ਸਾਧਵੀ ਪ੍ਰਗਿਆ ਠਾਕੁਰ ਨੂੰ ਰੱਖਿਆ ਮੰਤਰਾਲੇ ਦੀ ਕਮੇਟੀ 'ਚ ਕੀਤਾ ਗਿਆ ਸ਼ਾਮਲ

11/21/2019 11:13:48 AM

ਭੋਪਾਲ—ਭਾਜਪਾ ਸੰਸਦ ਮੈਂਬਰ ਸਾਧਵੀ ਪ੍ਰਗਿਆ ਠਾਕੁਰ ਦਾ ਨਾਂ ਰੱਖਿਆ ਮੰਤਰਾਲੇ ਦੀ ਕਮੇਟੀ 'ਚ ਸ਼ਾਮਲ ਕੀਤਾ ਗਿਆ ਹੈ। ਡਿਫੈਂਸ ਮਾਮਲਿਆਂ ਦੀ ਇਸ ਕਮੇਟੀ 'ਚ ਕੁੱਲ 21 ਮੈਂਬਰ ਹਨ, ਜਿਸ 'ਚ ਸਾਧਵੀ ਪ੍ਰਗਿਆ ਠਾਕੁਰ ਨੂੰ ਵੀ ਮੈਂਬਰ ਬਣਾਇਆ ਗਿਆ ਹੈ। ਇਸ ਕਮੇਟੀ ਦੀ ਅਗਵਾਈ ਰੱਖਿਆ ਮੰਤਰੀ ਰਾਜਨਾਥ ਸਿੰਘ ਕਰ ਰਹੇ ਹਨ। ਕਮੇਟੀ 'ਚ ਚੇਅਰਮੈਨ ਰਾਜਨਾਥ ਸਿੰਘ ਤੋਂ ਇਲਾਵਾ ਫਾਰੂਕ ਅਬਦੁੱਲਾ, ਏ.ਰਾਜਾ, ਸੁਪ੍ਰਿਆ ਸੁਲੇ, ਮੀਨਾਕਸ਼ੀ ਲੇਖੀ, ਰਾਕੇਸ਼ ਸਿੰਘ, ਸ਼ਰਦ ਪਵਾਰ, ਜੇ.ਪੀ. ਨੱਢਾ ਆਦਿ ਮੈਂਬਰ ਸ਼ਾਮਲ ਹਨ। ਦੱਸ ਦੇਈਏ ਕਿ ਅਕਸਰ ਆਪਣੇ ਬਿਆਨਾਂ ਨੂੰ ਲੈ ਕੇ ਚਰਚਾ 'ਚ ਰਹਿਣ ਵਾਲੀ ਸਾਧਵੀ ਪ੍ਰਗਿਆ ਨੇ ਇਸ ਵਾਰ ਭੋਪਾਲ ਤੋਂ ਵੱਡੀ ਜਿੱਤ ਦਰਜ ਕੀਤੀ ਸੀ। 

ਦੱਸਣਯੋਗ ਹੈ ਕਿ ਸਾਧਵੀ ਪ੍ਰਗਿਆ ਸਿੰਘ ਠਾਕੁਰ ਨੂੰ ਜਦੋਂ ਲੋਕ ਸਭਾ ਚੋਣਾਂ 'ਚ ਉਮੀਦਵਾਰ ਬਣਾਇਆ ਗਿਆ ਸੀ ਤਾਂ ਉਨ੍ਹਾਂ ਦੇ ਬਿਆਨ ਸੁਰਖੀਆਂ 'ਚ ਬਣੇ ਰਹੇ। ਹਰ ਵਾਰ ਭਾਰਤੀ ਜਨਤਾ ਪਾਰਟੀ ਵੱਲੋਂ ਉਨ੍ਹਾਂ ਦੇ ਬਿਆਨ 'ਤੇ ਸਫਾਈ ਦਿੱਤੀ ਜਾਂਦੀ ਸੀ।

ਜ਼ਿਕਰਯੋਗ ਹੈ ਕਿ ਸਾਧਵੀ ਪ੍ਰਗਿਆ ਸਿੰਘ ਠਾਕੁਰ 2008 ਮਾਲੇਗਾਂਵ ਵਿਸਫੋਟ ਮਾਮਲੇ 'ਚ ਦੋਸ਼ੀ ਹੈ ਅਤੇ ਜ਼ਮਾਨਤ 'ਤੇ ਬਾਹਰ ਹੈ। ਹੁਣ ਵੀ ਇਹ ਮਾਮਲਾ ਅਦਾਲਤ 'ਚ ਚੱਲ ਰਿਹਾ ਹੈ। ਭੋਪਾਲ 'ਚ ਹੋਏ ਮੁਕਾਬਲੇ 'ਚ ਪ੍ਰਗਿਆ ਠਾਕੁਰ ਨੇ ਕਾਂਗਰਸ ਨੇਤਾ ਦਿਗਵਿਜੈ ਸਿੰਘ ਨੂੰ ਹਰਾਇਆ ਸੀ।


Iqbalkaur

Edited By Iqbalkaur