ਮੋਹਨ ਭਾਗਵਤ ਦੇ ਜਾਤੀ ਸੰਬੰਧੀ ਬਿਆਨ 'ਤੇ RSS ਦੀ ਪ੍ਰਤੀਕਿਰਿਆ ਆਈ ਸਾਹਮਣੇ

Tuesday, Feb 07, 2023 - 12:06 PM (IST)

ਮੋਹਨ ਭਾਗਵਤ ਦੇ ਜਾਤੀ ਸੰਬੰਧੀ ਬਿਆਨ 'ਤੇ RSS ਦੀ ਪ੍ਰਤੀਕਿਰਿਆ ਆਈ ਸਾਹਮਣੇ

ਨਵੀਂ ਦਿੱਲੀ- ਮੁੰਬਈ 'ਚ ਐਤਵਾਰ ਨੂੰ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਮੁਖੀ ਮੋਹਨ ਭਾਗਵਤ ਵਲੋਂ ਦਿੱਤੇ ਗਏ ਬਿਆਨ 'ਤੇ ਵਿਵਾਦ ਵਧਣ ਤੋਂ ਬਾਅਦ ਆਰ.ਐੱਸ.ਐੱਸ. ਨੇ ਆਪਣੀ ਸਫ਼ਾਈ ਦਿੱਤੀ ਹੈ। ਭਾਗਵਤ ਨੇ ਕਿਹਾ ਸੀ ਕਿ ਜਾਤੀ ਪਰਮਾਤਮਾ ਨੇ ਨਹੀਂ ਬਣਾਈ ਹੈ, ਸਗੋਂ ਇਹ ਪੰਡਿਤਾਂ ਵਲੋਂ ਬਣਾਈ ਗਈ ਹੈ। ਇਸ 'ਤੇ ਸੰਘ ਨੇ ਸੋਮਵਾਰ ਨੂੰ ਸਾਫ਼ ਕੀਤਾ ਕਿ ਭਾਗਵਤ ਨੇ ਜਿਸ ਪੰਡਿਤ ਸ਼ਬਦ ਦਾ ਇਸਤੇਮਾਲ ਕੀਤਾ ਸੀ, ਉਸ ਦਾ ਮਤਲਬ ਬੁੱਧੀਜੀਵੀਆਂ ਨਾਲ ਹੈ, ਨਾ ਕਿ ਬ੍ਰਾਹਮਣਾਂ ਨਾਲ। ਆਰ.ਐੱਸ.ਐੱਸ. ਦੇ ਪ੍ਰਚਾਰ ਇੰਚਾਰਜ ਸੁਨੀਲ ਆਂਬੇਕਰ ਨੇ ਦੱਸਿਆ ਕਿ ਸਰਸੰਘਚਾਲਕ ਮਰਾਠੀ 'ਚ ਬੋਲ ਰਹੇ ਸਨ। ਮਰਾਠੀ 'ਚ ਪੰਡਿਤ ਦਾ ਅਰਥ ਬੁੱਧੀਜੀਵੀ ਹੁੰਦਾ ਹੈ। 

ਇਹ ਵੀ ਪੜ੍ਹੋ : ਜਾਤ ਪਰਮਾਤਮਾ ਨੇ ਨਹੀਂ, ਪੰਡਿਤਾਂ ਨੇ ਬਣਾਈ : ਮੋਹਨ ਭਾਗਵਤ

ਇਸ ਨਿਊਜ਼ ਚੈਨਲ ਦੀ ਖ਼ਬਰ ਅਨੁਸਾਰ ਸੁਨੀਲ ਆਂਬੇਕਰ ਨੇ ਕਿਹਾ ਕਿ ਸਰਸੰਘਚਾਲਕ ਹਮੇਸ਼ਾ ਸਮਾਜਿਕ ਸਦਭਾਵਨਾ ਦੀ ਗੱਲ ਕਰਦੇ ਹਨ। ਉਹ ਸੰਤ ਰਵਿਦਾਸ ਦੇ ਅਨੁਭਵ ਦੀ ਗੱਲ ਕਰ ਰਹੇ ਸਨ। ਕੋਈ ਵੀ ਇਸ ਨੂੰ ਗਲਤ ਸੰਦਰਭ 'ਚ ਨਾ ਲਵੇ ਅਤੇ ਸਮਾਜਿਕ ਸਦਭਾਵਨਾ ਨੂੰ ਠੇਸ ਨਾ ਪਹੁੰਚਾਏ। ਆਰ.ਐੱਸ.ਐੱਸ. ਨੇ ਹਮੇਸ਼ਾ ਛੂਤਛਾਤ ਖ਼ਿਲਾਫ਼ ਗੱਲ ਕੀਤੀ ਹੈ ਅਤੇ ਸਾਰੀਆਂ ਸਮਾਜਿਕ ਵੰਡਾਂ ਦਾ ਵਿਰੋਧ ਕੀਤਾ ਹੈ। ਦੱਸਣਯੋਗ ਹੈ ਕਿ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਸੀ ਕਿ ਜਾਤ ਪਰਮਾਤਮਾ ਨੇ ਨਹੀਂ ਪੰਡਿਤਾਂ ਨੇ ਬਣਾਈ ਹੈ। ਰੱਬ ਲਈ ਅਸੀਂ ਸਾਰੇ ਇਕ ਹਾਂ। ਸਾਡੇ ਸਮਾਜ ਵਿਚ ਵੰਡੀਆਂ ਪਾ ਕੇ ਪਹਿਲਾਂ ਦੇਸ਼ ’ਤੇ ਹਮਲੇ ਹੋਏ, ਫਿਰ ਬਾਹਰੋਂ ਆਏ ਲੋਕਾਂ ਨੇ ਫਾਇਦਾ ਉਠਾਇਆ। 

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News