ਹਿਮਾਚਲ ’ਚ ਰੇਵ ਪਾਰਟੀ ਜ਼ਰੀਏ ਪੈਰ ਪਸਾਰ ਰਿਹੈ ਰਸ਼ੀਅਨ ਤੇ ਇਸਰਾਈਲੀ ਡਰੱਗ ਮਾਫੀਆ, ਚੱਲਦੀ ਹੈ ਨਸ਼ੇ ਦੀ ਖੇਡ

Friday, Sep 14, 2018 - 08:44 AM (IST)

ਹਿਮਾਚਲ, (ਕਮਲੇਸ਼)—ਹਿਮਾਚਲ ਵਿਚ ਪਿਛਲੇ ਕਾਫੀ ਸਮੇਂ ਤੋਂ ਰੇਵ ਪਾਰਟੀ ਦੇ ਜ਼ਰੀਏ ਰਸ਼ੀਅਨ ਅਤੇ ਇਸਰਾਈਲੀ ਡਰੱਗ ਮਾਫੀਆ ਆਪਣੇ ਪੈਰ ਪਸਾਰ ਰਿਹਾ ਹੈ। ਅਜਿਹੀਆਂ ਪਾਰਟੀਆਂ ਨੂੰ  ਵਿਦੇਸ਼ੀ ਡਰੱਗ ਮਾਫੀਆ ਹਿਮਾਚਲ ਦੇ ਲੋਕਲ ਡਰੱਗ ਪੈਡਲਰਸ ਦੀ ਮਦਦ ਨਾਲ ਆਰਗੇਨਾਈਜ਼ ਕਰਦਾ  ਹੈ। ਮਿਊਜ਼ਿਕ ਸ਼ੋਅ ਦੇ ਬਹਾਨੇ ਪ੍ਰਸ਼ਾਸਨ ਤੋਂ ਪ੍ਰਮਿਸ਼ਨ ਲਈ ਜਾਂਦੀ ਹੈ ਅਤੇ ਇਸ ਦੇ ਬਹਾਨੇ  ਨਸ਼ੇ ਦੀ ਖੇਡ ਸ਼ੁਰੂ ਹੁੰਦੀ ਹੈ। ਪਾਰਟੀ ਵਿਚ ਐਂਟਰੀ ਫੀਸ 5 ਹਜ਼ਾਰ ਤੋਂ 30 ਹਜ਼ਾਰ ਤੱਕ  ਹੁੰਦੀ ਹੈ। ਲੋਕਲ ਡਰੱਗ ਪੈਡਲਰਾਂ ਦੇ ਜ਼ਰੀਏ ਇਨ੍ਹਾਂ ਪਾਰਟੀਆਂ ਵਿਚ ਨਸ਼ੇ ਦੇ ਸ਼ੌਕੀਨ  ਇੰਡੀਅਨ ਵੀ ਮੌਜੂਦ ਹੁੰਦੇ ਹਨ। ਇਸ ਪਾਰਟੀਜ਼ ਨੂੰ ਫੁੱਲ ਮੂਨ ਪਾਰਟੀ ਦਾ ਨਾਂ  ਦਿੱਤਾ ਗਿਆ ਹੈ। 
ਤੁਹਾਨੂੰ ਦੱਸ ਦੇਈਏ ਕਿ ਅਜਿਹੀਆਂ ਪਾਰਟੀਆਂ ਵਿਚ ਨਸ਼ੇ ਤੋਂ ਇਲਾਵਾ  ਜਿਸਮਫਰੋਸ਼ੀ ਦਾ ਵੀ ਧੰਦਾ ਚਲ ਰਿਹਾ ਹੈ। ਅਜਿਹੀਆਂ ਪਾਰਟੀਆਂ ਵਿਚ ਮੌਜੂਦ ਹੋਣ ਵਾਲੇ ਇਕ  ਵਿਅਕਤੀ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਉਕਤ ਪਾਰਟੀ ਵਿਚ ਉਜ਼ਬੇਕਿਸਤਾਨ  ਅਤੇ ਕਜ਼ਾਕਿਸਤਾਨ ਦੀ ਕਾਲ ਗਰਲਜ਼ ਟੂਰਿਸਟ ਦੇ ਭੇਸ ਵਿਚ ਮੌਜੂਦ ਹੁੰਦੀਆਂ ਹਨ ਅਤੇ ਇਸ ਤੋਂ  ਬਾਅਦ ਇਨ੍ਹਾਂ ਪਾਰਟੀਆਂ ਵਿਚ ਇਨ੍ਹਾਂ ਦੀਆਂ ਬੋਲੀਆਂ ਲੱਗਦੀਆਂ ਹਨ। ਉਨ੍ਹਾਂ ਦੱਸਿਆ ਕਿ  ਇਨ੍ਹਾਂ ਪਾਰਟੀਆਂ ਵਿਚ ਕਰੋੜਾਂ ਦੀ ਡਰੱਗ ਡੀਲ ਵੀ ਹੁੰਦੀ ਹੈ। 
ਮਲਾਨਾ ਕਰੀਮ ਦਾ ਰੇਵ ਪਾਰਟੀ ਵਿਚ ਰਹਿੰਦਾ ਹੈ ਬੋਲਬਾਲਾ
ਕੁੱਲੂ  ’ਚ ਉੱਚ ਗੁਣਾਂ ਵਾਲੀ ਭੰਗ ਪਾਈ ਜਾਂਦੀ ਹੈ, ਜਿਸ ਨੂੰ ਨਸ਼ੇ ਦੇ ਸ਼ੌਕੀਨ ਨੇ ਮਲਾਨਾ ਕਰੀਮ  ਦਾ ਨਾਂ ਵੀ ਦਿੱਤਾ ਹੈ। ਰੇਵ ਪਾਰਟੀ ਵਿਚ ਮਲਾਨਾ ਕਰੀਮ ਦਾ ਖੂਬ ਬੋਲਬਾਲਾ ਰਹਿੰਦਾ ਹੈ।  ਮਲਾਨਾ ਕਰੀਮ ਵਿਚ ਟੇਟਰਾਹਾਈਡ੍ਰੋਕੈਨਾਬਿਸਨੋਲ ਦੇ ਤੱਤ ਜ਼ਿਆਦਾ ਮਾਤਰਾ ’ਚ ਪਾਏ ਜਾਂਦੇ  ਹਨ। ਇਸ ਲਈ ਨਸੇ ਦੇ ਸ਼ੌਕੀਨ ਵਿਚ ਇਹ ਕਾਫੀ ਫੇਮਸ ਹੈ। ਸੂਤਰਾਂ ਅਨੁਸਾਰ ਇਸ ਦੀ ਕੀਮਤ  ਲਗਭਗ 40 ਲੱਖ ਪ੍ਰਤੀ ਕਿਲੋ ਦੇ ਕਰੀਬ ਹੈ।
ਧਰਮਸ਼ਾਲਾ ਦੇ ਨਾਜਾਇਜ਼ ਮਨੀ ਐਕਸਚੇਂਜਰ ਬਣਾਉਂਦੇ ਹਨ ਸਮੱਗਲਰਾਂ ਨੂੰ ਸਹਾਰਾ
ਜਾਣਕਾਰੀ  ਅਨੁਸਾਰ ਹਿਮਾਚਲ ਵਿਚ ਧਰਮਸ਼ਾਲਾ ਦੇ ਕਈ ਨਾਜਾਇਜ਼ ਮਨੀ ਐਕਸਚੇਂਜਰ ਸਰਗਰਮ ਹਨ, ਜੋ ਕਿ ਵਿਦੇਸ਼ੀ  ਨਸ਼ਾ ਸਮੱਗਲਰਾਂ ਲਈ ਸਹਾਰਾ ਬਣਦੇ ਹਨ। ਇਥੇ ਵਿਦੇਸ਼ੀ ਸਮੱਗਲਰ ਬਿਨਾਂ ਕਿਸੇ ਸਮੱਸਿਆ ਦੇ  ਮੋਟੀ ਤੋਂ ਮੋਟੀ ਰਕਮ ਹਾਸਲ ਕਰ ਲੈਂਦੇ ਹਨ ਅਤੇ ਕਿਸੇ ਨੂੰ ਕੰਨੋ-ਕੰਨੀ ਖਬਰ ਵੀ ਨਹੀਂ  ਹੁੰਦੀ। ਕੁੱਲੂ ਤੋਂ ਇਲਾਵਾ ਵਿਦੇਸ਼ੀ ਸਮੱਗਲਰਾਂ ਨੇ ਧਰਮਸ਼ਾਲਾ ਵਿਚ ਵੀ ਆਪਣੇ ਪੈਰ  ਪਸਾਰੇ ਹੋਏ ਹਨ।
ਜਾਣਕਾਰੀ ਮਿਲਣ ’ਤੇ ਕੀਤੀ ਜਾਂਦੀ ਹੈ ਛਾਪੇਮਾਰੀ
ਇਸ ਬਾਰੇ  ਜਦੋਂ ਹਿਮਾਚਲ ਦੇ ਪੁਲਸ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਅਜਿਹੀਆਂ  ਪਾਰਟੀਆਂ ਬਾਰੇ  ਜਦੋਂ ਉਨ੍ਹਾਂ ਨੂੰ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਨ੍ਹਾਂ ਵਲੋਂ  ਕਾਰਵਾਈ ਕੀਤੀ ਜਾਂਦੀ ਹੈ ਅਤੇ ਅਜਿਹੀਆਂ ਪਾਰਟੀਆਂ ਵਿਚ ਛਾਪੇਮਾਰੀ ਕਰ ਕੇ ਪੁਲਸ ਨੇ ਐੱਲ.  ਐੱਸ. ਡੀ. ਵਰਗੇ ਡਰੱਗ ਵੀ ਬਰਾਮਦ ਕੀਤੇ ਹਨ। ਪੁਲਸ ਦਾ ਕਹਿਣਾ ਹੈ ਕਿ ਜਿੰਨੀ  ਜ਼ਿੰਮੇਵਾਰੀ ਪੁਲਸ ਦੀ ਬਣਦੀ ਹੈ, ਓਨਾ ਹੀ ਪਰਲਟਨ ਵਿਭਾਗ ਦੀ ਵੀ ਬਣਦੀ ਹੈ।
 


Related News