ਅਮਰੀਕਾ 'ਚ ਵਸਣ ਦੇ ਸੁਪਨਿਆਂ ਨੂੰ ਵੱਡਾ ਝਟਕਾ ; ਰੱਦ ਹੋਏ 3 ਲੱਖ ਤੋਂ ਵੱਧ ਵੀਜ਼ੇ
Thursday, Oct 22, 2026 - 12:56 PM (IST)
ਇੰਟਰਨੈਸ਼ਨਲ ਡੈਸਕ: ਅਮਰੀਕਾ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸੱਤਾ ਵਿੱਚ ਵਾਪਸੀ ਤੋਂ ਬਾਅਦ ਇਮੀਗ੍ਰੇਸ਼ਨ ਨਿਯਮਾਂ ਵਿਚ ਸਖ਼ਤੀ ਹੋਈ ਹੈ। ਤਾਜ਼ਾ ਜਾਣਕਾਰੀ ਮੁਤਾਬਕ ਦਾਅਵਾ ਕੀਤਾ ਜਾ ਰਿਹਾ ਹੈ ਕਿ ਟਰੰਪ ਪ੍ਰਸ਼ਾਸਨ ਨੇ 3,00,000 ਤੋਂ ਵੱਧ ਅਮਰੀਕੀ ਵੀਜ਼ੇ ਰੱਦ ਕਰ ਦਿੱਤੇ ਹਨ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਟੌਮੀ ਪਿਗੋਟ ਅਨੁਸਾਰ ਪ੍ਰਸ਼ਾਸਨ ਨੇ ਇਤਿਹਾਸ ਵਿੱਚ ਕਿਸੇ ਵੀ ਹੋਰ ਸਰਕਾਰ ਦੇ ਮੁਕਾਬਲੇ ਸਭ ਤੋਂ ਤੇਜ਼ੀ ਨਾਲ ਅਤੇ ਸਭ ਤੋਂ ਵੱਧ ਵੀਜ਼ੇ ਰੱਦ ਕੀਤੇ ਹਨ।
ਅਮਰੀਕੀ ਵਿਦੇਸ਼ ਵਿਭਾਗ ਅਨੁਸਾਰ ਸਰਕਾਰ ਉਨ੍ਹਾਂ ਅੰਤਰਰਾਸ਼ਟਰੀ ਯਾਤਰੀਆਂ ਅਤੇ ਵੀਜ਼ਾ ਧਾਰਕਾਂ ਪ੍ਰਤੀ 'ਜ਼ੀਰੋ ਟੋਲਰੈਂਸ' ਦੀ ਨੀਤੀ ਅਪਣਾ ਰਹੀ ਹੈ ਜੋ ਗੈਰ-ਕਾਨੂੰਨੀ ਗਤੀਵਿਧੀਆਂ, ਧੋਖਾਧੜੀ ਜਾਂ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਪੈਦਾ ਕਰਦੇ ਹਨ। ਸਰਕਾਰੀ ਅੰਕੜਿਆਂ ਅਨੁਸਾਰ ਜਨਵਰੀ ਤੱਕ 1,00,000 ਤੋਂ ਵੱਧ ਵੀਜ਼ੇ ਰੱਦ ਕੀਤੇ ਗਏ ਸਨ। 10 ਅਗਸਤ ਤੱਕ ਇਹ ਗਿਣਤੀ ਵਧ ਕੇ 1,75,000 ਤੋਂ ਪਾਰ ਹੋ ਗਈ ਪਰ ਅਕਤੂਬਰ ਮਹੀਨਾ ਖ਼ਤਮ ਹੋਣ ਤੋਂ ਪਹਿਲਾਂ ਅੰਕੜਾ 3 ਲੱਖ ਤੋਂ ਟੱਪ ਗਿਆ ਹੈ। ਨਵੀਂਆਂ ਨੀਤੀਆਂ ਲਾਗੂ ਹੋਣ ਤੋਂ ਬਾਅਦ ਕਾਨੂੰਨੀ ਇਮੀਗ੍ਰੇਸ਼ਨ ਮਨਜ਼ੂਰੀਆਂ ਵਿੱਚ ਲਗਭਗ 50 ਫੀਸਦੀ ਦੀ ਗਿਰਾਵਟ ਆਈ ਹੈ।
ਵੀਜ਼ਾ ਰੱਦ ਹੋਣ ਦੇ ਮੁੱਖ ਕਾਰਨ
ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਅਨੁਸਾਰ ਜ਼ਿਆਦਾਤਰ ਵੀਜ਼ੇ ਅਪਰਾਧਿਕ ਗਤੀਵਿਧੀਆਂ, ਜਨਤਕ ਸੁਰੱਖਿਆ ਦੇ ਖਤਰਿਆਂ, ਇਮੀਗ੍ਰੇਸ਼ਨ ਕਾਨੂੰਨਾਂ ਦੀ ਉਲੰਘਣਾ ਅਤੇ ਝੂਠੇ ਦਸਤਾਵੇਜ਼ਾਂ ਕਾਰਨ ਰੱਦ ਕੀਤੇ ਗਏ ਹਨ। ਰੱਦ ਕੀਤੇ ਵੀਜ਼ਿਆਂ ਦੇ ਮੁੱਖ ਅੰਕੜੇ ਹੇਠ ਲਿਖੇ ਅਨੁਸਾਰ ਹਨ- 25 ਫੀਸਦੀ ਮਾਮਲੇ ਹਮਲੇ ਅਤੇ ਇਸ ਨਾਲ ਜੁੜੇ ਅਪਰਾਧਾਂ ਨਾਲ ਸਬੰਧਤ ਸਨ। 22 ਫੀਸਦੀ ਮਾਮਲੇ ਸ਼ਰਾਬ/ਨਸ਼ੇ ਵਿੱਚ ਗੱਡੀ ਚਲਾਉਣ ਨਾਲ ਜੁੜੇ ਸਨ। 7 ਫੀਸਦੀ ਮਾਮਲੇ ਚੋਰੀ ਦੇ ਸਨ।7 ਫੀਸਦੀ ਮਾਮਲੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਜਾਂ ਤਸਕਰੀ ਨਾਲ ਸਬੰਧਤ ਸਨ।4,000 ਤੋਂ ਵੱਧ ਵੀਜ਼ੇ 'ਬਰਥ ਟੂਰਿਜ਼ਮ' ਵਿੱਚ ਸ਼ਾਮਲ ਹੋਣ ਦੇ ਦੋਸ਼ ਹੇਠ ਰੱਦ ਕੀਤੇ ਗਏ ਹਨ। ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਇਮੀਗ੍ਰੈਂਟਾਂ ਅਤੇ ਵੀਜ਼ਾ ਬਿਨੈਕਾਰਾਂ ਲਈ ਸੋਸ਼ਲ ਮੀਡੀਆ ਜਾਂਚ ਪ੍ਰਕਿਰਿਆ ਨੂੰ ਵੀ ਬਹੁਤ ਸਖ਼ਤ ਕਰ ਦਿੱਤਾ ਹੈ। ਹਾਲਾਂਕਿ ਵਿਦੇਸ਼ ਵਿਭਾਗ ਨੇ ਦੇਸ਼-ਵਾਰ ਜਾਂ ਵੀਜ਼ਾ ਸ਼੍ਰੇਣੀ ਅਨੁਸਾਰ ਵੱਖਰਾ ਅੰਕੜਾ ਜਾਰੀ ਨਹੀਂ ਕੀਤਾ ਹੈ।
ਪੜ੍ਹੋ ਇਹ ਅਹਿਮ ਖ਼ਬਰ- 'ਸਟੂਡੈਂਟ ਲੋਨ' ਯੋਜਨਾ ਸਬੰਧੀ ਟਰੰਪ ਨੇ ਲਿਆ ਯੂ-ਟਰਨ ! ਲੱਖਾਂ ਲੋਕਾਂ ਨੂੰ ਮਿਲੇਗੀ ਰਾਹਤ
ਵੀਜ਼ਾ ਰੱਦ ਹੋਣ ਦਾ ਪ੍ਰਭਾਵ
ਵੀਜ਼ਾ ਰੱਦ ਹੋਣ ਨਾਲ ਸਬੰਧਤ ਵਿਅਕਤੀ ਉਸ ਦਸਤਾਵੇਜ਼ 'ਤੇ ਅਮਰੀਕਾ ਯਾਤਰਾ ਨਹੀਂ ਕਰ ਸਕਦਾ। ਅਮਰੀਕਾ ਤੋਂ ਬਾਹਰ ਰਹਿ ਰਹੇ ਲੋਕ ਰੱਦ ਹੋਏ ਵੀਜ਼ੇ 'ਤੇ ਦਾਖਲ ਨਹੀਂ ਹੋ ਸਕਣਗੇ, ਜਦੋਂ ਕਿ ਅਮਰੀਕਾ ਵਿੱਚ ਪਹਿਲਾਂ ਤੋਂ ਮੌਜੂਦ ਵਿਅਕਤੀਆਂ ਦਾ ਇਮੀਗ੍ਰੇਸ਼ਨ ਸਟੇਟਸ ਉਦੋਂ ਤੱਕ ਬਰਕਰਾਰ ਰਹਿ ਸਕਦਾ ਹੈ ਜਦੋਂ ਤੱਕ ਉਨ੍ਹਾਂ ਵਿਰੁੱਧ ਕੋਈ ਹੋਰ ਕਾਰਵਾਈ ਨਹੀਂ ਕੀਤੀ ਜਾਂਦੀ।
ਭਾਰਤੀ ਨਾਗਰਿਕਾਂ ਲਈ ਜ਼ਰੂਰੀ ਹਦਾਇਤਾਂ
ਅਮਰੀਕਾ ਦੀ ਯਾਤਰਾ ਕਰਨ ਵਾਲੇ ਜਾਂ ਉੱਥੇ ਰਹਿ ਰਹੇ ਭਾਰਤੀ ਵਿਦਿਆਰਥੀਆਂ, ਪੇਸ਼ੇਵਰਾਂ ਅਤੇ ਹੋਰ ਨਾਗਰਿਕਾਂ ਲਈ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ:
ਵੀਜ਼ਾ ਸ਼ਰਤਾਂ ਦੀ ਪਾਲਣਾ: ਪੜ੍ਹਾਈ ਜਾਂ ਨੌਕਰੀ ਕਰਨ ਵਾਲੇ ਆਪਣੀਆਂ ਵੀਜ਼ਾ ਸ਼ਰਤਾਂ ਦੀ ਪੂਰੀ ਪਾਲਣਾ ਕਰਨ।
ਸਹੀ ਦਸਤਾਵੇਜ਼: ਅਰਜ਼ੀ ਵਿੱਚ ਕੋਈ ਵੀ ਝੂਠੀ ਜਾਣਕਾਰੀ ਜਾਂ ਗਲਤ ਦਸਤਾਵੇਜ਼ ਪੇਸ਼ ਨਾ ਕਰਨ।
ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਵੀਜ਼ਾ ਅਮਰੀਕਾ ਵਿੱਚ ਦਾਖਲੇ ਦੀ ਦਾਅਵੇਦਾਰੀ ਦਾ ਅਧਿਕਾਰ ਦਿੰਦਾ ਹੈ, ਪਰ ਦਾਖਲੇ ਦੀ ਪੂਰੀ ਗਾਰੰਟੀ ਨਹੀਂ ਦਿੰਦਾ। ਵੀਜ਼ਾ ਰੱਦ ਹੋਣ ਬਾਰੇ ਕੋਈ ਸਰਕਾਰੀ ਨੋਟਿਸ ਜਾਂ ਸ਼ੱਕ ਹੋਣ 'ਤੇ ਅਮਰੀਕੀ ਦੂਤਾਵਾਸ ਜਾਂ ਕੌਂਸਲੇਟ ਨਾਲ ਤੁਰੰਤ ਸੰਪਰਕ ਕਰਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
