''ਭਾਰਤ ਨੂੰ ਟੈਰਿਫ਼ ਤੋਂ ਮਿਲੀ ਛੋਟ ਸਿਰਫ਼ 60 ਦਿਨਾਂ ਲਈ...'', ਮਾਰਕੋ ਰੂਬੀਓ ਨੇ ਦਿੱਤਾ ਵੱਡਾ ਬਿਆਨ
Monday, Oct 19, 2026 - 04:30 PM (IST)
ਇੰਟਰਨੈਸ਼ਨਲ ਡੈਸਕ- ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਹੈ ਕਿ ਰੂਸ ’ਤੇ ਪਾਬੰਦੀਆਂ ਲਾਉਣ ਅਤੇ ਭਾਰਤ ਸਮੇਤ ਹੋਰ ਦੇਸ਼ਾਂ ’ਤੇ ਟੈਰਿਫ ਲਾਉਣ ਤੋਂ ਦਿੱਤੀ ਗਈ ਛੋਟ 60 ਦਿਨਾਂ ਲਈ ਹੈ ਅਤੇ ਇਹ ਇਸ ਲਈ ਦਿੱਤੀ ਗਈ ਹੈ ਤਾਂ ਜੋ ਇਨ੍ਹਾਂ ਕਦਮਾਂ ਦੇ ਵਿਸ਼ਵਵਿਆਪੀ ਪ੍ਰਭਾਵ ਦਾ ਮੁਲਾਂਕਣ ਕੀਤਾ ਜਾ ਸਕੇ।
ਰੂਬੀਓ ਨੇ ਉਜ਼ਬੇਕਿਸਤਾਨ ਅਤੇ ਭਾਰਤ ਦੀ 6 ਦਿਨਾ ਯਾਤਰਾ ’ਤੇ ਰਵਾਨਾ ਹੁੰਦੇ ਸਮੇਂ ਵਾਸ਼ਿੰਗਟਨ ਦੇ ਨੇੜੇ ਜੁਆਇੰਟ ਬੇਸ ਐਂਡਰਿਊਜ਼ ਵਿਚ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਇਹ ਗੱਲ ਕਹੀ। ਰੂਸ ਅਤੇ ਈਰਾਨ ਪਾਬੰਦੀ ਐਕਟ ਜਾਂ ਗ੍ਰਾਹਮ ਐਕਟ ਦੇ ਤਹਿਤ ਟਰੰਪ ਵੱਲੋਂ ਦਿੱਤੀ ਗਈ ਛੋਟ ਬਾਰੇ ਪੁੱਛੇ ਜਾਣ ’ਤੇ ਰੂਬੀਓ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਰਾਸ਼ਟਰਪਤੀ ਇਹ ਮੁਲਾਂਕਣ ਕਰਨ ਲਈ 60 ਦਿਨਾਂ ਦਾ ਸਮਾਂ ਚਾਹੁੰਦੇ ਹਨ ਕਿ ਪਾਬੰਦੀਆਂ ਅਤੇ ਟੈਰਿਫ ਲਾਉਣ ਨਾਲ ਵਿਸ਼ਵ ਅਰਥਵਿਵਸਥਾ ਅਤੇ ਅਮਰੀਕੀ ਅਰਥਵਿਵਸਥਾ ’ਤੇ ਕੀ ਅਸਰ ਪਵੇਗਾ।
ਟਰੰਪ ਨੇ ਸ਼ੁੱਕਰਵਾਰ ਨੂੰ ਗ੍ਰਾਹਮ ਐਕਟ ਦੇ ਮੁੱਖ ਪ੍ਰਬੰਧਾਂ ਤੋਂ ਛੋਟ ਦੇ ਦਿੱਤੀ ਸੀ। ਇਸ ਕਾਨੂੰਨ ਤਹਿਤ ਰੂਸ ਤੋਂ ਤੇਲ ਖਰੀਦਣ ਵਾਲੇ ਦੇਸ਼ਾਂ ’ਤੇ ਸਜ਼ਾਯੋਗ ਟੈਕਸ ਲਾਉਣ ਦਾ ਪ੍ਰਬੰਧ ਹੈ। ਛੋਟ ਦੇਣ ਦੇ ਟਰੰਪ ਦੇ ਕਦਮ ਨਾਲ ਭਾਰਤ ਨੂੰ ਰਾਹਤ ਮਿਲੀ ਹੈ।
