ਭਾਰਤ ਆਉਣਗੇ ਅਮਰੀਕੀ ਵਿਦੇਸ਼ ਮੰਤਰੀ ! ਭਾਰਤ ਨਾਲ ਟਰੇਡ ਡੀਲ ਨੂੰ ਅੰਤਿਮ ਰੂਪ ਦੇਣ ਬਾਰੇ ਵੀ ਦਿੱਤਾ ਵੱਡਾ ਬਿਆਨ
Tuesday, Oct 20, 2026 - 02:27 PM (IST)
ਇੰਟਰਨੈਸ਼ਨਲ ਡੈਸਕ- ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਅਮਰੀਕਾ, ਭਾਰਤ ਨਾਲ ਇਕ ਵਪਾਰਕ ਸਮਝੌਤੇ ਨੂੰ ਅੰਤਿਮ ਰੂਪ ਦੇਣ ਦੇ ‘ਬੇਹੱਦ ਨੇੜੇ’ ਹੈ। ਨਾਲ ਹੀ ਉਨ੍ਹਾਂ ਨੇ ਸੰਕੇਤ ਦਿੱਤਾ ਕਿ ਰੂਸੀ ਤੇਲ ਖ਼ਰੀਦਣ ’ਤੇ ਟੈਰਿਫ਼ ਤੋਂ ਛੋਟ ਇਸ ਫ਼ੈਸਲੇ ਨਾਲ ਜੁੜੀ ਹੋਈ ਹੈ। ਉਜ਼ਬੇਕਿਸਤਾਨ ਦੇ ਸਮਰਕੰਦ ਵਿਚ ਰੂਬੀਓ ਨੇ ਕਿਹਾ, ‘‘ਅਸੀਂ ਇਸ ਸਮੇਂ ਭਾਰਤ ਨਾਲ ਵਪਾਰਕ ਸਮਝੌਤੇ ਨੂੰ ਅੰਤਿਮ ਰੂਪ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਅਜਿਹਾ ਕਰਨ ਦੇ ਬੇਹੱਦ ਨੇੜੇ ਹਾਂ। ਜਦੋਂ ਰਾਸ਼ਟਰਪਤੀ ਰਾਸ਼ਟਰੀ ਸੁਰੱਖਿਆ ਛੋਟ ਅਤੇ ਇਸ ਤਰ੍ਹਾਂ ਦੇ ਮਾਮਲਿਆਂ ’ਤੇ ਕੋਈ ਫੈਸਲੇ ਲੈਂਦੇ ਹਨ, ਤਾਂ ਇਹ ਉਨ੍ਹਾਂ ਗੱਲਾਂ ’ਚੋਂ ਇਕ ਹੈ ਜਿਸ ਨੂੰ ਅਸੀਂ ਧਿਆਨ ਵਿਚ ਰੱਖਦੇ ਹਾਂ।’’
ਰੂਬੀਓ ਜਲਦ ਹੀ ਭਾਰਤ ਦੀ ਯਾਤਰਾ ’ਤੇ ਆਉਣ ਵਾਲੇ ਹਨ, ਜਿੱਥੇ ਉਹ ਊਰਜਾ, ਵਪਾਰ, ਰੱਖਿਆ, ਮਹੱਤਵਪੂਰਨ ਅਤੇ ਉੱਭਰਦੀਆਂ ਤਕਨਾਲੋਜੀਆਂ ਅਤੇ ਦੋਪੱਖੀ ਸਹਿਯੋਗ ਦੇ ਹੋਰ ਪ੍ਰਮੁੱਖ ਖੇਤਰਾਂ ’ਤੇ ਚਰਚਾ ਕਰਨ ਲਈ ਮੁੰਬਈ ਵਿਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਮੁਲਾਕਾਤ ਕਰਨਗੇ। ਰੂਬੀਓ ਭਾਰਤ ਦੇ ਰੂਸ ਤੋਂ ਕੱਚਾ ਤੇਲ ਖ਼ਰੀਦਣਾ ਜਾਰੀ ਰੱਖਣ ਦੇ ਕਾਰਨਾਂ ਨੂੰ ਸਵੀਕਾਰ ਕਰਦੇ ਨਜ਼ਰ ਆਏ। ਰੂਬੀਓ ਨੇ ਕਿਹਾ, ‘‘ਤੁਸੀਂ ਕਿਸੇ ਇਕ ਮੁੱਖ ਮੁੱਦੇ ਕਾਰਨ ਦੂਜੇ ਦੇਸ਼ਾਂ ਦੀ ਆਰਥਿਕਤਾ ਨੂੰ ਵੀ ਲੀਹੋਂ ਨਹੀਂ ਲਾਹ ਸਕਦੇ। ਇਸ ਲਈ ਇਨ੍ਹਾਂ ਸਾਰੀਆਂ ਚੀਜ਼ਾਂ ਵਿਚਕਾਰ ਸੰਤੁਲਨ ਬਣਾਉਣਾ ਇਕ ਗੁੰਝਲਦਾਰ ਕੰਮ ਹੈ।’’
ਉਨ੍ਹਾਂ ਕਿਹਾ ਕਿ ਹਰੇਕ ਦੇਸ਼ ਦੇ ਸਾਹਮਣੇ ਗੁੰਝਲਦਾਰ ਕਾਰਕਾਂ ਦਾ ਇਕ ਦਾਇਰਾ ਹੁੰਦਾ ਹੈ ਜਿਸ ਨੂੰ ਉਨ੍ਹਾਂ ਨੂੰ ਧਿਆਨ ਵਿਚ ਰੱਖਣਾ ਪੈਂਦਾ ਹੈ, ਜਿਵੇਂ ਕਿ ਭੂਗੋਲਿਕ ਸਥਿਤੀ। ਕੁੱਝ ਦੇਸ਼ਾਂ ਲਈ ਬਦਲਵੇਂ ਸਰੋਤਾਂ ਤੋਂ ਊਰਜਾ ਪ੍ਰਾਪਤ ਕਰਨਾ ਬਹੁਤ ਔਖਾ ਹੁੰਦਾ ਹੈ। ਰੂਬੀਓ ਨੇ ਕਿਹਾ, ‘‘ਇਹ ਕੋਈ ਬਹਾਨਾ ਨਹੀਂ ਹੈ, ਪਰ ਜਦੋਂ ਤੁਸੀਂ ਵਿਦੇਸ਼ ਨੀਤੀ ਬਣਾਉਂਦੇ ਹੋ ਤਾਂ ਇਨ੍ਹਾਂ ਸਾਰੇ ਪਹਿਲੂਆਂ ਵਿਚ ਸੰਤੁਲਨ ਬਣਾਉਣਾ ਪੈਂਦਾ ਹੈ। ਬੇਸ਼ੱਕ, ਅਮਰੀਕਾ ਦੀ ਵਿਦੇਸ਼ ਨੀਤੀ ਰੂਸ ਅਤੇ ਯੂਕ੍ਰੇਨ ਵਿਚਕਾਰ ਚੱਲ ਰਹੀ ਜੰਗ ਦੇ ਘਟਨਾਚੱਕਰਾਂ ਨੂੰ ਧਿਆਨ ਵਿਚ ਰੱਖਦੀ ਹੈ ਪਰ ਇਹ ਸਿਰਫ ਇਸੇ ਨਾਲ ਸੰਚਾਲਿਤ ਨਹੀਂ ਹੁੰਦੀ।’’
