਾਇਲ ਇੰਟਰਨੈੱਟ ਸੇਵਾਵਾਂ ਨੂੰ ਬਹਾਲ ਕਰ ਦਿੱਤਾ ਗਿਆ ਅਤੇ ਕੁਝ ਨੇਤਾਵਾਂ ਨੂੰ ਨਜ਼ਰਬੰਦੀ ਤੋਂ ਰਿਹਾਅ ਕਰ ਦਿੱਤਾ ਗਿਆ, ਜਦਕਿ ਕੁਝ ਅਜੇ ਵੀ ਨਜ਼ਰਬੰਦ ਹਨ।


Tanu

Content Editor

Related News